ਦੇਖਣ ਵਾਲੇ ਹੋਣਗੇ ਈਰਾਨ ਤੇ ਕੁਰਾਕਾਓ ਦੇ ਜਲਵੇ

0
2

11 ਜੂਨ ਤੋਂ ਅਮਰੀਕਾ, ਕੈਨੇਡਾ ਤੇ ਮੈਕਸੀਕੋ ਵਿੱਚ ਹੋਣ ਵਾਲੇ 48 ਟੀਮਾਂ ਦੇ ਵਿਸ਼ਵ ਫੁੱਟਬਾਲ ਕੱਪ ਟੂਰਨਾਮੈਂਟ ਵਿੱਚ ਹਮੇਸ਼ਾ ਵਾਂਗ ਅਰਜਨਟੀਨਾ, ਬ੍ਰਾਜ਼ੀਲ, ਜਰਮਨੀ ਤੇ ਫਰਾਂਸ ਵਰਗੀਆਂ ਟੀਮਾਂ ਦੇ ਜਿੱਤਣ ਦੀ ਚਰਚਾ ਤਾਂ ਹਰ ਫੁੱਟਬਾਲ ਦੀਵਾਨੇ ਦੀ ਜ਼ੁਬਾਨ ‘ਤੇ ਹੋਵੇਗੀ, ਪਰ ਅਜਿਹੀਆਂ ਦੋ ਹੋਰ ਟੀਮਾਂ ਵੀ ਹਨ, ਜਿਹੜੀਆਂ ਧਿਆਨ ਖਿੱਚ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਈਰਾਨ ਦੀ ਟੀਮ ਤੇ ਦੂਜੀ ਹੈ ਕੁਰਾਕਾਓ ਦੀ।
ਅਮਰੀਕਾ ਨਾਲ ਜੰਗ ਵਿੱਚ ਉਲਝੇ ਈਰਾਨ ਦੀ ਟੀਮ ਨੂੰ ਬੁੱਧਵਾਰ ਰਾਜਧਾਨੀ ਤਹਿਰਾਨ ਦੇ ਇਨਕਲਾਬ ਚੌਕ ਵਿੱਚ ਹਜ਼ਾਰਾਂ ਲੋਕਾਂ ਨੇ ਅਮਰੀਕਾ ਵੱਲ ਰਵਾਨਾ ਕੀਤਾ। ਅਮਰੀਕਾ ਜਾਂਦਿਆਂ ਟੀਮ ਤੁਰਕੀ ‘ਚ ਕੈਂਪ ਕਰੇਗੀ। ਉੱਥੇ 29 ਮਈ ਨੂੰ ਅੰਤਾਲਿਆ ਵਿੱਚ ਗੈਂਬੀਆ ਨਾਲ ਪ੍ਰੈਕਟਿਸ ਮੈਚ ਖੇਡੇਗੀ। ਫੁੱਟਬਾਲ ਫੈਡਰੇਸ਼ਨ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਪ੍ਰਧਾਨ ਮਹਿਦੀ ਤਾਜ ਨੇ ਦੱਸਿਆ ਕਿ ਪਿਛਲੀਆਂ ਚਾਰ ਵਿਸ਼ਵ ਕੱਪ ਮੁਹਿੰਮਾਂ ਵਿੱਚ ਟੀਮ ਦੀ ਇਹ ਸਭ ਤੋਂ ਵਧੀਆ ਵਿਦਾਇਗੀ ਰਹੀ।”ਨਤੀਜਾ ਜੋ ਵੀ ਹੋਵੇ, ਲੋਕਾਂ ਨੇ ਇੱਛਾ ਪ੍ਰਗਟਾਈ ਕਿ ਈਰਾਨ ਦਾ ਝੰਡਾ ਉੱਥੇ ਬੁਲੰਦ ਹੋਵੇ। ਈਰਾਨ ਗਰੁੱਪ-ਜੀ ਵਿੱਚ 15 ਜੂਨ ਨੂੰ ਲਾਸ ਏਂਜਲਸ ‘ਚ ਪਹਿਲਾ ਮੈਚ ਨਿਊ ਜ਼ੀਲੈਂਡ ਵਿਰੁੱਧ ਖੇਡੇਗਾ। ਉਸ ਦੇ ਗਰੁੱਪ ਦੀਆਂ ਦੂਜੀਆਂ ਟੀਮਾਂ ਬੈਲਜੀਅਮ ਅਤੇ ਮਿਸਰ ਹਨ।
ਕਰੀਬ ਡੇਢ ਲੱਖ ਦੀ ਆਬਾਦੀ ਤੇ ਸਿਰਫ 171 ਵਰਗ ਵਾਲਾ ਕੈਰੇਬੀਅਨ ਟਾਪੂ ਕੁਰਾਕਾਓ ਫੀਫਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲਾ ਹੁਣ ਤੱਕ ਦਾ ਸਭ ਤੋਂ ਛੋਟਾ ਦੇਸ਼ ਬਣ ਜਾਵੇਗਾ। ਉਸ ਤੋਂ ਪਹਿਲਾਂ 2018 ਵਿੱਚ ਕਰੀਬ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਆਈਸਲੈਂਡ ਨੇ ਕੁਆਲੀਫਾਈ ਕੀਤਾ ਸੀ। ਨੀਦਰਲੈਂਡਜ਼ ਦੀ ਸਲਤਨਤ ਅੰਦਰ ਇੱਕ ਸਵੈ-ਸ਼ਾਸਨ ਵਾਲੇ ਟਾਪੂ ਕੁਰਾਕਾਓ ਦਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਇੱਕ ਪਰੀ ਕਹਾਣੀ ਵਰਗਾ ਹੈ। ਉਸ ਨੇ 2014 ਵਿੱਚ ਬ੍ਰਾਜ਼ੀਲ ‘ਚ ਹੋਏ ਵਿਸ਼ਵ ਕੱਪ ਤੋਂ ਪਹਿਲਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਉਸ ਦੇ ਬਹੁਤੇ ਖਿਡਾਰੀ ਨੀਦਰਲੈਂਡਜ਼ ਦੀਆਂ ਕਲੱਬਾਂ ਵਿੱਚ ਖੇਡਦੇ ਹਨ, ਪਰ ਵਿਰਸੇ ਨਾਲ ਜੁੜੇ ਹੋਏ ਹਨ। ਉਸ ਨੇ 2022 ਵਿੱਚ ਕਤਰ ‘ਚ ਹੋਏ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਜਾਣਾ ਸੀ, ਜੇ ਕੁਆਲੀਫਿਕੇਸ਼ਨ ਦੇ ਦੂਜੇ ਗੇੜ ‘ਚ ਆਖਰੀ ਛਿਣਾਂ ਵਿੱਚ ਪਨਾਮਾ ਤੋਂ ਨਾ ਹਾਰਦਾ। 10 ਸਾਲ ਪਹਿਲਾਂ ਫੁੱਟਬਾਲ ਦੀ ਕੌਮਾਂਤਰੀ ਜਥੇਬੰਦੀ ਫੀਫਾ ਦੀ ਰੈਂਕਿੰਗ ਵਿੱਚ ਉਸ ਦਾ ਨੰਬਰ 150ਵਾਂ ਸੀ ਤੇ ਹੁਣ 82ਵੇਂ ਨੰਬਰ ‘ਤੇ ਹੈ। ਇਸ ਤੋਂ ਉਸ ਦੀ ਤਰੱਕੀ ਦਾ ਪਤਾ ਲਗਦਾ ਹੈ। ਉਸ ਨੇ ਪਹਿਲੇ ਵਿਸ਼ਵ ਕੱਪ ਟੂਰਨਾਮੈਂਟ ਦੀ ਟਿਕਟ ਹਾਸਲ ਕਰਨ ਲਈ ਦੋ ਚੁਣੌਤੀਪੂਰਨ ਕੁਆਲੀਫਿਕੇਸ਼ਨ ਗੇੜਾਂ ਦਾ ਸਾਹਮਣਾ ਕੀਤਾ। ਕਮਾਲ ਦਾ ਪ੍ਰਦਰਸ਼ਨ ਕਰਦਿਆਂ ਉਸ ਨੇ 10 ਮੈਚਾਂ ਵਿੱਚੋਂ ਸੱਤ ਜਿੱਤ ਕੇ ਤੇ ਤਿੰਨ ਬਰਾਬਰ ਖੇਡ ਕੇ ਕੁਆਲੀਫਾਈ ਕੀਤਾ। ਵਿਸ਼ਵ ਕੱਪ ਵਿੱਚ ਉਹ ਆਪਣੀ ਮੁਹਿੰਮ ਦੀ ਸ਼ੁਰੂਆਤ ਗਰੁੱਪ-ਈ ‘ਚ 14 ਜੂਨ ਨੂੰ ਜਰਮਨੀ ਖਿਲਾਫ ਮੈਚ ਖੇਡ ਕੇ ਕਰੇਗਾ। ਉਸ ਦੇ ਗਰੁੱਪ ਵਿੱਚ ਦੂਜੀਆਂ ਟੀਮਾਂ ਇਕੁਆਡੋਰ ਤੇ ਆਈਵਰੀ ਕੋਸਟ ਦੀਆਂ ਹਨ। ਫੁੱਟਬਾਲ ਦੇ ਦੀਵਾਨੇ ਜਿੱਥੇ ਵੱਡੀਆਂ ਟੀਮਾਂ ਦੇ ਮੈਸੀ, ਯਾਮਲ ਤੇ ਕ੍ਰਿਸਟੀਨੋ ਰੋਨਾਲਡੋ ਵਰਗਿਆਂ ਦੀ ਖੇਡ ਦੇਖਣਗੇ, ਉੱਥੇ ਈਰਾਨੀਆਂ ਦਾ ਜਜ਼ਬਾ ਤੇ ਕੁਰਾਕਾਓ ਦੀ ਅਸੰਭਵ ਨੂੰ ਸੰਭਵ ਬਣਾ ਦੇਣ ਵਾਲੀ ਇੱਛਾ-ਸ਼ਕਤੀ ਦੇ ਵੀ ਦਰਸ਼ਨ ਕਰਨਗੇ। ਵਿਸ਼ਵ ਕੱਪ ਫੁੱਟਬਾਲ ਜਾਣਿਆ ਵੀ ਅਜਿਹੇ ਕੌਤਕਾਂ ਲਈ ਹੀ ਜਾਂਦਾ ਹੈ।