ਸਵੇਰੇ 10 ਵਜੇ ਬੰਦ ਹੋ ਜਾਂਦਾ ਹੈ ਬਾਂਦਾ!

0
14

ਬਾਂਦਾ : ਗਰਮੀ ਏਨੀ ਪੈ ਰਹੀ ਹੈ ਕਿ ਯੂ ਪੀ ਦੇ ਬਾਂਦਾ ਵਿੱਚ ਸਵੇਰੇ 10 ਵਜੇ ਤੱਕ ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਜੌਹਰੀ ਲਖਨ ਗੁਪਤਾ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਘਰੋਂ ਨਿਕਲਦਾ ਹੈ ਤੇ 9 ਵਜੇ ਤੱਕ ਵਾਪਸ ਆ ਜਾਂਦਾ ਹੈ। 10 ਵਜੇ ਤੱਕ ਵੀਰਾਨੀ ਛਾ ਜਾਂਦੀ ਹੈ। ਉਸ ਦੀ ਦੁਕਾਨ ਦੇ ਸ਼ਟਰ ਖੁੱਲ੍ਹੇ ਰਹਿੰਦੇ ਹਨ, ਪਰ ਗਾਹਕ ਸ਼ਾਮ ਤੋਂ ਪਹਿਲਾਂ ਘੱਟ ਹੀ ਆਉਂਦੇ ਹਨ। ਉਸ ਨੇ ਦੱਸਿਆ, ‘ਅਪ੍ਰੈਲ ਤੋਂ ਲੈ ਕੇ ਹੁਣ ਤੱਕ ਮੈਂ ਲਗਭਗ ਕੁਝ ਵੀ ਨਹੀਂ ਵੇਚਿਆ।’
27 ਅਪ੍ਰੈਲ ਨੂੰ ਬਾਂਦਾ ਦਾ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਉਸ ਦਿਨ ਭਾਰਤ ਵਿੱਚ ਸਭ ਤੋਂ ਵੱਧ ਤਾਪਮਾਨ ਸੀ ਅਤੇ 1951 ਤੋਂ ਬਾਅਦ ਇਹ ਸਭ ਤੋਂ ਵੱਧ ਸੀ। ਮੰਗਲਵਾਰ ਇਸ ਨੇ 48.2 ਡਿਗਰੀ ਨਾਲ ਨਵਾਂ ਰਿਕਾਰਡ ਬਣਾਇਆ। ਕਿਸਾਨਾਂ ਨੇ ਇਸ ਸਾਲ ਰਾਤ ਨੂੰ ਫਲੱਡ ਲਾਈਟਾਂ ਹੇਠ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਦਿਨ ਵੇਲੇ ਕੰਮ ਕਰਨਾ ਅਸਹਿ ਹੋ ਗਿਆ ਸੀ। ਮਜ਼ਦੂਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੰਮ ਕਰਨ ਦੀ ਬਜਾਏ ਆਪਣੀ ਮਜ਼ਦੂਰੀ ਦਾ 40 ਫੀਸਦੀ ਤੱਕ ਕੁਰਬਾਨ ਕਰਕੇ ਰਾਤ ਨੂੰ ਹੀ ਕੰਮ ਕਰ ਰਹੇ ਹਨ। ਪ੍ਰਵਾਸ ਆਮ ਨਾਲੋਂ ਪਹਿਲਾਂ ਸ਼ੁਰੂ ਹੋ ਗਿਆ ਹੈ। ਖਾਣ-ਪੀਣ ਦੇ ਸਟਾਲ, ਜੋ ਦੁਪਹਿਰ ਤੱਕ ਖੁੱਲ੍ਹ ਜਾਂਦੇ ਸਨ, ਹੁਣ ਸੂਰਜ ਡੁੱਬਣ ਤੋਂ ਬਾਅਦ ਖੁੱਲ੍ਹਦੇ ਹਨ।
ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਬਾਂਦਾ ਦੇ 44 ਸਬ-ਸਟੇਸ਼ਨਾਂ ‘ਤੇ ਬਿਜਲੀ ਵਿਭਾਗ ਦੇ ਕਰਮਚਾਰੀ 1,379 ਤੋਂ ਵੱਧ ਟਰਾਂਸਫਾਰਮਰਾਂ ‘ਤੇ ਲਗਾਤਾਰ ਪਾਣੀ ਪਾ ਰਹੇ ਹਨ। ਪਿਛਲੇ 45 ਦਿਨਾਂ ਵਿੱਚ ਬਹੁਤ ਜ਼ਿਆਦਾ ਤਾਪਮਾਨ ਤੇ ਬਹੁਤ ਜ਼ਿਆਦਾ ਲੋਡ ਕਾਰਨ ਕਈ ਯੂਨਿਟਾਂ ਖਰਾਬ ਹੋ ਗਈਆਂ ਹਨ।
ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਬਾਂਦਾ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ ਬੁੰਦੇਲਖੰਡ ਦੇ ਪਹਿਲਾਂ ਹੀ ਨਾਜ਼ੁਕ ਲੈਂਡਸਕੇਪ ਵਿੱਚ ਸਾਲਾਂ ਤੋਂ ਚੱਲ ਰਹੇ ਵਾਤਾਵਰਣਕ ਵਿਗਾੜ ਨਾਲ ਜੁੜਿਆ ਹੋਇਆ ਹੈ। ਜਰਨਲ ਆਫ ਐਕਸਟੈਂਸ਼ਨ ਸਿਸਟਮਜ਼ ਵਿੱਚ ਪ੍ਰਕਾਸ਼ਤ ਇੱਕ ਅਧਿਐਨ ਦੇ ਸਹਿ ਲੇਖਕ ਬਾਂਦਾ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਰਜੁਨ ਪੀ ਵਰਮਾ ਨੇ 1991-92 ਤੋਂ 2021-22 ਤੱਕ ਜੰਗਲੀ ਕਵਰ ਨੂੰ ਟਰੈਕ ਕੀਤਾ ਅਤੇ ਪਾਇਆ ਕਿ ਬਾਂਦਾ ਆਪਣੇ ਸੰਘਣੇ ਜੰਗਲੀ ਕਵਰ ਦਾ ਲਗਭਗ ਛੇਵਾਂ ਹਿੱਸਾ ਗੁਆ ਚੁੱਕਾ ਹੈ। ਖੁੱਲ੍ਹੇ ਜੰਗਲ ਇੱਕੋ ਜਿਹੀ ਦਰ ਨਾਲ ਸੁੰਗੜ ਗਏ। ਇਸ ਦਾ ਮੁੱਖ ਕਾਰਨ ਜੰਗਲਾਤ ਜ਼ਮੀਨ ਦੇ ਅੰਦਰ ਵੱਡੇ ਪੱਧਰ ‘ਤੇ ਮਾਈਨਿੰਗ ਅਤੇ ਖੇਤੀਬਾੜੀ ਕਬਜ਼ੇ ਹਨ। ਪ੍ਰੋਫੈਸਰ ਵਰਮਾ ਨੇ ਕਿਹਾ, ‘ਮੈਂ ਖੁਦ ਹੁਣ ਸਵੇਰੇ 9.30 ਵਜੇ ਤੋਂ ਸ਼ਾਮ ਤੱਕ ਦਫਤਰ ਦੇ ਅੰਦਰ ਕੰਮ ਕਰਦਾ ਹਾਂ। ਮੈਂ ਖੇਤ ਵਿੱਚ ਨਹੀਂ ਜਾ ਸਕਦਾ।’
ਬਾਂਦਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਪ੍ਰੋਫੈਸਰ ਦਿਨੇਸ਼ ਸਾਹਾ ਕਹਿੰਦੇ ਹਨ ਕਿ ਮਾਈਨਿੰਗ ਨੇ ਨਦੀਆਂ ਦੇ ਸੁੱਕਣ ਦੀ ਗਤੀ ਤੇਜ਼ ਕਰ ਦਿੱਤੀ ਹੈ, ਜਿਸ ਨਾਲ ਭੂਮੀਗਤ ਪਾਣੀ ਦੇ ਰੀਚਾਰਜ ਵਿੱਚ ਕਮੀ ਆਈ ਹੈ, ਜਦੋਂ ਕਿ ਜੰਗਲਾਂ ਦੀ ਕਟਾਈ ਨੇ ਨਮੀ ਘਟਾ ਦਿੱਤੀ ਹੈ ਅਤੇ ਪੱਥਰ-ਕਰੈਸ਼ਰ ਯੂਨਿਟਾਂ ਤੋਂ ਨਿਕਲਣ ਵਾਲੀ ਧੂੜ ਮਿੱਟੀ ਬਨਸਪਤੀ ਨੂੰ ਢੱਕ ਦਿੰਦੀ ਹੈ। ਇਹ ਸਾਰੇ ਕਾਰਕ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਪਹਾੜੀਆਂ ਨਾਲ ਜੋ ਹੋਇਆ, ਉਹ ਬਾਂਦਾ ਦੀਆਂ ਨਦੀਆਂ ਨਾਲ ਵੀ ਹੋ ਰਿਹਾ ਹੈ। ਕੇਨ ਨਦੀ, ਜੋ ਯਮੁਨਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਾਂਦਾ ਦੇ ਲਗਭਗ 100 ਕਿੱਲੋਮੀਟਰ ਵਿੱਚੋਂ ਵਗਦੀ ਹੈ, ਵਿੱਚੋਂ ਰੋਜ਼ਾਨਾ ਲਗਭਗ 55,000 ਟਨ ਲਾਲ ਰੇਤ ਕੱਢੀ ਜਾਂਦੀ ਹੈ। ਇਹ ਖੁਦਾਈ ਹੁਣ ਛੋਟੀਆਂ ਨਦੀਆਂ ਰੰਜ ਅਤੇ ਬਗਾਈ ਤੱਕ ਫੈਲ ਗਈ ਹੈ, ਜਿੱਥੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ।
ਚਾਰ ਯੂਨੀਵਰਸਿਟੀਆਂ ਦੇ ਖੋਜਕਰਤਾਵਾਂ ਨੇ 2025 ਵਿੱਚ ਅਧਿਐਨ ‘ਚ ਪਤਾ ਲਾਇਆ ਕਿ ਬਾਂਦਾ ਦਾ ਕੁੱਲ ਜੰਗਲਾਤ ਰਕਬਾ 2005 ਵਿੱਚ ਲਗਭਗ 120 ਵਰਗ ਕਿੱਲੋਮੀਟਰ ਤੋਂ ਘਟ ਕੇ ਲਗਭਗ 95 ਵਰਗ ਕਿੱਲੋਮੀਟਰ ਰਹਿ ਗਿਆ, ਜੋ ਕਿ 15.54% ਦੀ ਕਮੀ ਹੈ। ਅਧਿਐਨ ਵਿੱਚ ਚਿਤਾਵਨੀ ਦਿੱਤੀ ਗਈ ਕਿ ਜ਼ਿਲ੍ਹੇ ਦੇ ਕੁਝ ਹਿੱਸੇ ਦੋ ਦਹਾਕਿਆਂ ਦੇ ਅੰਦਰ ਬੰਜਰ ਹੋ ਸਕਦੇ ਹਨ।