ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਵੱਲੋਂ ਲੜੀਵਾਰ ਧਰਨੇ ਆਰੰਭ

0
7

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰ ਪਾਲ/ਪੂਜਾ) ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ‘ਤੇ ਨਰੇਗਾ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੇ ਦਫਤਰ ਅੱਗੇ ਯੂਨੀਅਨ ਵੱਲੋਂ ਲੜੀਵਾਰ ਧਰਨੇ ਦਾ ਸੋਮਵਾਰ ਆਰੰਭ ਕੀਤਾ ਗਿਆ। ਹਰ ਰੋਜ਼ ਦੋ-ਦੋ ਪਿੰਡਾਂ ਵਿੱਚੋਂ ਨਰੇਗਾ ਕਾਮੇ ਇਸ ਧਰਨੇ ਵਿੱਚ ਬੈਠਿਆ ਕਰਨਗੇ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਣਾ, ਜਿਸਵਿੰਦਰ ਸਿੰਘ ਸਾਹਿਬ ਚੰਦ, ਸਰਜੀਤ ਸਿੰਘ ਛਤੇਆਣਾ ਨੇ ਕੀਤੀ। ਇਸ ਲੜੀਵਾਰ ਧਰਨੇ ਦਾ ਮਕਸਦ ਯੂਨੀਅਨ ਵੱਲੋਂ ਦਿੱਤੇ ਮੰਗ ਪੱਤਰਾਂ ਉੱਪਰ ਅਮਲ ਨਾ ਕਰਨ ਵਿਰੁੱਧ, ਨਰੇਗਾ ਕਾਮਿਆਂ ਦਾ ਗੁੱਸਾ ਜ਼ਾਹਰ ਕਰਨਾ ਹੈ। ਨਰੇਗਾ ਕਾਮਿਆਂ ਨੂੰ ਕੰਮ ਅਰਜ਼ੀਆਂ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾਂਦੀਆਂ, ਜਿੱਥੇ ਲੜ-ਭਿੜ ਕੇ ਰਸੀਦਾਂ ਲੈ ਲੈਂਦੇ ਹਨ, ਉਥੇ ਕੰਮ ਨਹੀਂ ਦਿੱਤਾ ਜਾਂਦਾ। ਜਦੋਂ ਨਰੇਗਾ ਕਾਮੇ ਕੰਮ ਨਹੀਂ ਤਾਂ ਭੱਤਾ ਦਿਓ ਦੀ ਮੰਗ ਕਰਦੇ ਹਨ ਤਾਂ ਕਿਹਾ ਜਾਂਦਾ ਹੈ ਭੱਤਾ ਹਾਲੇ ਕਿਤੇ ਵੀ ਨਹੀਂ ਮਿਲਦਾ ! ਯੂਨੀਅਨ ਨੇ ਫੈਸਲਾ ਕੀਤਾ ਹੈ ਲੜੀਵਾਰ ਧਰਨਾ ਓਨੀ ਦੇਰ ਜਾਰੀ ਰੱਖਿਆ ਜਾਵੇਗਾ, ਜਦੋਂ ਤੱਕ ਮਸਲੇ ਹੱਲ ਨਹੀਂ ਹੁੰਦੇ।
ਇਸ ਧਰਨੇ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ, ਪਾਰਟੀ ਨਰੇਗਾ ਕਾਮਿਆਂ ਦੀ ਹਰ ਮਦਦ ਕਰੇਗੀ। ਨਰੇਗਾ ਕਾਨੂੰਨ ਤੇ ਕਹਿੰਦਾ ਹੈ : ਨਰੇਗਾ ਕੰਮ ਮਿਲੇਗਾ ਜਾਂ ਭੱਤਾ ਗਰੰਟੀ ਮਿਲੇਗੀ, ਪਰ ਇੱਥੇ ਪ੍ਰਬੰਧਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਕੰਮ ਕਰਵਾ ਕੇ ਮਾਸਟਰੋਲ ਆਨ ਲਾਈਨ ਕਰਕੇ, ਪਿੱਛੋਂ ਮਾਸਟਰੋਲ ਜ਼ੀਰੋ ਕਰ ਦਿੱਤੇ ਜਾਂਦੇ ਹਨ। ਇਹ ਬਰਦਾਸ਼ਤ ਤੋਂ ਬਾਹਰ ਹੈ।ਯੂਨੀਅਨ ਦੀ ਇਹ ਮੰਗ ਬਿਲਕੁਲ ਜਾਇਜ਼ ਹੈ; ਜ਼ੀਰੋ ਕੀਤੇ ਮਾਸਟਰੋਲ ਬਹਾਲ ਕਰੋ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੋ ਤੇ ਨਰੇਗਾ ਕਾਮਿਆਂ ਨੂੰ ਉਜਰਤਾਂ ਦਾ ਭੁਗਤਾਨ ਕਰੋ।
ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ ਨੇ ਕਿਹਾ ਕਿ ਸਕਿਲਡ ਕਾਮਿਆਂ ਦੇ ਨਾਂਅ ‘ਤੇ ਜਾਲ੍ਹੀ ਬਿੱਲ ਪਾਏ ਜਾਂਦੇ ਹਨ ਅਤੇ ਜਿਨ੍ਹਾਂ ਤੋਂ ਕੰਮ ਕਰਾਇਆ ਜਾਂਦਾ ਹੈ, ਉਹਨਾਂ ਦੀ ਉਜਰਤ ਅਣ ਸਕਿਲਡ ਕਾਮਿਆਂ ਦੇ ਖਾਤੇ ਵਿੱਚੋਂ ਦਿੱਤੀ ਜਾਂਦੀ ਹੈ। ਯੂਨੀਅਨ ਇਹ ਕਦਾਚਿੱਤ ਬਰਦਾਸ਼ਤ ਨਹੀਂ ਕਰੇਗੀ। ਭਾਰਤ ਸਰਕਾਰ ਨਰੇਗਾ ਵਿਰੋਧੀ ਰੋਲ ਅਦਾ ਕਰ ਰਹੀ ਹੈ। ਉਸ ਨੇ ਅਜੇ ਤੱਕ ਇੱਕ ਅਪ੍ਰੈਲ ਤੋਂ ਜਾਰੀ ਹੋਣ ਵਾਲੀ ਉਜਰਤ ਰੇਟ ਲਿਸਟ ਜਾਰੀ ਨਹੀਂ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਉਜਰਤ ਰੇਟ ਲਿਸਟ ਜਾਰੀ ਕੀਤੀ ਜਾਏ ਅਤੇ ਪੰਜਾਬ ਵਿੱਚ 1 ਮਈ ਤੋਂ ਵਧਾਈਆਂ ਉਜਰਤਾਂ ਮੁਤਾਬਕ ਨਰੇਗਾ ਦਿਹਾੜੀ ਰੇਟ ਦਿੱਤਾ ਜਾਵੇ। ਯੂਨੀਅਨ ਨੇ ਕੰਮ 200 ਦਿਨ ਅਤੇ ਉਜਰਤ ਰੇਟ ਹਜ਼ਾਰ ਰੁਪਏ ਦਿਹਾੜੀ ਕਰਨ ਦੀ ਮੰਗ ਵੀ ਕੀਤੀ।ਇਸੇ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ, ਡਿਪਟੀ ਕਮਿਸ਼ਨਰ ਮੁਕਤਸਰ ਨੇ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਦਫਤਰ ਵਿੱਚ ਬੁਲਾਇਆ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਜਿਸਵਿੰਦਰ ਸਿੰਘ ਸਾਹਿਬ ਚੰਦ ਅਤੇ ਜ਼ਿਲ੍ਹਾ ਸਕੱਤਰ ਸੀ ਪੀ ਆਈ ਹਰਲਾਭ ਸਿੰਘ ਦੂਹੇਵਾਲੇ ਨੇ ਉਹਨਾਂ ਨਾਲ ਮੀਟਿੰਗ ਕੀਤੀ। ਉਹਨਾਂ ਨੂੰ ਨਰੇਗਾ ਕਾਮਿਆਂ ਦੀਆਂ ਮੰਗਾਂ ਬਾਰੇ ਜਾਣੂ ਕਰਾਇਆ ਅਤੇ ਇਤਰਾਜ਼ ਜਤਾਇਆ ਕਿ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾਂਦੀਆਂ।ਜਿਸ ਦੇ ਰੋਸ ਵਜੋਂ ਅਸੀਂ ਧਰਨੇ ‘ਤੇ ਬੈਠੇ ਆਂ। ਡਿਪਟੀ ਕਮਿਸ਼ਨਰ ਮੁਕਤਸਰ ਨੇ ਯੂਨੀਅਨ ਆਗੂਆਂ ਨੂੰ ਯਕੀਨ ਦਿਵਾਇਆ ਕਿ ਤੁਹਾਡੀਆਂ ਸਭ ਜਾਇਜ਼ ਮੰਗਾਂ ਪ੍ਰਵਾਨ ਹਨ, ਪਰ ਮੈਨੂੰ ਚੋਣਾਂ ਕਾਰਨ ਕੁਝ ਦਿਨ ਚਾਹੀਦੇ ਹਨ, ਪਰ ਮੈਂ ਹੁਣੇ ਹੁਕਮ ਦਿੰਨਾ ਕਿ ਤੁਹਾਡੇ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ। ਉਹਨਾਂ ਨਰੇਗਾ ਨੋਡਲ ਅਫਸਰ ਨੂੰ ਹਦਾਇਤ ਵੀ ਕੀਤੀ ਕਿ ਇਹਨਾਂ ਨਾਲ ਹਰ 15 ਦਿਨਾਂ ਵਿੱਚ ਮੀਟਿੰਗ ਕਰੋ ਅਤੇ ਮਸਲੇ ਹੱਲ ਕਰੋ। ਉਹਨਾਂ ਯੂਨੀਅਨ ਆਗੂਆਂ ਨਾਲ ਤਿੰਨ ਜੂਨ ਨੂੰ ਮੀਟਿੰਗ ਦਾ ਸਮਾਂ ਤੈਅ ਕੀਤਾ ਜਿਸ ਵਿੱਚ ਸਾਰੇ ਮਸਲੇ ਵਿਚਾਰੇ ਤੇ ਨਜਿੱਠੇ ਜਾਣਗੇ। ਯੂਨੀਅਨ ਆਗੂਆਂ ਨੇ ਵੀ ਸਹਿਮਤੀ ਦਿੱਤੀ ਅਤੇ ਮੀਟਿੰਗ 3 ਜੂਨ ਨੂੰ ਲਾਜ਼ਮੀ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਪੋਸਟਪੋਨ ਨਾ ਕੀਤੀ ਜਾਵੇ। ਯੂਨੀਅਨ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਸਾਰੀ ਜਾਣਕਾਰੀ ਦਿੱਤੀ ਅਤੇ ਇਹ ਐਲਾਨ ਕੀਤਾ ਕਿ ਜੇ ਤਿੰਨ ਜੂਨ ਨੂੰ ਮੀਟਿੰਗ ਵਿੱਚ ਮਸਲੇ ਹੱਲ ਨਹੀਂ ਹੁੰਦੇ ਤਾਂ ਚਾਰ ਜੂਨ ਤੋਂ ਲੜੀਵਾਰ ਨਰੇਗਾ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਬਿੰਦਰ ਸਿੰਘ ਖੂਨਣ ਕਲਾਂ, ਧਰਤੀ ਜੈਮਲ ਸਿੰਘ ਜਿਹੜੀ ਨੇ ਵੀ ਸੰਬੋਧਨ ਕੀਤਾ, ਸਰਜੀਤ ਸਿੰਘ ਛਤੇਆਣਾ ਨੇ ਸਾਰੇ ਧਰਨਾਕਾਰੀਆਂ ਦਾ ਧੰਨਵਾਦ ਕੀਤਾ ਅਤੇ ਫਿਲਹਾਲ ਲੜੀਵਾਰ ਧਰਨੇ ਨੂੰ 3 ਤਰੀਕ ਤੱਕ ਮੁਲਤਵੀ ਕਰ ਦਿੱਤਾ ਗਿਆ।