ਪੋਸਟ ਪਾ ਕੇ ਘਿਰਿਆ ਭੱਜੀ

0
14

ਜਲੰਧਰ : ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਹਰਭਜਨ ਸਿੰਘ ਸੋਸ਼ਲ ਮੀਡੀਆ ‘ਚ ਤਕੜੇ ਵਿਵਾਦ ਵਿੱਚ ਫਸ ਗਏ ਹਨ। ਪਾਰਟੀ ਬਦਲਣ ਤੋਂ ਬਾਅਦ ਅਮਨ-ਕਾਨੂੰਨ ਨੂੰ ਲੈ ਕੇ ਪੰਜਾਬ ਦੇ ਡੀ ਜੀ ਪੀ ‘ਤੇ ਇੱਕ ਪੋਸਟ ਨਾਲ ਸਿਆਸੀ ਤੂਫਾਨ ਪੈਦਾ ਕਰਨ ਤੋਂ ਬਾਅਦ ਭੱਜੀ ਦੀ ‘ਐੱਕਸ’ ਟਾਈਮਲਾਈਨ ‘ਤੇ ਗੁੱਸੇ ਵਿੱਚ ਆਏ ‘ਆਪ’ ਸਮਰਥਕਾਂ ਅਤੇ ਸਿਆਸੀ ਟ੍ਰੋਲਰਾਂ ਦਾ ਹੜ੍ਹ ਆ ਗਿਆ, ਜਿਨ੍ਹਾਂ ਨੀਟ ਵਿਵਾਦ ਅਤੇ ਮਹਿੰਗਾਈ ਤੋਂ ਲੈ ਕੇ ਪੰਜਾਬ ਦੇ ਕੇਂਦਰ ਵੱਲ ਆਰ ਡੀ ਐੱਫ ਬਕਾਇਆ ਪੈਸਿਆਂ ਤੱਕ ਹਰ ਚੀਜ਼ ਨੂੰ ਲੈ ਕੇ ਸਾਬਕਾ ਕ੍ਰਿਕਟਰ ‘ਤੇ ਹਮਲਾ ਕੀਤਾ।
ਟ੍ਰੋਲਿੰਗ ਦਾ ਦੌਰ ਏਨਾ ਤੇਜ਼ ਹੋ ਗਿਆ ਕਿ ਵੀਰਵਾਰ ਸਵੇਰ ਤੱਕ ਭੱਜੀ ਨੇ ਚੁੱਪਚਾਪ ਆਪਣੀਆਂ ਕਈ ਪੋਸਟਾਂ ‘ਤੇ ਜਵਾਬਾਂ ਨੂੰ ਸੀਮਤ ਕਰ ਦਿੱਤਾ, ਸਿਰਫ ਚੋਣਵੇਂ ਫਾਲੋਅਰਜ਼ ਨੂੰ ਹੀ ਟਿੱਪਣੀ ਕਰਨ ਦੀ ਇਜਾਜ਼ਤ ਦਿੱਤੀ, ਜਿਸ ਨਾਲ ਉਸ ਦੇ ਬਹੁਤ ਸਾਰੇ ਆਲੋਚਕਾਂ ਲਈ ਦਰਵਾਜ਼ੇ ਬੰਦ ਹੋ ਗਏ।
ਇਹ ਟ੍ਰੋਲਿੰਗ ਉਸ ਸਮੇਂ ਹੋਈ, ਜਦੋਂ ‘ਆਪ’ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਅਦ ਉਨ੍ਹਾ ਦੇ ਛੋਟੀ ਬਾਰਾਂਦਰੀ ਨਿਵਾਸ ਦੇ ਬਾਹਰ ‘ਗ਼ੱਦਾਰ’ ਲਿਖਿਆ ਸੀ, ਪਰ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਦੇ ਉਲਟ, ਜੋ ਚੁੱਪ ਹੋ ਜਾਂਦੀਆਂ ਹਨ, ਭੱਜੀ ਨੇ ਲੜਾਈ ਨੂੰ ਸਿੱਧੇ ਤੌਰ ‘ਤੇ ਲੈਣ ਦਾ ਫੈਸਲਾ ਕੀਤਾ। ਜਦੋਂ ਇੱਕ ਯੂਜ਼ਰ ਨੇ ਉਨ੍ਹਾ ਨੂੰ ਤਾਅਨਾ ਮਾਰਿਆ ਕਿ ਪਹਿਲਾਂ ਆਪਣੇ ਭਾਜਪਾ ਆਗੂਆਂ ਤੋਂ ਪੰਜਾਬ ਦੇ ਆਰ ਡੀ ਐੱਫ ਫੰਡਾਂ ਬਾਰੇ ਪੁੱਛੋ, ਤਾਂ ਭੱਜੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ, ‘ਮੈਂ ਉਨ੍ਹਾਂ ਤੋਂ ਇਹ ਪੰਜਾਬ ਲਈ ਜ਼ਰੂਰ ਪੁੱਛਾਂਗਾ, ਕਿਉਂਕਿ ਇਹ ਮੇਰਾ ਫਰਜ਼ ਹੈ। ਪਰ ਆਪਣੇ ਨੇਤਾ ਨੂੰ ਕਹੋ ਕਿ ਉਹ ਪੈਸੇ ਕਮਾਉਣ ਲਈ ਪੰਜਾਬ ਦੇ ਮੰਤਰੀਆਂ ਦੀ ਵਰਤੋਂ ਬੰਦ ਕਰਨ ਅਤੇ ਝੂਠੇ ਵਾਅਦਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣਾ ਬੰਦ ਕਰਨ।’ ਇੱਕ ਹੋਰ ਯੂਜ਼ਰ ਨੇ ਉਨ੍ਹਾ ‘ਤੇ ਦੋਸ਼ ਲਗਾਇਆ ਕਿ ਉਨ੍ਹਾ ਨੇ ‘ਆਪ’ ਵਿੱਚ ਹੁੰਦਿਆਂ ਪੰਜਾਬ ਦੇ ਮੁੱਦੇ ਉਠਾਏ ਬਿਨਾਂ ਰਾਜ ਸਭਾ ਦੀਆਂ ਸਹੂਲਤਾਂ ਦਾ ਆਨੰਦ ਮਾਣਿਆ। ਭੱਜੀ ਨੇ ਫਿਰ ਹਮਲਾਵਰ ਢੰਗ ਨਾਲ ਜਵਾਬ ਦਿੱਤਾ, ‘ਆਪਣੇ ਤੱਥਾਂ ਦੀ ਜਾਂਚ ਕਰੋ। ਦੇਖੋ ਕਿ ਮੈਂ ਰਾਜ ਸਭਾ ਵਿੱਚ ਪੰਜਾਬ ਲਈ ਕਿੰਨੀਆਂ ਚਿੰਤਾਵਾਂ ਉਠਾਈਆਂ ਹਨ। ਇਹ ਰਿਕਾਰਡ ‘ਤੇ ਹੈ… ਰੱਬ ਨੇ ਮੈਨੂੰ ਕ੍ਰਿਕਟ ਖੇਡ ਕੇ ਕਾਫੀ ਦਿੱਤਾ ਹੈ, ਤਾਂ ਜੋ ਮੈਂ ਸਹੂਲਤਾਂ ਦਾ ਮਾਲਕ ਬਣ ਸਕਾਂ।’ ਦਿਲਚਸਪ ਗੱਲ ਇਹ ਹੈ ਕਿ ਜਿੱਥੇ ਭੱਜੀ ਨੇ ਉਨ੍ਹਾਂ ਪੋਸਟਾਂ ‘ਤੇ ਜਵਾਬ ਬੰਦ ਕਰ ਦਿੱਤੇ, ਜਿੱਥੇ ਉਹ ਸਿੱਧੇ ਤੌਰ ‘ਤੇ ਟ੍ਰੋਲਰਾਂ ਨਾਲ ਭਿੜਦੇ ਸਨ, ਉੱਥੇ ਹੀ ਉਨ੍ਹਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀਆਂ ਐੱਫ ਆਈ ਆਰਜ਼ ਵਿੱਚ ਵਾਧੇ ਨੂੰ ਉਜਾਗਰ ਕਰਨ ਵਾਲੀ ਟ੍ਰਿਬਿਊਨ ਦੀ ਰਿਪੋਰਟ ਦੀ ਰੀਪੋਸਟ ‘ਤੇ ਟਿੱਪਣੀਆਂ ਖੁੱਲ੍ਹੀਆਂ ਰੱਖੀਆਂ। ਇਸ ਕਦਮ ਨੂੰ ਸਿਆਸੀ ਅਬਜ਼ਰਵਰ ਇੱਕ ਗਿਣੇ-ਮਿੱਥੇ ਸੰਕੇਤ ਵਜੋਂ ਦੇਖਦੇ ਹਨ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਹ ਖਿਡਾਰੀ ਹੁਣ ਪੰਜਾਬ ਦੇ ਸਿਆਸੀ ਪਿੜ ਵਿੱਚ ਖੁੱਲ੍ਹ ਕੇ ਖੇਡਣ ਖੇਡਣ ਲਈ ਤਿਆਰ ਹਨ।