ਚੰਡੀਗੜ੍ਹ, (ਗੁਰਜੀਤ ਬਿੱਲਾ, ਸੁਰਜੀਤ ਸੁਮਨ)-ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਤੋਂ ਪ੍ਰਭਾਵਤ ਹੋ ਕੇ ਬੁੱਧਵਾਰ ਪੰਜਾਬ ਸਟਾਈਲ ਕਬੱਡੀ ਦੇ ਵਿਸ਼ਵ ਪ੍ਰਸਿੱਧ ਖਿਡਾਰੀ ਸੰਦੀਪ ਲੁੱਧੜ ‘ਆਪ’’ ਵਿੱਚ ਸ਼ਾਮਲ ਹੋ ਗਏ।ਮੁੱਖ ਮੰਤਰੀ ਭਗਵੰਤ ਮਾਨ ਨੇ ਸੰਦੀਪ ਲੁੱਧੜ ਅਤੇ ਉਨ੍ਹਾ ਦੇ ਸਾਥੀਆਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਰਵਾਰ ਵਿੱਚ ਇੱਕ ਹੋਰ ਬਹੁਤ ਹੀ ਸ਼ਾਨਦਾਰ ਵਾਧਾ ਹੋਇਆ ਹੈ। ਪੰਜਾਬ ਦੀ ਮਾਂ ਖੇਡ ਕਬੱਡੀ ਦੇ ਉੱਘੇ ਅਤੇ ਹੋਣਹਾਰ ਖਿਡਾਰੀ ਸੰਦੀਪ ਲੁੱਧੜ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਖੇਡ ਮੈਦਾਨਾਂ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦਾ ਸਾਥ ਸਾਨੂੰ ‘ਰੰਗਲਾ ਪੰਜਾਬ’ ਸਿਰਜਣ ਦੀ ਮੁਹਿੰਮ ਵਿੱਚ ਹੋਰ ਤਾਕਤ ਦੇਵੇਗਾ।





