ਨਵੀਂ ਦਿੱਲੀ (ਨ ਜ਼ ਸ)-ਆਮ ਆਦਮੀ ਪਾਰਟੀ ਦੇ ਗੋਆ ਵਿੱਚ ਸਹਿ-ਇੰਚਾਰਜ ਦੀਪਕ ਸਿੰਗਲਾ ਦੀ ਗ੍ਰਿਫ਼ਤਾਰੀ ‘ਤੇ ਭਾਜਪਾ ਖ਼ਿਲਾਫ਼ ਤਿੱਖਾ ਹਮਲਾ ਬੋਲਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੀਪਕ ਸਿੰਗਲਾ ਨੂੰ ਇਸ ਲਈ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਕਿ ਉਸ ਨੇ ਕੋਈ ਗ਼ਲਤ ਕੰਮ ਕੀਤਾ ਹੈ, ਸਗੋਂ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ, ਕਿਉਂਕਿ ਉਹ ਭਾਜਪਾ ਦੇ ਖ਼ਿਲਾਫ਼ ਕੰਮ ਕਰ ਰਿਹਾ ਸੀ ਅਤੇ ਉਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ। ਦੀਪਕ ਸਿੰਗਲਾ ਬਹਾਦਰ ਹੈ ਅਤੇ ਦੇਸ਼ ਲਈ ਲੜ ਰਿਹਾ ਹੈ। ਕੇਜਰੀਵਾਲ ਨੇ ਸੰਜੀਵ ਅਰੋੜਾ ਬਾਰੇ ਕਿਹਾ ਕਿ ਸੰਜੀਵ ਅਰੋੜਾ ਬਹੁਤ ਬਹਾਦਰ ਅਤੇ ਦੇਸ਼ ਭਗਤ ਹਨ। ਪੂਰੇ ਪੰਜਾਬ ਨੂੰ ਉਨ੍ਹਾ ‘ਤੇ ਮਾਣ ਹੈ।’ਆਪ’ ਦੇ ਗੋਆ ਇੰਚਾਰਜ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਨੀਟ ਦਾ ਪੇਪਰ ਲੀਕ ਹੋ ਰਿਹਾ ਹੈ, ਪੈਟਰੋਲ-ਡੀਜ਼ਲ ਅਤੇ ਸੀ ਐੱਨ ਜੀ ਦੀਆਂ ਕੀਮਤਾਂ ਰੋਜ਼ ਵਧ ਰਹੀਆਂ ਹਨ, ਰੁਪਿਆ ਡਾਲਰ ਦੇ ਮੁਕਾਬਲੇ ਡਿੱਗਦਾ ਜਾ ਰਿਹਾ ਹੈ, ਪਰ ਮੋਦੀ ਜੀ ਕੋਲ ਸਿਰਫ਼ ਇੱਕ ਹੀ ਕੰਮ ਹੈ—ਵਿਰੋਧੀ ਧਿਰ ਦੇ ਨੇਤਾਵਾਂ ‘ਤੇ ਝੂਠੇ ਕੇਸ ਪਾਉਣਾ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ। ਸੋਮਵਾਰ ਈ ਡੀ ਨੇ ਆਪ ਨੇਤਾ ਦੀਪਕ ਸਿੰਗਲਾ ਨੂੰ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਗੋਆ ਵਿੱਚ ਭਾਜਪਾ ਖਿਲਾਫ ਲੜਨ ਵਾਲਾ ਇੱਕ ਸੰਗਠਨ ਤਿਆਰ ਕਰ ਰਹੇ ਸਨ। ਮੇਰਾ ਮੋਦੀ ਜੀ ਨੂੰ ਕਹਿਣਾ ਹੈ ਕਿ ਤੁਸੀਂ ਚਾਹੇ ਸਾਡੀ ਪਾਰਟੀ ਦੇ ਕਿੰਨੇ ਵੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਵੋ, ਅਸੀਂ ਦੇਸ਼ ਦੇ ਹਿੱਤ ਲਈ ਕੰਮ ਕਰਦੇ ਰਹਾਂਗੇ।




