ਜਕਾਰਤਾ : ਇੰਡੋਨੇਸ਼ੀਆ ’ਚ ਫੁੱਟਬਾਲ ਮੈਚ ਦੌਰਾਨ ਹੋਏ ਝਗੜੇ ਤੋਂ ਬਾਅਦ ਦੰਗਿਆਂ ਤੇ ਭਗਦੜ ਕਾਰਨ 174 ਵਿਅਕਤੀਆਂ ਦੀ ਮੌਤ ਹੋ ਗਈ ਤੇ 180 ਤੋਂ ਵੱਧ ਜ਼ਖਮੀ ਹੋ ਗਏ। ਮਰਨ ਵਾਲਿਆਂ ’ਚ ਬੱਚੇ ਤੇ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ। ਫੁੱਟਬਾਲ ਮੈਚ ਪੂਰਬੀ ਜਾਵਾ ਸੂਬੇ ਦੇ ਸ਼ਹਿਰ ਮਲੰਗ ਦੇ ਕੰਜੂਰੂਹਾਨ ਸਟੇਡੀਅਮ ਵਿਚ ਹੋ ਰਿਹਾ ਸੀ।
ਮੁੁਕਾਬਲਾ ਕੱਟੜ ਵਿਰੋਧੀ ਅਰੇਮਾ ਐੱਫ ਸੀ (ਫੁੱਟਬਾਲ ਕਲੱਬ) ਤੇ ਪਰਸੇਬਾਯਾ ਸੁਰਾਬਾਯਾ ਟੀਮਾਂ ਵਿਚਾਲੇ ਸੀ। ਅਰੇਮਾ ਦੇ 3-2 ਨਾਲ ਹਾਰਨ ਤੋਂ ਬਾਅਦ ਉਸ ਦੇ ਪ੍ਰਸੰਸਕ ਮੈਦਾਨ ਵਿਚ ਆ ਗਏ। ਉਨ੍ਹਾਂ ਨੂੰ ਕੰਟਰੋਲ ਕਰਨ ਲਈ ਪੁਲਸ ਨੇ ਹੰਝੂ ਗੈਸ ਛੱਡੀ ਤਾਂ ਅਫਰਾ-ਤਫਰੀ ਫੈਲ ਗਈ। ਪੁਲਸ ਮੁਤਾਬਕ 42 ਹਜ਼ਾਰ ਦੀ ਸਮਰੱਥਾ ਵਾਲਾ ਸਟੇਡੀਅਮ ਨੱਕੋ-ਨੱਕ ਭਰਿਆ ਹੋਇਆ ਸੀ ਤੇ ਕਰੀਬ ਤਿੰਨ ਹਜ਼ਾਰ ਲੋਕ ਮੈਦਾਨ ਵਿਚ ਆ ਗਏ ਸਨ। ਦਰਸ਼ਕਾਂ ਨੇ ਬਾਹਰ ਆ ਕੇ ਪੁਲਸ ਵਾਹਨਾਂ ਸਣੇ 13 ਵਾਹਨਾਂ ਨੂੰ ਭੰਨ-ਤੋੜ ਦਿੱਤਾ ਜਾਂ ਅੱਗ ਲਾ ਦਿੱਤੀ।





