ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਜ਼ਬਰਦਸਤ ਉਭਾਰ ਤੋਂ ਬਾਅਦ ਨੈਸ਼ਨਲ ਪੈਰਾਸਿਟਿਕ ਫਰੰਟ (ਐੱਨ ਪੀ ਐੱਫ) ਵੀ ਮੈਦਾਨ ਵਿੱਚ ਆ ਗਿਆ ਹੈ, ਜਿਸ ਨੇ ਮੀਮ-ਅਧਾਰਤ ਸਿਆਸੀ ਈਕੋ ਸਿਸਟਮ (ਤਾਣੇ-ਬਾਣੇ) ਨੂੰ ਉਸ ਪਾਸੇ ਧੱਕ ਦਿੱਤਾ ਹੈ, ਜਿਸ ਨੂੰ ਉਪਭੋਗਤਾ (ਯੂਜ਼ਰਸ) ਇੰਟਰਨੈੱਟ ਸਿਆਸਤ ਦਾ ਗੈਰ-ਸਰਕਾਰੀ ਗੱਠਜੋੜ ਸੀਜ਼ਨ ਕਹਿ ਰਹੇ ਹਨ।
ਜੇਕਰ ਸੀ ਜੇ ਪੀ ਨੇ ਖੁਦ ਨੂੰ ਸਿਸਟਮ ਦੇ ਦਬਾਅ ਹੇਠ ਪਿਸਣ ਤੋਂ ਇਨਕਾਰ ਕਰਨ ਵਾਲੇ ‘ਲਚਕੀਲੇ ਹੇਠਲੇ ਵਰਗ’ ਦੀ ਇੱਕ ਪ੍ਰਤੀਕਾਤਮਕ ਆਵਾਜ਼ ਵਜੋਂ ਪੇਸ਼ ਕੀਤਾ, ਤਾਂ ਐੱਨ ਪੀ ਐੱਫ ਮੁੱਖ ਤੌਰ ‘ਤੇ ਉਸੇ ਬਿਆਨਬਾਜ਼ੀ ਦੇ ਜਵਾਬ ਵਿੱਚ ਇੱਕ ਵਿਅੰਗਾਤਮਕ ਵਿਰੋਧੀ ਜਾਂ ਸਪੂਫ਼ ਮੁਹਿੰਮ ਵਜੋਂ ਉੱਭਰਿਆ ਹੈ।
ਇਸ ਦੀ ਵੈੱਬਸਾਈਟ nationalparasiticparty.org ਦੇ ਮੁਤਾਬਕ ਐੱਨ ਪੀ ਐੱਫ ਦਾ ਨਾਅਰਾ ਹੈ: “ਅਸੀਂ ਚਿਪਕਦੇ ਨਹੀਂ—ਅਸੀਂ ਬਦਲਦੇ ਹਾਂ।” ਇਸ ਸਾਈਟ ਵਿੱਚ ਇੱਕ ਬੇਦਾਅਵਾ (ਡਿਸਕਲੇਮਰ) ਸ਼ਾਮਲ ਹੈ, ਜਿਸ ਵਿੱਚ ਲਿਖਿਆ ਹੈ : ‘ਇਹ ਇੱਕ ਵਿਅੰਗਾਤਮਕ ਇੱਕ-ਪੰਨੇ ਦੀ ਵੈੱਬਸਾਈਟ ਹੈ। ਕੋਈ ਅਸਲੀ ਚੋਣਾਂ ਨਹੀਂ ਹਨ। ਬੱਸ ਗੰਭੀਰ ਵਿਚਾਰ ਇੱਕ ਮਜ਼ਾਕੀਆ ਲਿਫਾਫੇ ਵਿੱਚ ਹਨ।’”
ਖੁਦ ਨੂੰ ਅਧਿਕਾਰਤ ਵਿਰੋਧੀ ਧਿਰ ਦੱਸਦੇ ਹੋਏ ਇਹ ਗਰੁੱਪ ਆਪਣੇ ਆਪ ਨੂੰ ਸੁਧਾਰ, ਜਵਾਬਦੇਹੀ ਅਤੇ ਜਨਤਕ ਦਬਾਅ ਦੇ ਆਲੇ-ਦੁਆਲੇ ਬਣੇ ਇੱਕ ਵਿਅੰਗਾਤਮਕ ਸਿਆਸੀ ਫਰੰਟ ਵਜੋਂ ਪੇਸ਼ ਕਰਦਾ ਹੈ। ਇਹ ਅੱਗੇ ਕਹਿੰਦਾ ਹੈ ਕਿ ਇਹ ਨਾਂਅ ਜਾਣਬੁੱਝ ਕੇ ਰੱਖਿਆ ਗਿਆ ਹੈ, ਇਹ ਦਰਸਾਉਂਦਾ ਹੈ ਕਿ ਇਹ ‘ਇੱਕ ਅਜਿਹੀ ਤਾਕਤ ਹੈ, ਜੋ ਇੱਕ ਟੁੱਟੇ ਹੋਏ ਸਿਸਟਮ ਨਾਲ ਇਸ ਲਈ ਨਹੀਂ ਜੁੜਦੀ ਕਿ ਇਸ ਦਾ ਸ਼ੋਸ਼ਣ ਕਰ ਸਕੇ, ਬਲਕਿ ਇਸ ਲਈ ਜੁੜਦੀ ਹੈ ਤਾਂ ਜੋ ਇਸ ਨੂੰ ਅੰਦਰੋਂ ਬੇਨਕਾਬ ਕਰ ਸਕੇ।’”ਐੱਨ ਪੀ ਐੱਫ ਦੇ ਮੈਨੀਫੈਸਟੋ ਵਿੱਚ ਅਪਰਾਧ-ਮੁਕਤ ਸੰਸਦ, ਪੜ੍ਹੇ-ਲਿਖੇ ਪ੍ਰਤੀਨਿਧ, ਪਾਰਦਰਸ਼ੀ ਫੰਡਿੰਗ, ਜਨਤਕ ਰਿਪੋਰਟ ਕਾਰਡ, ਨੌਜਵਾਨ-ਪਹਿਲਾਂ ਨੀਤੀ, ਸਾਫ-ਸੁਥਰੀ ਡਿਜੀਟਲ ਗਵਰਨੈਂਸ, ਸਥਾਨਕ ਬੁਨਿਆਦੀ ਢਾਂਚੇ ਦਾ ਆਡਿਟ ਅਤੇ ਸੱਤਾ ਤੋਂ ਪਹਿਲਾਂ ਜਵਾਬਦੇਹੀ ਵਰਗੀਆਂ ਮੰਗਾਂ ਸ਼ਾਮਲ ਹਨ। ਇਸ ਦੇ ਉਲਟ ਸੀ ਜੇ ਪੀ ਵਿਵਾਦਪੂਰਨ ‘ਕਾਕਰੋਚ’ ਟਿੱਪਣੀ ਤੋਂ ਬਾਅਦ ਇੱਕ ਵਿਰੋਧ-ਸ਼ੈਲੀ ਦੇ ਇੰਟਰਨੈੱਟ ਅੰਦੋਲਨ ਵਜੋਂ ਸ਼ੁਰੂ ਹੋਈ ਸੀ ਅਤੇ ਉਦੋਂ ਤੋਂ ਇਹ ਇੰਸਟਾਗ੍ਰਾਮ ‘ਤੇ 1 ਕਰੋੜ 20 ਲੱਖ ਤੋਂ ਵੱਧ ਫਾਲੋਅਰਜ਼ ਦੇ ਨਾਲ ਇੱਕ ਬਹੁਤ ਜ਼ਿਆਦਾ ਦਿਖਾਈ ਦੇਣ ਵਾਲਾ ਆਨਲਾਈਨ ਟ੍ਰੈਂਡ ਬਣ ਚੁੱਕੀ ਹੈ। ਇਨ੍ਹਾਂ ਦੋਵਾਂ ਪੈਰੋਡੀ ਮੁਹਿੰਮਾਂ ਵਿਚਕਾਰ ਮੁਕਾਬਲਾ ਹੁਣ ਇੱਕ ਵਾਇਰਲ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਵਿੱਚ ਉਪਭੋਗਤਾ ਬਹਿਸ ਕਰ ਰਹੇ ਹਨ ਕਿ ਕਿਹੜੀ ਕਾਲਪਨਿਕ ਪਾਰਟੀ ਭਾਰਤ ਦੇ ਨਿਰਾਸ਼ ਡਿਜੀਟਲ ਨੌਜਵਾਨਾਂ ਦੀ ਬਿਹਤਰ ਨੁਮਾਇੰਦਗੀ ਕਰਦੀ ਹੈ।




