ਨੀਟ-ਯੂ ਜੀ ਦੀ ਮੁੜ ਪ੍ਰੀਖਿਆ ਮਿਤੀ ਦਾ ਐਲਾਨ

0
15

ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਫੈਸਲਾ ਕੀਤਾ ਹੈ ਕਿ ਦੇਸ਼ ਭਰ ਵਿੱਚ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂ ਜੀ ਹੁਣ 21 ਜੂਨ ਨੂੰ ਦੁਬਾਰਾ ਕਰਵਾਈ ਜਾਵੇਗੀ। ਇਹ ਫੈਸਲਾ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਤੋਂ ਬਾਅਦ ਸਪੱਸ਼ਟਤਾ ਅਤੇ ਜਵਾਬਦੇਹੀ ਦੀ ਮੰਗ ਕਰ ਰਹੇ ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਨਾਲ ਜੁੜੇ ਵਿਅਕਤੀਆਂ ਦੇ ਵਧਦੇ ਦਬਾਅ ਦਰਮਿਆਨ ਲਿਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਮੁੜ ਪ੍ਰੀਖਿਆ ਕਥਿਤ ਪੇਪਰ ਲੀਕ ਤੋਂ ਪ੍ਰਭਾਵਿਤ ਉਮੀਦਵਾਰਾਂ ਲਈ ਕਰਵਾਈ ਜਾਵੇਗੀ। ਯੋਗਤਾ, ਕੇਂਦਰਾਂ ਦੀ ਵੰਡ ਅਤੇ ਐਡਮਿਟ ਕਾਰਡਾਂ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਤਿੰਨ ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼
ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ ਤੋਂ ਤਿੰਨ ਵਿਚਾਰ ਅਧੀਨ (ਹਵਾਲਾਤੀ) ਕੈਦੀਆਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿੱਚ ਰਾਹੁਲ ਪੁੱਤਰ ਗਿਰਵਰ ਦਿਆਲ, ਵਿਕਰਮ ਸਿੰਘ ਪੁੱਤਰ ਪ੍ਰੇਮ ਸਿੰਘ ਤੇ ਕਰਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਸ਼ਾਮਲ ਹਨ। ਪਤਾ ਲੱਗਾ ਹੈ ਕਿ ਚਾਦਰਾਂ ਆਦਿ ਦੀ ਰੱਸੀ ਬਣਾ ਕੇ ਉਹ ਜੇਲ੍ਹ ਦੇ ਬਿਲਕੁਲ ਨਾਲ ਲੱਗਦੇ ਜੇਲ੍ਹ ਟਰੇਨਿੰਗ ਸਕੂਲ ਵਾਲੇ ਪਾਸੇ ਉੱਤਰ ਗਏ ਸਨ, ਪਰੰਤੂ ਜਲਦੀ ਹੀ ਪਤਾ ਲੱਗ ਜਾਣ ਕਰਕੇ ਉਨ੍ਹਾਂ ਨੂੰ ਦਬੋਚ ਲਿਆ ਗਿਆ।
ਜਲੰਧਰ ਧਮਾਕੇ ਮਾਮਲੇ ‘ਚ ਦੋ ਕਾਬੂ
ਜਲੰਧਰ : ਸਥਾਨਕ ਬੀ ਐੱਸ ਐੱਫ ਹੈੱਡਕੁਆਰਟਰ ਦੇ ਅੱਗੇ ਬੰਬ ਧਮਾਕਾ ਕਰਨ ਵਾਲੇ ਦੋ ਵਿਅਕਤੀ ਮਦੀਰ ਖਾਨ ਅਤੇ ਅਨਿਲ ਸ਼ਰਮਾ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਵੱਲੋਂ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਧਮਾਕਾ ਕਰਨ ਵਾਲੇ ਵਿਅਕਤੀ ਦਾ ਪਾਕਿਸਤਾਨ ਬੈਠੇ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸੰਪਰਕ ਸੀ। ਬੰਬ ਧਮਾਕੇ ਬਦਲੇ ਉਸ ਨੇ ਮਦੀਰ ਖਾਨ ਨੂੰ ਇਕ ਲੱਖ ਰੁਪਏ ਦੇਣ ਦਾ ਲਾਲਚ ਦਿੱਤਾ ਸੀ, ਜਦੋਂ ਕਿ ਮੁਨੀਰ ਖਾਨ ਦਸਵੀਂ ਫੇਲ੍ਹ ਹੈ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਦੇ ਡਾਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਰਹਿੰਦਾ ਸੀ। ਭੱਟੀ ਨੇ ਉਸ ਨੂੰ ਜਿਹਾਦ ਦੇ ਨਾਂਅ ‘ਤੇ ਉਕਸਾਇਆ ਅਤੇ ਲਾਲਚ ਦੇ ਕੇ ਧਮਾਕਾ ਕਰਵਾਇਆ ਸੀ। ਦੂਸਰਾ ਵਿਅਕਤੀ ਅਨਿਲ ਸ਼ਰਮਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਦਾ ਰਹਿਣ ਵਾਲਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਸੁਰੱਖਿਆ ਏਜੰਸੀਆਂ ਲਈ ਵੀ ਕੰਮ ਕਰਦਾ ਹੈ। ਉਸ ਨੇ ਮੰਨਿਆ ਕਿ ਧਮਾਕੇ ਦੀ ਜਾਣਕਾਰੀ ਉਹਨਾਂ ਸੁਰੱਖਿਆ ਏਜੰਸੀਆਂ ਨਾਲ ਸਾਂਝੀ ਕੀਤੀ ਸੀ। ਧਮਾਕੇ ਤੋਂ ਬਾਅਦ ਉਹ ਬੱਸ ਵਿੱਚ ਬੈਠ ਕੇ ਫਰਾਰ ਹੋ ਗਿਆ ਸੀ।