ਵਿਨੀਪੈੱਗ (ਨ ਜ਼ ਸ)-ਕੈਨੇਡਾ ਦੇ ਵੱਡੇ ਹਵਾਈ ਅੱਡਿਆਂ, ਖ਼ਾਸ ਕਰਕੇ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਬੇਹੱਦ ਖ਼ਤਰਨਾਕ ਅਤੇ ਚਲਾਕੀ ਭਰਪੂਰ ਨਸ਼ਾ ਤਸਕਰੀ ਦਾ ਰੈਕਟ ਬੇਨਕਾਬ ਹੋਇਆ ਹੈ। ਮੀਡੀਆ ਦੀ ਜਾਂਚ ਇਕਾਈ ਦੀ ਰਿਪੋਰਟ ਮੁਤਾਬਕ, ਹਵਾਈ ਅੱਡੇ ਦੇ ਕੁਝ ਭ੍ਰਿਸ਼ਟ ਕਰਮਚਾਰੀ ਆਮ ਅਤੇ ਬੇਗੁਨਾਹ ਯਾਤਰੀਆਂ ਦੇ ਅਸਲੀ ਬੈਗਾਂ ਤੋਂ ਸੁਰੱਖਿਆ ਟੈਗ ਹਟਾ ਕੇ, ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰੇ ਸੂਟਕੇਸਾਂ ‘ਤੇ ਲਗਾ ਦਿੰਦੇ ਸਨ। ਇਹ ਨਸ਼ਿਆਂ ਵਾਲੇ ਬੈਗ ਫਿਰ ਵਿਦੇਸ਼ੀ ਮੰਜ਼ਲਾਂ ਵੱਲ ਭੇਜੇ ਜਾਂਦੇ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਟੋਰਾਂਟੋ ਏਅਰਪੋਰਟ ‘ਤੇ ਕਰੀਬ 3,000 ਸੀ ਸੀ ਟੀ ਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਇਹ ਗੋਰਖਧੰਦਾ ਬੇਖ਼ੌਫ਼ ਚੱਲ ਰਿਹਾ ਸੀ, ਜਿਸ ਨੇ ਕੈਨੇਡੀਅਨ ਹਵਾਈ ਅੱਡਿਆਂ ਵਿੱਚ ਸਰਗਰਮ ਸੰਗਠਿਤ ਅਪਰਾਧਿਕ ਗਰੋਹਾਂ ਦੀ ਪਹੁੰਚ ਬਾਰੇ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਗਰੋਹ ਦੇ ਕੰਮ ਕਰਨ ਦਾ ਤਰੀਕਾ ਬਹੁਤ ਹੀ ਸ਼ਾਤਰਾਨਾ ਹੈ। ਹਵਾਈ ਅੱਡੇ ‘ਤੇ ਤਾਇਨਾਤ ਇੱਕ ਭ੍ਰਿਸ਼ਟ ਬੈਗੇਜ ਹੈਂਡਲਰ ਜਾਂ ਰੈਂਪ ਵਰਕਰ ਕਿਸੇ ਸਧਾਰਨ ਯਾਤਰੀ ਦੇ ਚੈੱਕ-ਇਨ ਕੀਤੇ ਬੈਗ ਤੋਂ ਅਸਲੀ ਬਾਰਕੋਡ ਵਾਲਾ ਟੈਗ ਉਤਾਰ ਲੈਂਦਾ ਸੀ ਅਤੇ ਉਸ ਨੂੰ ਤਸਕਰੀ ਵਾਲੇ ਨਸ਼ੇ ਦੇ ਬੈਗ ‘ਤੇ ਚਿਪਕਾ ਦਿੰਦਾ ਸੀ। ਜੇਕਰ ਉਹ ਨਸ਼ੇ ਵਾਲਾ ਬੈਗ ਅਗਲੇ ਦੇਸ਼ ਦੀ ਕਸਟਮ ਜਾਂਚ ਤੋਂ ਬਚ ਕੇ ਨਿਕਲ ਜਾਂਦਾ, ਤਾਂ ਉੱਥੇ ਮੌਜੂਦ ਗਰੋਹ ਦੇ ਮੈਂਬਰ ਉਸ ਨੂੰ ਹਾਸਲ ਕਰ ਲੈਂਦੇ ਸਨ, ਪਰ ਜੇਕਰ ਬੈਗ ਫੜਿਆ ਜਾਂਦਾ, ਤਾਂ ਟੈਗ ‘ਤੇ ਦਰਜ ਨਾਂਅ ਕਾਰਨ ਉਹ ਬੇਗੁਨਾਹ ਯਾਤਰੀ ਹੀ ਮੁੱਖ ਦੋਸ਼ੀ ਬਣ ਜਾਂਦਾ ਸੀ। ਇਸ ਸੰਬੰਧੀ ਕਾਰਵਾਈ ਕਰਦਿਆਂ ਰਾਇਲ ਕੈਨੇਡੀਅਨ ਮਾਊਂਟਡ ਪੁਲਸ ਨੇ ਟੋਰਾਂਟੋ ਪੀਅਰਸਨ ਹਵਾਈ ਅੱਡੇ ਦੇ ਛੇ ਬੈਗੇਜ ਅਤੇ ਰੈਂਪ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਘਿਨਾਉਣੇ ਰੈਕਟ ਕਾਰਨ ਬੀਤੇ ਇੱਕ ਸਾਲ ਵਿੱਚ ਘੱਟੋ-ਘੱਟ 17 ਬੇਗੁਨਾਹ ਕੈਨੇਡੀਅਨ ਯਾਤਰੀ ਨਸ਼ਾ ਤਸਕਰੀ ਦੇ ਝੂਠੇ ਕੇਸਾਂ ਵਿੱਚ ਫਸ ਚੁੱਕੇ ਹਨ। ਅਜਿਹਾ ਹੀ ਇੱਕ ਮਾਮਲਾ ਟੋਰਾਂਟੋ ਦੀ 35 ਸਾਲਾ ਪੈਰਾਮੈਡੀਕਲ ਮਹਿਲਾ ਨਿਕੋਲ ਨਾਲ ਵਾਪਰਿਆ, ਜਿਸ ਨੂੰ ਆਕਲੈਂਡ ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਉਸ ਦੇ ਨਾਂਅ ਵਾਲੇ ਦੋ ਸੂਟਕੇਸਾਂ ਵਿੱਚੋਂ 20 ਕਿੱਲੋਗਰਾਮ ਮੈਥਾਮਫੇਟਾਮੀਨ ਬਰਾਮਦ ਹੋਈ ਸੀ। ਖ਼ੁਸ਼ਕਿਸਮਤੀ ਨਾਲ 7 ਘੰਟੇ ਦੀ ਹਿਰਾਸਤ ਤੋਂ ਬਾਅਦ ਸੀ ਸੀ ਟੀ ਵੀ ਫੁਟੇਜ ਰਾਹੀਂ ਇਹ ਸਾਬਤ ਹੋ ਗਿਆ ਕਿ ਉਹ ਬੈਗ ਨਿਕੋਲ ਦੇ ਨਹੀਂ ਸਨ ਅਤੇ ਉਸ ਦੇ ਅਸਲੀ ਬੈਗ ਬਾਅਦ ਵਿੱਚ ‘ਰਸ਼ ਟੈਗ’ (ਦੇਰੀ ਨਾਲ ਪਹੁੰਚਣ ਵਾਲੇ ਟੈਗ) ਨਾਲ ਉੱਥੇ ਪਹੁੰਚੇ। ਇੱਕ ਹੋਰ ਮਾਮਲੇ ਵਿੱਚ, ਓਨਟਾਰੀਓ ਦੇ ਇੱਕ ਜੋੜੇ ਸਹਿਤ ਤਿੰਨ ਯਾਤਰੀਆਂ ਨੂੰ ਡੋਮੀਨਿਕਨ ਰਿਪਬਲਿਕ ਵਿੱਚ ਕਈ ਮਹੀਨੇ ਹਿਰਾਸਤ ਵਿੱਚ ਕੱਟਣੇ ਪਏ, ਕਿਉਂਕਿ ਉਨ੍ਹਾਂ ਦੇ ਟੈਗ 79 ਪੈਕਟ ਮਰੀਜੁਆਨਾ ਵਾਲੇ ਸੂਟਕੇਸਾਂ ‘ਤੇ ਲੱਗੇ ਹੋਏ ਸਨ। ਇਨ੍ਹਾਂ ਘਟਨਾਵਾਂ ਨੇ ਅੰਤਰਰਾਸ਼ਟਰੀ ਮੁਸਾਫ਼ਰਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।



