ਨਾਰਵੇ ਦੀ ਪੱਤਰਕਾਰ ਦੇ ਇੰਸਟਾਗ੍ਰਾਮ ਤੇ ਫੇਸਬੁਕ ਅਕਾਊਂਟ ਮੁਅੱਤਲ

0
3

ਨਵੀਂ ਦਿੱਲੀ : ਨਾਰਵੇ ਦੀ ਮਹਿਲਾ ਪੱਤਰਕਾਰ ਹੈਲੇ ਲਿੰਗ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਣ ਦਾ ਵਿਵਾਦ ਡੂੰਘਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ‘ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ’ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਹੈਲੇ ਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟਸ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ। ਨਾਰਵੇ ਦੇ ਅਖ਼ਬਾਰ ‘ਡੈਗਸਵਿਸਨ’ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ, “ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟਸ ਸਸਪੈਂਡ ਕਰ ਦਿੱਤੇ ਗਏ ਹਨ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਵਿੱਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਵਾਪਸ ਮਿਲ ਜਾਣਗੇ।” ‘ਮੈਟਾ’ ਵੱਲੋਂ ਉਸ ਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਅਪੀਲ ਕਰਨ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਹੈਲੇ ਲਿੰਗ ਨੇ ਇਸ ਨੂੰ ‘ਪ੍ਰੈੱਸ ਦੀ ਆਜ਼ਾਦੀ ਲਈ ਚੁਕਾਉਣੀ ਪਈ ਇੱਕ ਛੋਟੀ ਜਿਹੀ ਕੀਮਤ’ ਦੱਸਿਆ ਹੈ।