ਮਾਨਸਾ (ਰੀਤਵਾਲ)
ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਤੇ ਸ਼ਾਰਪ ਸ਼ੂਟਰ ਦੀਪਕ ਟੀਨੂੰ ਐਤਵਾਰ ਵੱਡੇ ਤੜਕੇ ਤਿੰਨ ਵਜੇ ਮਾਨਸਾ ਸੀ ਆਈ ਏ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ। ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਜ਼ਦੀਕੀ ਹੈ।
ਡੀ ਜੀ ਪੀ ਗੌਰਵ ਯਾਦਵ ਨੇ ਕਿਹਾ ਕਿ ਮਾਨਸਾ ਦੇ ਸੀ ਆਈ ਏ ਇੰਚਾਰਜ ਪਿ੍ਰਤਪਾਲ ਸਿੰਘ ਨੂੰ ਗਿ੍ਰਫ਼ਤਾਰ ਕਰਕੇ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਨੂੰ ਧਾਰਾ-311 ਤਹਿਤ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਉਸ ਵਿਰੁੱਧ ਧਾਰਾ 222, 224, 225-ਏ, 120-ਬੀ ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਖਬਰ ਹੈ ਕਿ ਪਿ੍ਰਤਪਾਲ ਸਿੰਘ ਉਸ ਨੂੰ ਆਪਣੀ ਨਿੱਜੀ ਗੱਡੀ ਵਿਚ ਕਪੂਰਥਲਾ ਤੋਂ ਮਾਨਸਾ ਲਿਆ ਰਿਹਾ ਸੀ ਕਿ ਉਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਇਕ ਥਾਂ ਛਾਪਾ ਮਾਰਨ ਦਾ ਫੈਸਲਾ ਕੀਤਾ। ਕਪੂਰਥਲਾ ਤੇ ਮਾਨਸਾ ਵਿਚਾਲੇ ਕਰੀਬ 200 ਕਿੱਲੋਮੀਟਰ ਦਾ ਫਾਸਲਾ ਹੈ ਤੇ ਏਨੇ ਲੰਮੇ ਸਫਰ ਵਿਚ ਪਿ੍ਰਤਪਾਲ ਨੇ ਉਸ ਨੂੰ ਹਥਕੜੀ ਵੀ ਨਹੀਂ ਲਾਈ ਸੀ।
ਕੁਝ ਦਿਨ ਪਹਿਲਾਂ ਉਸ ਨੂੰ ਮਾਨਸਾ ਪੁਲਸ ਵੱਲੋਂ ਇੱਕ ਵੱਖਰੇ ਕੇਸ ’ਚ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਟੀਨੂੰ, ਮੂਸੇਵਾਲਾ ਕਤਲ ਕੇਸ ’ਚ ਚਾਰਜਸ਼ੀਟ ਕੀਤੇ 24 ਮੁਲਜ਼ਮਾਂ ਵਿੱਚੋਂ ਇੱਕ ਹੈ। 4 ਜੁਲਾਈ ਨੂੰ ਪੰਜਾਬ ਪੁਲਸ ਟੀਨੂੰ ਨੂੰ ਮੂਸੇਵਾਲਾ ਕਤਲ ਕੇਸ ’ਚ ਗਿ੍ਰਫਤਾਰ ਕਰਨ ਤੋਂ ਬਾਅਦ ਪ੍ਰੋਡਕਸ਼ਨ ਵਾਰੰਟਾਂ ’ਤੇ ਤਿਹਾੜ ਜੇਲ੍ਹ ਤੋਂ ਲੈ ਕੇ ਆਈ ਸੀ। ਮਾਨਸਾ ਪੁਲਸ ਵੱਲੋਂ ਦਾਇਰ ਚਾਰਜਸ਼ੀਟ ਅਨੁਸਾਰ ਟੀਨੂੰ ਗੈਂਗਸਟਰਾਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਹੈ ਅਤੇ ਉਹ ਵੱਖ-ਵੱਖ ਜੇਲ੍ਹਾਂ ’ਚ ਉਨ੍ਹਾਂ ਨਾਲ ਬੰਦ ਰਿਹਾ ਸੀ। ਪਿਛਲੇ ਮਹੀਨੇ ਜੇਲ੍ਹ ’ਚ ਉਸ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਸੀ। ਮੋਬਾਇਲ ਫੋਨ ਬਰਾਮਦ ਹੋਣ ਤੋਂ ਕਰੀਬ ਤਿੰਨ ਹਫਤੇ ਬਾਅਦ ਉਹ ਪੁਲਸ ਹਿਰਾਸਤ ਵਿੱਚੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ । ਟੀਨੂੰ 2017 ’ਚ ਵੀ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਉਸ ਨੂੰ ਦਸੰਬਰ ’ਚ ਭਿਵਾਨੀ ਪੁਲਸ ਨੇ ਬੇਂਗਲੁਰੂ ਤੋਂ ਗਿ੍ਰਫਤਾਰ ਕੀਤਾ ਸੀ।
ਟੀਨੂੰ ਦੇ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਪੁਲਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਦੀਪਕ ਨੂੰ ਕੁਝ ਹੋ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ। ਗੈਂਗ ਨੇ ਕਿਹਾ ਹੈ ਕਿ ਉਹ ਪਹਿਲਾਂ ਹੀ ਬਹੁਤ ਕੁਝ ਸਹਿ ਚੁੱਕਿਆ ਹੈ ਤੇ ਹੁਣ ਹੋਰ ਕੁਝ ਵੀ ਸਹਿਣ ਨਹੀਂ ਕੀਤਾ ਜਾਵੇਗਾ।
ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੰਜਾਬ ਸਰਕਾਰ ’ਤੇ ਗੈਂਗਸਟਰਾਂ ਨੂੰ ਜੇਲ੍ਹ ਦੀਆਂ ਕੋਠੜੀਆਂ ’ਚ ਸਹੂਲਤਾਂ ਦੇਣ ਦਾ ਦੋਸ਼ ਲਗਾਇਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ, ਕਿਉਂਕਿ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ਜੇਲ੍ਹ ਦੀਆਂ ਕੋਠੜੀਆਂ ਅੰਦਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹ ਸਿਰਫ ਆਮ ਲੋਕ ਹਨ, ਜੋ ਔਖੇ ਸਮੇਂ ’ਚ ਪਰਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾ ਐਲਾਨ ਕੀਤਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਸੂਬੇ ਭਰ ’ਚ ਕੈਂਡਲ ਮਾਰਚ ਕੱਢਣਗੇ। ਇਸ ਬਾਰੇ ਜਲਦੀ ਵਟਸਐਪ ਨੰਬਰ ਜਾਰੀ ਕੀਤਾ ਜਾਵੇਗਾ, ਜਿਹੜੇ ਲੋਕ ਆਪਣੇ ਇਲਾਕਿਆਂ ’ਚ ਅਜਿਹੇ ਮਾਰਚ ਕੱਢਣਾ ਚਾਹੁੰਦੇ ਹਨ, ਉਹ ਇਸ ਨੰਬਰ ’ਤੇ ਸੰਪਰਕ ਕਰ ਸਕਦੇ ਹਨ।