ਮੁਹਾਲੀ
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਏਟਕ ਤੇ ਪ ਸ ਸ ਫ 1680, 22-ਬੀ, ਚੰਡੀਗੜ੍ਹ ਦੇ ਸੱਦੇ ‘ਤੇ ਮੰਗਲਵਾਰ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮ-ਮਜ਼ਦੂਰ ਕਿਰਤ ਭਵਨ ਅੱਗੇ ਰੋਸ ਰੈਲੀ ਵਿਚ ਹੁੰਮ-ਹੁਮਾ ਕੇ ਪੁੱਜੇ। ਇਹ ਰੈਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ-ਮਜ਼ਦੂਰਾਂ ਅਤੇ ਹਰ ਕਿਸਮ ਦੇ ਕਿਰਤੀਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਪ੍ਰਤੀ ਅਪਣਾਈ ਹੋਈ ਬੇਰੁਖੀ, ਅਣਦੇਖੀ ਅਤੇ ਸਰਕਾਰ ਦੇ ਮਜ਼ਦੂਰ ਵਿਰੋਧੀ ਰਵੱਈਏ ਦੇ ਵਿਰੁੱਧ ਪਾਏ ਜਾ ਰਹੇ ਵਿਆਪਕ ਰੋਸ ਦਾ ਲਾਮਿਸਾਲ ਪ੍ਰਗਟਾਵਾ ਅਤੇ ਪ੍ਰਚੰਡ ਗੁੱਸੇ ਦਾ ਸਿਖਰ ਹੋ ਨਿਬੜੀ। ਮੁਲਾਜ਼ਮਾਂ-ਮਜ਼ਦੂਰਾਂ ਦੇ ਕਈ ਦਰਜਨਾਂ ਕਾਫਲੇ ਝੰਡੇ, ਮਾਟੋ ਲੈ ਕੇ ਨਾਅਰੇ ਮਾਰਦੇ ਹੋਏ ਘੰਟਿਆਂਬੱਧੀ ਲਗਾਤਾਰ ਆਉਂਦੇ ਰਹੇ। ਰੈਲੀ ਦੀ ਪ੍ਰਧਾਨਗੀ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਅਤੇ ਰਣਜੀਤ ਸਿੰਘ ਰਾਣਵਾਂ ਪ੍ਰਧਾਨ ਪ ਸ ਸ ਫ, ਜਗਦੀਸ਼ ਸਿੰਘ ਚਾਹਲ, ਕਸ਼ਮੀਰ ਗਦਾਈਆ, ਦਲਜੀਤ ਸਿੰਘ, ਮਨਜੀਤ ਸਿੰਘ ਬਾਸਰਕੇ ਅਤੇ ਵਿਨੋਦ ਚੁੱਘ ਨੇ ਕੀਤੀ। ਕਿਰਤੀਆਂ ਨਾਲ ਖਚਾਖਚ ਭਰੇ ਪੰਡਾਲ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸਖਤ ਲਹਿਜੇ ਨਾਲ ਕਿਹਾ ਕਿ 14 ਸਾਲਾਂ ਬਾਅਦ ਪੰਜਾਬ ਸਰਕਾਰ ਨੇ ਕਿਰਤੀਆਂ ਦੀਆਂ ਉਜਰਤਾਂ ਵਿਚ ਥੋੜ੍ਹਾ ਜਿਹਾ ਵਾਧਾ ਕਰਕੇ ਘੱਟੋ-ਘੱਟ ਉਜਰਤ 13486 ਰੁਪਏ ਪ੍ਰਤੀ ਮਹੀਨਾ ਕਰਕੇ ਵਰਕਰਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕਰਦੇ ਹੋਏ ਭੱਦਾ ਮਜ਼ਾਕ ਕੀਤਾ ਹੈ, ਜਦਕਿ ਖੂਨ ਪੀ ਰਹੀ ਮਹਿੰਗਾਈ ਦੇ ਇਸ ਦੌਰ ਵਿਚ ਇਹ ਉਜਰਤ ਘੱਟੋ-ਘੱਟ 35000 ਰੁਪਏ ਪ੍ਰਤੀ ਮਹੀਨਾ ਕਰਨੀ ਬਣਦੀ ਸੀ। ਸਰਕਾਰ ਵੱਲੋਂ ਅਜਿਹਾ ਕਰਨਾ ਮਜ਼ਦੂਰਾਂ ਨਾਲ ਇਕ ਵੱਡਾ ਧੋਖਾ ਵੀ ਹੈ ਅਤੇ ਸਰਕਾਰ ਦਾ ਕਥਿਤ ਗਰੀਬ ਪੱਖੀ ਹੋਣ ਦੇ ਝੂਠੇ ਪਖੰਡ ਦਾ ਵੀ ਪਰਦਾ ਫਾਸ਼ ਕਰਦਾ ਹੈ। ਸਾਡੇ ਅੱਜ ਦੇ ਇਕੱਠ ਦੀ ਠੋਕ ਵਜਾ ਕੇ ਮੰਗ ਹੈ ਕਿ ਘੱਟੋ-ਘੱਟ ਉਜਰਤ 35000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਹੋਰ ਮੰਗਾਂ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਮੁਤਾਬਕ ਕੰਟਰੈਕਟ-ਆਊਟਸੋਰਸ ਅਤੇ ਹਰ ਕਿਸਮ ਦੇ ਅਸਥਾਈ ਵਰਕਰਾਂ ਨੂੰ ਰੈਗੂਲਰ ਕਰੇ, ਸਕੀਮ ਵਰਕਰਾਂ ਨੂੰ ਵਰਕਰ ਦਾ ਦਰਜਾ ਦੇ ਕੇ ਨਿਯਮਤ ਕਰੇ, ਚਾਰ ਲੇਬਰ ਕੋਡਜ਼ ਪੰਜਾਬ ਵਿਚ ਲਾਗੂ ਨਾ ਕਰੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਮੁਲਾਜ਼ਮਾਂ ਦੇ ਪੇ-ਕਮਿਸ਼ਨ ਅਤੇ ਡੀ ਏ ਦੇ ਬਕਾਏ ਯਕਮੁਸ਼ਤ ਦਿੱਤੇ ਜਾਣ, 18 ਫੀਸਦੀ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਸਰਕਾਰੀ ਟਰਾਂਸਪੋਰਟ ਵਿਚ ਆਪਣੀ ਮਾਲਕੀ ਵਾਲੀਆਂ 1000 ਨਵੀਆਂ ਬੱਸਾਂ ਤੁਰੰਤ ਪਾਈਆਂ ਜਾਣ ਅਤੇ ਪੀ ਆਰ ਟੀ ਸੀ-ਪਨਬੱਸ ਨੂੰ ਮੁਫਤ ਸਫਰ ਸਹੂਲਤਾਂ ਦੀ ਪੈਂਡਿੰਗ ਹੋ ਚੁੱਕੀ 1200 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਬਿਨਾਂ ਦੇਰੀ ਦਿੱਤੀ ਜਾਵੇ, ਉਸਾਰੀ ਕਿਰਤੀਆਂ ਸੰਬੰਧੀ ਬਣੇ ਨਵੇਂ ਵੈੱਲਫੇਅਰ ਬੋਰਡ ਐਕਟ 1996 ਨੂੰ ਖਤਮ ਕਰਕੇ ਬਣਾਏ ਗਏ ਸੋਸ਼ਲ ਸਕਿਉਰਿਟੀ ਕੋਡ ਵਿਚ ਉਸਾਰੀ ਕਿਰਤੀ ਲਾਭਪਾਤਰੀਆਂ ਦੀਆਂ 17 ਸਕੀਮਾਂ ਵਿੱਚੋਂ 10 ਖਤਮ ਕਰਕੇ ਸਿਰਫ 7 ਰੱਖਣਾ ਇਸ ਐਕਟ ਨੂੰ ਖਤਮ ਕਰਨ ਦਾ ਹੀ ਇਕ ਕੋਝਾ ਤਰੀਕਾ ਹੈ। ਦੂਜਾ ਜੋ ਸੈੱਸ ਹਰ 10 ਲੱਖ ਰੁਪਏ ਦੀ ਇਮਾਰਤ ਉਪਰ ਲੱਗਦਾ ਸੀ, ਹੁਣ 50 ਲੱਖ ਤੱਕ ਦੀਆਂ ਇਮਾਰਤਾਂ ਨੂੰ ਸੈੱਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਵੈੱਲਫੇਅਰ ਬੋਰਡ ਦੇ ਫੰਡ ਵਿਚ ਜਮ੍ਹਾਂ ਹੋਣ ਵਾਲੇ ਸੈੱਸ ਵਿਚ ਵੱਡੀ ਕਮੀ ਆਏਗੀ, ਜਿਸ ਦਾ ਖਮਿਆਜ਼ਾ ਲਾਭਪਾਤਰੀਆਂ ਨੂੰ ਭੁਗਤਣਾ ਪਏਗਾ। ਉਸਾਰੀ ਕਿਰਤੀਆਂ ਦੇ ਦਫਤਰਾਂ ਵਿਚ ਲੰਬਿਤ ਪਏ ਕੇਸ ਕਲੀਅਰ ਕੀਤੇ ਜਾਣ, ਇਸੇ ਤਰ੍ਹਾਂ ਸਾਡੀ ਜ਼ੋਰਦਾਰ ਮੰਗ ਹੈ ਕਿ ਮਨਰੇਗਾ ਐਕਟ ਬਹਾਲ ਕੀਤਾ ਜਾਵੇ, ਕੰਮ 200 ਦਿਨ ਦੀ ਗਰੰਟੀ ਕੀਤੀ ਜਾਵੇ ਅਤੇ ਸ਼ਹਿਰਾਂ ਵਿਚ ਲਾਗੂ ਕੀਤਾ ਜਾਵੇ, 1000 ਰੁਪਏ ਦਿਹਾੜੀ ਕੀਤੀ ਜਾਵੇ ਅਤੇ ਪਿੰਡਾਂ ਵਿਚ ਰੁਕੇ ਹੋਏ ਕੰਮ ਚਾਲੂ ਕੀਤੇ ਜਾਣ ਅਤੇ ਨਵੇਂ ਕੰਮ ਕੱਢੇ ਜਾਣ। ਸਫਾਈ ਸੇਵਕਾਂ ਪ੍ਰਤੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸਭ ਤੋਂ ਵੱਧ ਜੋਖਮ ਅਤੇ ਗੰਦਗੀ ਦੀ ਸਫਾਈ ਦਾ ਕੰਮ ਕਰਨ ਵਾਲੇ ਪੂਜਣਯੋਗ ਮਜ਼ਦੂਰਾਂ ਦੀਆਂ ਸਾਰੀਆਂ ਮੰਗਾਂ ਮੰਨ ਕੇ ਹੜਤਾਲ ਦਾ ਹੱਲ ਤੁਰੰਤ ਕੱਢਿਆ ਜਾਵੇ, ਭੱਠਾ ਮਜ਼ਦੂਰਾਂ ਦੇ ਲੇਬਰ ਰੇਟਾਂ ਵਿਚ ਵਾਜਬ ਵਾਧਾ ਤੁਰੰਤ ਕੀਤਾ ਜਾਵੇ।
ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਨੇ ਠਾਠਾਂ ਮਾਰਦੇ ਇਕੱਠ ਨੂੰ ਵਧਾਈ ਦਿੰਦਿਆਂ ਕਿਹਾ ਕਿ ਏਨੀ ਵੱਡੀ ਗਿਣਤੀ ਵਿਚ ਬੇਹੱਦ ਕੜਕਦੀ ਧੁੱਪ ਅਤੇ ਗਰਮੀ ਵਿਚ ਸੂਬੇ ਭਰ ਵਿਚੋਂ ਪਹੁੰਚੇ ਕਿਰਤੀਆਂ ਦੇ ਗੁੱਸੇ ਅੱਗੇ ਹੁਣ ਪੰਜਾਬ ਸਰਕਾਰ ਨੂੰ ਝੁਕਣਾ ਹੀ ਪਏਗਾ ਅਤੇ ਕਿਰਤੀ ਆਪਣੀਆਂ ਮੰਗਾਂ ਮੰਨਵਾ ਕੇ ਹੀ ਪਿੱਛੇ ਹਟਣਗੇ। ਬਰਾੜ ਨੇ ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੱਦੀ ‘ਤੇ ਕਾਬਜ਼ ਹੋਣ ਤੋਂ ਬਾਅਦ ਇਸ ਦੇ ਆਗੂ ਹੁਣ ਵੱਡੇ ਸਰਮਾਏਦਾਰਾਂ ਅਤੇ ਠੱਗਾਂ ਦੇ ਪੰਘੂੜਿਆਂ ਵਿਚ ਝੂਟੇ ਲੈ ਕੇ ਐਸੋ-ਇਸ਼ਰਤ ਦੀ ਜ਼ਿੰਦਗੀ ਵਿਚ ਗੁਲਤਾਨ ਹਨ, ਦੂਸਰੇ ਪਾਸੇ ਕਿਸਾਨ-ਮਜ਼ਦੂਰ, ਕਿਰਤੀ, ਬੇਰੁਜ਼ਗਾਰ, ਛੋਟਾ ਦੁਕਾਨਦਾਰ, ਗਰੀਬ ਦਲਿਤ ਸਭ ਮੁਸੀਬਤਾਂ ਵਿਚ ਘਿਰੇ ਹੋਏ ਦਿਖ ਰਹੇ ਹਨ।
ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਕਿਰਤੀਆਂ ਦੇ ਵੱਡੇ ਇਕੱਠ ਨੂੰ ਸਰਕਾਰ ਲਈ ਇਕ ਚੇਤਾਵਨੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਕੰਧ ‘ਤੇ ਲਿਖਿਆ ਪੜ੍ਹੇ, ਮਜ਼ਦੂਰ ਨੂੰ ਲੰਮਾ ਸਮਾਂ ਲੁੱਟਿਆ ਤੇ ਕੁੱਟਿਆ ਨਹੀਂ ਜਾ ਸਕਦਾ। ਇਕੱਠ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਹੁਣ ਜਿੱਤ ਦੇ ਝੰਡੇ ਗੱਡਣ ਤੱਕ ਚੁੱਪ ਕਰਕੇ ਨਹੀਂ ਬੈਠਣਗੇ।
ਉਨ੍ਹਾ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਹੈ, ਜਿਹੜੀ ਪ੍ਰਸਿੱਧੀ ਦੇ ਬੋਰਡ, ਟੀ ਵੀ ਚੈਨਲਾਂ ਅਤੇ ਖਬਰਾਂ ਰਾਹੀਂ ਵਿਕਾਸ ਅਤੇ ਰੰਗਲੇ ਪੰਜਾਬ ਦਾ ਧੂੰਆਂਧਾਰ ਪ੍ਰਚਾਰ ਕਰ ਰਹੀ ਹੈ, ਪਰ ਹਕੀਕਤ ਵਿਚ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਵਿਕਾਸ ਕਿਤੇ ਦਿਖਦਾ ਨਹੀਂ, ਜੇਕਰ ਦਿਖਦਾ ਹੈ ਤਾਂ 5 ਲੱਖ ਕਰੋੜ ਰੁਪਏ ਦੇ ਨੇੜੇ ਪੁੱਜਿਆ ਸਰਕਾਰ ਸਿਰ ਕਰਜ਼ਾ ਨਜ਼ਰ ਆਉਂਦਾ ਹੈ, ਜੇ ਕੁਝ ਨਜ਼ਰ ਆਉਂਦਾ ਹੈ ਤਾਂ ਉਹ ਕਤਲ, ਡਾਕੇ, ਫਿਰੌਤੀਆਂ, ਚੋਰੀਆਂ, ਨਸ਼ੇ, ਰਿਸ਼ਵਤਖੋਰੀ, ਕਬਜ਼ੇ, ਧੱਕੇਸ਼ਾਹੀਆਂ ਅਤੇ ਮੁਲਾਜ਼ਮਾਂ, ਮਜ਼ਦੂਰਾਂ ਦੀਆਂ ਉਜਰਤਾਂ ਵਿਚ ਕਟੌਤੀਆਂ ਹਨ। ਜਿਹਨਾਂ ਹੋਰਨਾਂ ਪ੍ਰਮੁੱਖ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ, ਉਹਨਾਂ ਵਿਚ ਰਣਜੀਤ ਸਿੰਘ ਰਾਣਵਾਂ, ਜਗਰੂਪ ਸਿੰਘ, ਜਗਦੀਸ਼ ਸਿੰਘ ਚਾਹਲ, ਦਰਸ਼ਨ ਸਿੰਘ ਲੁਬਾਣਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਦਸਵਿੰਦਰ ਕੌਰ, ਦੇਵੀ ਕੁਮਾਰੀ, ਪਰਮਜੀਤ ਢਾਬਾਂ, ਕਸ਼ਮੀਰ ਗਦਾਈਆ, ਨਰਿੰਦਰ ਸਿੰਘ ਬੱਲ, ਹਰਵਿੰਦਰ ਸਿੰਘ ਅਕਾਲਗੜ੍ਹ, ਵਿਜੈ ਕੁਮਾਰ ਲੁਧਿਆਣਾ, ਅਮਰਜੀਤ ਕੌਰ ਰਣ ਸਿੰਘ ਵਾਲਾ, ਪਰਦੀਪ ਕੁਮਾਰ, ਮੁਹੰਮਦ ਖਲੀਲ, ਜੈਪਾਲ ਸਿੰਘ, ਵਿਨੋਦ ਚੁੱਘ ਆਦਿ ਸ਼ਾਮਲ ਸਨ। ਇਹਨਾਂ ਸਭਨਾਂ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਇਹ ਚੁਣਾਵੀ ਸਾਲ ਹੈ, ਅਸੀਂ ਮੰਗਾਂ ਦੀ ਪ੍ਰਾਪਤੀ ਤੱਕ ਸਰਕਾਰ ਨੂੰ ਰੱਜਵੀਂ ਨੀਂਦ ਨਹੀਂ ਸੌਣ ਦੇਵਾਂਗੇ। ਅਸੀਂ ਵਰਕਰਾਂ ਦੀ ਕੀਤੀ ਜਾ ਰਹੀ ਆਰਥਿਕ ਮੰਦਹਾਲੀ ਦਾ ਹਿਸਾਬ ਲਵਾਂਗੇ। ਉਹ ਆਪਣੇ ਆਰਥਿਕ ਸ਼ੋਸਣ ਦਾ ਜ਼ਿੰਮੇਵਾਰ ਪਛਾਣ ਕੇ ਕਟਹਿਰੇ ਵਿਚ ਖੜ੍ਹਾ ਕਰਨਗੇ ਅਤੇ ਜਥੇਬੰਦੀਆਂ ਦੇ ਸਮੁੱਚੇ ਆਗੂ ਮੁਲਾਜ਼ਮਾਂ-ਮਜ਼ਦੂਰਾਂ ਅਤੇ ਲੁਟੇ ਜਾਣ ਵਾਲਿਆਂ ਦੀ ਢਾਲ ਬਣ ਕੇ ਅਗਵਾਈ ਨਿਰੰਤਰਤਾ ਨਾਲ ਕਰਨਗੇ ਅਤੇ ਸਰਕਾਰ ਨੂੰ ਕਿਰਤੀਆਂ ਦੇ ਮਸਲੇ ਹੱਲ ਕਰਨ ਲਈ ਮਜਬੂਰ ਕਰ ਦੇਣਗੇ।
ਵਿਸ਼ਾਲ ਰੈਲੀ ਦਾ ਮੰਚ ਸੰਚਾਲਨ ਬੜੇ ਸਲੀਕੇ, ਜੋਸ਼ ਅਤੇ ਤਰਤੀਬ ਨਾਲ ਜਿਸ ਤਰ੍ਹਾਂ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ ਨੇ ਨਿਭਾਇਆ, ਉਹ ਵੀ ਇਕ ਬਿਹਤਰੀਨ ਤਰੀਕਾਕਾਰ ਸੀ। ਰੈਲੀ ਵਿਚ ਪੰਜਾਬ ਏਟਕ ਦੇ ਵਰਕਿੰਗ ਪ੍ਰਧਾਨ ਸੁਖਦੇਵ ਸ਼ਰਮਾ ਐਕਸੀਡੈਂਟ ਕਾਰਨ ਹੋਏ ਅਪਰੇਸ਼ਨ ਕਰਕੇ ਹਾਜ਼ਰ ਨਹੀਂ ਹੋ ਸਕੇ, ਪਰ ਉਹਨਾਂ ਵੱਲੋਂ ਵੀ ਵਰਕਰਾਂ ਨੂੰ ਰੈਲੀ ਵਿਚ ਪੁੱਜਣ ਲਈ ਪ੍ਰੇਰਤ ਕਰਨ ਵਿਚ ਆਪਣਾ ਯੋਗਦਾਨ ਅਦਾ ਕੀਤਾ ਗਿਆ।





