ਚੰਡੀਗੜ੍ਹ (ਨ ਜ਼ ਸ)- ਗਰਮੀਆਂ ਦੀਆਂ ਛੁੱਟੀਆਂ ਦੇ ਸੀਜ਼ਨ ਅਤੇ ਰੇਲ ਗੱਡੀਆਂ ਵਿੱਚ ਯਾਤਰੀਆਂ ਦੀ ਲਗਾਤਾਰ ਵਧ ਰਹੀ ਭਾਰੀ ਭੀੜ ਨੂੰ ਮੁੱਖ ਰੱਖਦਿਆਂ ਰੇਲ ਵਿਭਾਗ ਨੇ ਮੁਸਾਫ਼ਰਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਰੇਲ ਵਿਭਾਗ ਵੱਲੋਂ ਉੱਤਰੀ ਭਾਰਤ, ਖ਼ਾਸ ਕਰਕੇ ਪੰਜਾਬ ਨਾਲ ਸੰਬੰਧਤ ਵੱਖ-ਵੱਖ ਰੂਟਾਂ ‘ਤੇ ਕੁੱਲ 16 ਨਵੀਆਂ ਸਮਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਅਹਿਮ ਫ਼ੈਸਲਾ ਲਿਆ ਗਿਆ ਹੈ। ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਵਿਸ਼ੇਸ਼ ਰੇਲ ਗੱਡੀਆਂ 21 ਮਈ ਤੋਂ ਪੜਾਅਵਾਰ ਤਰੀਕੇ ਨਾਲ ਚੱਲਣਗੀਆਂ, ਤਾਂ ਜੋ ਯਾਤਰੀਆਂ ਨੂੰ ਆਪਣੀ ਮੰਜ਼ਲ ‘ਤੇ ਪਹੁੰਚਣ ਲਈ ਖ਼ੱਜਲ-ਖ਼ੁਆਰ ਨਾ ਹੋਣਾ ਪਵੇ। ਰੇਲਵੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ, ਇਨ੍ਹਾਂ ਵਿਸ਼ੇਸ਼ ਰੇਲਗੱਡੀਆਂ ਵਿੱਚ ਅੰਮ੍ਰਿਤਸਰ-ਕਟਿਹਾਰ, ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅੰਮ੍ਰਿਤਸਰ-ਬਰੌਨੀ, ਪਠਾਨਕੋਟ-ਛਪਰਾ, ਅੰਮ੍ਰਿਤਸਰ-ਕੋਲਕਾਤਾ, ਅੰਮ੍ਰਿਤਸਰ-ਜੈਨਗਰ, ਫਿਰੋਜ਼ਪੁਰ ਕੈਂਟ-ਝੰਝਾਰਪੁਰ ਅਤੇ ਫਿਰੋਜ਼ਪੁਰ ਕੈਂਟ-ਪਟਨਾ, ਸ਼ਾਮਲ ਹਨ। ਇਨ੍ਹਾਂ ਗੱਡੀਆਂ ਦੇ ਚੱਲਣ ਨਾਲ ਪੰਜਾਬ ਵਿੱਚ ਰਹਿਣ ਵਾਲੇ ਪਰਵਾਸੀ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਆਉਣ-ਜਾਣ ਲਈ ਸਿੱਧੀ ਕਨੈਕਟੀਵਿਟੀ ਮਿਲੇਗੀ, ਜਿਸ ਨਾਲ ਆਮ ਰੇਲਾਂ ‘ਤੇ ਪੈਣ ਵਾਲਾ ਵਾਧੂ ਬੋਝ ਕਾਫ਼ੀ ਹੱਦ ਤੱਕ ਘਟੇਗਾ।
ਅਗਲੇ ਦਿਨਾਂ ‘ਚ ਝੁਲਸਾਉਣ ਵਾਲੀ ਗਰਮੀ ਪੈ ਸਕਦੀ ਹੈ, ਜੋ 25 ਮਈ ਤੋਂ ਸ਼ੁਰੂ ਹੋ ਕੇ 2 ਜੂਨ ਤੱਕ ਜਾਰੀ ਰਹਿ ਸਕਦੀ ਹੈ। ਇਸ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਅਤਿ ਦੀ ਲੂ, ਤੱਤੀਆਂ ਹਵਾਵਾਂ ਅਤੇ ਸਿਹਤ ਦੇ ਜੋਖਮਾਂ ਬਾਰੇ ਚਿਤਾਵਨੀਆਂ ਜਾਰੀ ਹੋ ਗਈਆਂ ਹਨ। ਅਗਲੇ 15 ਦਿਨਾਂ ਦੌਰਾਨ ਦਿਨ ਦਾ ਤਾਪਮਾਨ 40 ਤੋਂ 44 ਡਿਗਰੀ ਦੇ ਵਿਚਕਾਰ ਰਹਿਣ ਨਾਲ ਗੰਭੀਰ ਗਰਮ ਅਤੇ ਖੁਸ਼ਕ ਸਥਿਤੀਆਂ ਬਣੀਆਂ ਰਹਿਣਗੀਆਂ।




