ਪੁੱਤ ਨੇ ਨਹਿਰ ‘ਚ ਛਾਲ ਮਾਰੀ, ਬਚਾਉਂਦਾ ਪਿਓ ਵੀ ਗਿਆ

0
6

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ ਸਿੰਘ) ਤਕਰਾਰ ਤੋਂ ਬਾਅਦ ਇੱਥੇ ਥਾਣਾ ਸਿਟੀ ਸਾਹਮਣੇ ਬਣੀ ਸਬਜ਼ੀ ਮੰਡੀ ਵਿੱਚ ਸਬਜ਼ੀ ਵੇਚਣ ਵਾਲੇ ਪਿਓ-ਪੁੱਤਰ ਜਹਾਨੋਂ ਤੁਰ ਗਏ। ਗੁੱਸੇ ਵਿੱਚ ਆਏ ਪੁੱਤਰ ਨੇ ਕਰੀਬ ਚਾਰ ਕਿੱਲੋਮੀਟਰ ਦੂਰ ਪਿੰਡ ਝਬੇਲਵਾਲੀ ਨੇੜਲ ਨਹਿਰ ‘ਤੇ ਪਹੁੰਚ ਕੇ ਘਰ ਫੋਨ ਕੀਤਾ ਕਿ ਉਹ ਨਹਿਰ ਵਿੱਚ ਛਾਲ ਮਾਰਨ ਲੱਗਾ ਹੈ। ਪਿਤਾ ਤੁਰੰਤ ਉੱਥੇ ਪਹੁੰਚ ਗਿਆ, ਪਰ ਉਸ ਦੇ ਦੇਖਦਿਆਂ ਹੀ ਮੁੰਡੇ ਨੇ ਛਾਲ ਮਾਰ ਦਿੱਤੀ। ਬਚਾਉਣ ਲਈ ਪਿਤਾ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਕੱਢਣ ਲਈ ਨਹਿਰ ਵਿੱਚ ਰੱਸੀਆਂ ਸੁੱਟੀਆਂ। ਮੁੰਡੇ ਨੇ ਰੱਸੀ ਫੜ ਵੀ ਲਈ ਸੀ, ਪਰ ਜਦੋਂ ਉਸ ਨੇ ਦੇਖਿਆ ਕਿ ਉਸ ਦਾ ਬਾਪ ਡੁੱਬ ਰਿਹਾ ਹੈ, ਤਾਂ ਉਹ ਰੱਸੀ ਛੱਡ ਕੇ ਆਪਣੇ ਪਿਤਾ ਨੂੰ ਬਚਾਉਣ ਲਈ ਪਿੱਛੇ ਮੁੜਿਆ ਅਤੇ ਖੁਦ ਵੀ ਡੁੱਬ ਗਿਆ। ਪੀੜਤ ਪਰਵਾਰ ਦੇ ਮੈਂਬਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮੱਖਣ ਸਿੰਘ ਤੇ ਉਸ ਦਾ ਬੇਟਾ ਹਰਤੇਜ ਸਿੰਘ ਸਬਜ਼ੀ ਮੰਡੀ ਵਿੱਚ ਫਲ ਅਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਅਤੇ ਇਹ ਤਕਰਾਰ ਇੱਕ ਵੱਡਾ ਰੂਪ ਧਾਰਨ ਕਰ ਗਿਆ। ਘਟਨਾ ਸੰਬੰਧੀ ਜਦੋਂ ਉਨ੍ਹਾ ਥਾਣਾ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਸਿਟੀ ਪੁਲਸ ਨੇ ਕਿਹਾ ਕਿ ਨਹਿਰਾਂ ਵਾਲਾ ਇਲਾਕਾ ਥਾਣਾ ਬਰੀਵਾਲਾ ਦੇ ਅਧੀਨ ਆਉਂਦਾ ਹੈ, ਇਸ ਲਈ ਬਰੀਵਾਲਾ ਥਾਣਾ ਹੀ ਕਾਰਵਾਈ ਕਰੇਗਾ। ਦੂਜੇ ਪਾਸੇ, ਥਾਣਾ ਬਰੀਵਾਲਾ ਦੀ ਪੁਲਸ ਨੇ ਕਿਹਾ ਕਿ ਝਗੜਾ ਮੁਕਤਸਰ ਸਿਟੀ ਪੁਲਸ ਦੀ ਹਦੂਦ ਵਿੱਚ ਹੋਇਆ ਹੈ, ਇਸ ਲਈ ਬਣਦੀ ਕਾਰਵਾਈ ਸਿਟੀ ਪੁਲਸ ਵੱਲੋਂ ਕੀਤੀ ਜਾਣੀ ਚਾਹੀਦੀ ਹੈ। ਥਾਣਾ ਸਿਟੀ ਦੇ ਪੁਲਸ ਮੁਖੀ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਬਰੀਵਾਲਾ ਦਾ ਹੈ। ਅਖੀਰ ਥਾਣਾ ਬਰੀਵਾਲਾ ਪੁਲਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਨਹਿਰ ਵਿੱਚੋਂ ਲਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ।