ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਇਟਲੀ ਦੌਰੇ ਦੌਰਾਨ ਉੱਥੋਂ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੂੰ ‘ਮੈਲੋਡੀ’ ਟੌਫੀਆਂ ਦਾ ਇੱਕ ਪੈਕੇਟ ਤੋਹਫੇ ਵਜੋਂ ਦੇਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੰਗਲਵਾਰ ਨੂੰ ‘ਪਾਰਲੇ ਇੰਡਸਟਰੀਜ਼’ ਦੇ ਸ਼ੇਅਰਾਂ ਨੂੰ 5 ਫੀਸਦੀ ਦਾ ਅੱਪਰ ਸਰਕਟ ਲੱਗ ਗਿਆ ਅਤੇ ਇਸ ਦੀ ਕੀਮਤ 5.25 ਰੁਪਏ ਪ੍ਰਤੀ ਸ਼ੇਅਰ ਤੱਕ ਪਹੁੰਚ ਗਈ। ਪਰ ਇੱਥੇ ਸਭ ਤੋਂ ਦਿਲਚਸਪ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ‘ਪਾਰਲੇ ਇੰਡਸਟਰੀਜ਼’ ਦੇ ਸ਼ੇਅਰ ਲੋਕਾਂ ਨੇ ਖਰੀਦੇ ਹਨ, ਉਸ ਦਾ ਮੈਲੋਡੀ ਟੌਫੀ ਬਣਾਉਣ ਵਾਲੀ ਅਸਲ ਕੰਪਨੀ ‘ਪਾਰਲੇ ਪ੍ਰੋਡਕਟਸ’ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਾਰਲੇ ਪ੍ਰੋਡਕਟਸ ਪਾਰਲੇ-ਜੀ, ਮੋਨਾਕੋ, ਕਰੈਕਜੈਕ, ਮੈਂਗੋ ਬਾਈਟ, ਪੌਪਿੰਸ ਅਤੇ ‘ਮੈਲੋਡੀ’ ਵਰਗੇ ਬ੍ਰਾਂਡ ਬਣਾਉਂਦੀ ਹੈ। ਇਹ ਇੱਕ ਪ੍ਰਾਈਵੇਟ ਕੰਪਨੀ ਹੈ ਅਤੇ ਸ਼ੇਅਰ ਬਾਜ਼ਾਰ ਵਿੱਚ ਲਿਸਟਡ ਨਹੀਂ ਹੈ। ਪਾਰਲੇ ਇੰਡਸਟਰੀਜ਼ ਬੀ ਐੱਸ ਈ ‘ਤੇ ਲਿਸਟਡ ਇੱਕ ਵੱਖਰੀ ਕੰਪਨੀ ਹੈ, ਜਿਸ ਦਾ ਮੈਲੋਡੀ ਕੈਂਡੀ ਨਾਲ ਕੋਈ ਸਿੱਧਾ ਵਪਾਰਕ ਸੰਬੰਧ ਨਹੀਂ ਹੈ। ਇਹ ਅਜਿਹਾ ਮਾਮਲਾ ਲੱਗਦਾ ਹੈ, ਜਿੱਥੇ ਵਪਾਰੀਆਂ ਅਤੇ ਰਿਟੇਲ ਨਿਵੇਸ਼ਕਾਂ ਨੇ ਵਾਇਰਲ ਵੀਡੀਓ ਦੇਖ ਕੇ ‘ਪਾਰਲੇ’ ਨਾਂਅ ਨਾਲ ਜੁੜੀ ਲਿਸਟਡ ਕੰਪਨੀ ਦੇ ਸ਼ੇਅਰ ਖਰੀਦਣ ਲਈ ਜਲਦਬਾਜ਼ੀ ਕੀਤੀ, ਕਿਉਂਕਿ ਉਨ੍ਹਾਂ ਇਸ ‘ਪਾਰਲੇ’ ਨੂੰ ਵਾਇਰਲ ਮੈਲੋਡੀ ਪਲ ਨਾਲ ਜੋੜ ਕੇ ਦੇਖਿਆ। ਇੰਟਰਨੈੱਟ ‘ਤੇ ਮੋਦੀ ਅਤੇ ਮੇਲੋਨੀ ਦੀ ਇੱਕ ਮਜ਼ਾਕੀਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਸ਼ੇਅਰਾਂ ਵਿੱਚ ਇਹ ਉਛਾਲ ਦੇਖਣ ਨੂੰ ਮਿਲਿਆ। ਮੇਲੋਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘ਤੋਹਫ਼ੇ ਲਈ ਧੰਨਵਾਦ।’ ਵੀਡੀਓ ਵਿੱਚ ਉਹ ਇਹ ਕਹਿੰਦੀ ਸੁਣਾਈ ਦੇ ਰਹੀ ਹੈ, ‘ਉਨ੍ਹਾ ਤੋਹਫੇ ਵਿੱਚ ਇੱਕ ਬਹੁਤ, ਬਹੁਤ ਵਧੀਆ ਟੌਫੀ ਦਿੱਤੀ ਹੈ’, ਜਿਸ ਤੋਂ ਬਾਅਦ ਦੋਵੇਂ ਨੇਤਾ ਹੱਸਣ ਲੱਗ ਪੈਂਦੇ ਹਨ।




