ਲੁਧਿਆਣਾ : 6 ਦਿਨ ਪਹਿਲਾਂ ਲੁਧਿਆਣਾ ਤੋਂ ਅਗਵਾ ਕੀਤੀ ਪੰਜਾਬੀ ਗਾਇਕਾ ਇੰਦਰ ਕੌਰ ਜਿਸ ਨੂੰ ਯਸ਼ਇੰਦਰ ਕੌਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ, ਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਵਾਰ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਮੋਗਾ ਦਾ ਇਕ ਵਿਅਕਤੀ ਉਸ ਉਪਰ ਵਿਆਹ ਲਈ ਦਬਾਅ ਪਾ ਰਿਹਾ ਸੀ। ਇਨਕਾਰ ਕਰਨ ‘ਤੇ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਵੱਲੋਂ ਇਸ ਸੰਬੰਧੀ ਪਹਿਲਾਂ ਹੀ ਮ੍ਰਿਤਕ ਦੇ ਭਰਾ ਜੋਤ ਇੰਦਰ ਸਿੰਘ ਦੀ ਸ਼ਿਕਾਇਤ ‘ਤੇ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਅਤੇ ਉਸ ਦੇ ਸਾਥੀ ਕਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਉਸ ਦੀ ਲਾਸ਼ ਨੀਲੋ ਨਹਿਰ ਤੋਂ ਪੁਲਸ ਵੱਲੋਂ ਬਰਾਮਦ ਕੀਤੀ ਗਈ। ਡੀ.ਸੀ.ਪੀ. ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।





