ਪਾਵਰ ਮੈਨੇਜਮੈਂਟ ਦੀ ਵਾਅਦਾ-ਖਿਲਾਫੀ ਵਿਰੁੱਧ ਬਿਜਲੀ ਕਾਮੇ ਮੁੜ ਸੰਘਰਸ਼ ਦੇ ਰਾਹ ‘ਤੇ

0
8

ਲੁਧਿਆਣਾ : ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ ਐੱਸ ਈ ਬੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ ਰਜਿ 24, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਤ ਏਟਕ), ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਗੁਰਭੇਜ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿੱਚ ਬਿਜਲੀ ਮੁਲਾਜ਼ਮਾਂ ਦੇ ਵਿੱਤੀ ਮਸਲੇ ਜਿਵੇਂ ਕਿ 17-07-20 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਮਿਤੀ 17-11-21 ਤੋਂ ਬਾਅਦ ਤਰੱਕੀ ਹੋਏ ਕਰਮਚਾਰੀਆਂ ਨੂੰ ਪੇ ਬੈਂਡ ਦਾ ਲਾਭ ਦੇਣ , ਜੇ ਈ ਕੈਟਾਗਰੀ ਉਪਰ ਵਿੱਤ ਸਰਕੂਲਰ 10/16 ਲਾਗੂ ਕਰਨ, ਗਰੁੱਪ ਨੰ: 13 ਅਤੇ ਅਗਲੇ ਗਰੁੱਪਾਂ ਦੀਆਂ ਕੈਟਾਗਰੀਆਂ ਦੀ ਮੁੱਢਲੀ ਤਨਖਾਹ ਆਦਿ ਮਸਲਿਆਂ ਸਬੰਧੀ ਤੁਰੰਤ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ ਦੀ ਬਣੀ ਸਹਿਮਤੀ ਲਾਗੂ ਨਾ ਕਰਨ ਲਈ ਪਾਵਰ ਮੈਨੇਜਮੈਂਟ ਦੀ ਜ਼ੋਰਦਾਰ ਨਿੰਦਾ ਕੀਤੀ ਗਈ । ਸੋਲੇਸ਼ੀਅਮ ਪਾਲਿਸੀ ਵਾਲੇ ਕੇਸ ਵਿੱਚ ਲਗਾਇਆ 12 ਪ੍ਰਤੀਸ਼ਤ ਵਿਆਜ਼ ਮੁਆਫ ਕਰਨ ਅਤੇ ਪਾਲਿਸੀ ਨਾਲ ਸਬੰਧਤ ਹੋਰ ਮਸਲੇ 15 ਮਈ ਤੱਕ ਕੈਬਨਿਟ ਤੋਂ ਪਾਸ ਕਰਵਾਉਣ ਦੀ ਹੋਈ ਸਹਿਮਤੀ ਲਾਗੂ ਨਾ ਕਰਨ ਅਤੇ ਹੋਰ ਅਹਿਮ ਮੰਗਾਂ ਜਿਵੇਂ ਕਿ ਨਵੀਂ ਭਰਤੀ, ਗਰਿੱਡ ਸਟਾਫ ਨਾਲ ਸੰਬੰਧਤ ਮਸਲੇ, ਕੰਟਰੈਕਟ ਪੀਰੀਅਡ ਦਾ ਸੇਵਾ ਲਾਭ, ਦਰਜਾ ਚਾਰ ਤੋਂ ਕਲਰਕ ਦੀ ਤਰੱਕੀ ਸਮੇਤ ਸਾਰੀਆਂ ਕੈਟੇਗਰੀਆਂ ਦੀਆਂ ਤਰੱਕੀਆਂ ਸਮੇਤ ਹੋਰ ਮਸਲੇ 15 ਮਈ ਤੱਕ ਹੱਲ ਕਰਨ ਦੀ ਸਹਿਮਤੀ ਲਾਗੂ ਨਾ ਕਰਨ ਸਮੇਤ 30 ਮਈ ਦੀ ਮੀਟਿੰਗ ਦੇ ਮਿੰਟਸ ਜਾਰੀ ਨਾ ਕਰਨ ਵਿਰੁੱਧ 20 ਮਈ ਤੱਕ ਮੁਲਤਵੀ ਕੀਤਾ ਸੰਘਰਸ਼ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਸਾਂਝੇ ਥੜ੍ਹਿਆਂ ਦੇ ਸਕੱਤਰ ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਤੋਂ ਇਲਾਵਾ ਨਿਰਮਲ ਸਿੰਘ ਹੁਸ਼ਿਆਰਪੁਰ, ਰਵੇਲ ਸਿੰਘ ਸਹਾਏਪੁਰ , ਦੇਵਿੰਦਰ ਸਿੰਘ ਪਿਸ਼ੌਰ, ਹਰਦੀਪ ਸਿੰਘ ਗਰੇਵਾਲ , ਜਸਵੀਰ ਸਿੰਘ ਆਂਡਲੂ, ਕੌਰ ਸਿੰਘ ਸੋਹੀ, ਹਰਵਿੰਦਰ ਸਿੰਘ, ਗੁਰਪਿਆਰ ਸਿੰਘ, ਗੁਰਤੇਜ ਸਿੰਘ ਪੱਖੋ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਪਵਨਪ੍ਰੀਤ ਸਿੰਘ ਆਦਿ ਨੇ ਕਿਹਾ ਕਿ 30 ਅਪਰੈਲ ਨੂੰ ਪਾਵਰ ਮੈਨੇਜਮੈਂਟ ਨਾਲ ਸੁਖਾਵੇਂ ਮਾਹੌਲ ਵਿੱਚ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਸਮੇਂ ਹੋਈਆਂ ਸਹਿਮਤੀਆਂ ਕਾਰਨ ਜਥੇਬੰਦੀਆਂ ਵੱਲੋਂ 20 ਮਈ ਤੱਕ ਵਰਕ ਟੂ ਰੂਲ ਅਤੇ ਬਿਜਲੀ ਮੰਤਰੀ ਸਮੇਤ ਪਾਵਰ ਮੈਨੇਜਮੈਂਟ ਦੇ ਘਿਰਾਓ ਦਾ ਸੰਘਰਸ਼ ਮੁਲਤਵੀ ਕੀਤਾ ਗਿਆ ਸੀ, ਪ੍ਰੰਤੂ ਹੁਣ ਤੱਕ ਪਾਵਰ ਮੈਨੇਜਮੈਂਟ ਵੱਲੋਂ ਮਿਥੇ ਸਮੇਂ ਅਨੁਸਾਰ ਨਾ ਤਾਂ ਮਿੰਟਸ ਆਫ ਮੀਟਿੰਗ ਜਾਰੀ ਕੀਤੇ ਗਏ ਹਨ ਅਤੇ ਨਾ ਹੀ ਹੋਈਆਂ ਸਹਿਮਤੀਆਂ ਲਾਗੂ ਕੀਤੀਆਂ ਗਈਆਂ ਹਨ, ਜਿਸ ਕਰਕੇ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਲਗਾ ਕੇ 16 ਅਤੇ 17 ਜੂਨ ਨੂੰ ਸੂਬਾ ਪੱਧਰੀ ਦੋ ਰੋਜ਼ਾ ਮੁਕੰਮਲ ਹੜਤਾਲ ਕਰਨ ਤੋਂ ਇਲਾਵਾ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਸਾਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕਰਨਗੇ।