ਜਲੰਧਰ, (ਗਿਆਨ ਸੈਦਪੁਰੀ)
ਬੁੱਧਵਾਰ ਰਾਤ ਭਾਰਤੀ ਕਮਿਊਨਿਸਟ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਹਰਮਨ ਪਿਆਰੇ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਕਾਰ ਦੀ ਭੰਨਤੋੜ ਦੀ ਘਟਨਾ ਦੀ ਸੀ ਪੀ ਆਈ ਦੀ ਸਮੁੱਚੀ ਲੀਡਰਸ਼ਿੱਪ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ‘ਤੇ ਹਮਲਾ ਕਰਾਰ ਦਿੱਤਾ ਹੈ। ਕਮਿਊਨਿਸਟ ਆਗੂਆਂ ਨੇ ਇਸ ਗੱਲ ‘ਤੇ ਰਾਹਤ ਮਹਿਸੂਸ ਕੀਤੀ ਕਿ ਕਾਮਰੇਡ ਅਰਸ਼ੀ ਠੀਕ-ਠਾਕ ਹਨ ਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਵੱਜੀ। ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਅਤੇ ਸਾਬਕਾ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਇਹ ਘਟਨਾ ਪੰਜਾਬ ਦੇ ਮਾੜੇ ਹਾਲਾਤ ਵੀ ਬਿਆਨ ਕਰਦੀ ਹੈ। ਅਜਿਹੀਆਂ ਘਟਨਾਵਾਂ ਵਿੱਚ ਲਗਾਤਾਰ ਹੁੰਦਾ ਆ ਰਿਹਾ ਵਾਧਾ ਪੰਜਾਬ ਪੁਲਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉਠਾਉਂਦਾ ਹੈ। ਉਨ੍ਹਾ ਇਸ ਮੰਦਭਾਗੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਫੜ ਕੇ ਬਣਦੀ ਸਜ਼ਾ ਦਿੱਤੀ ਜਾਵੇ। ਉਨ੍ਹਾ ਕਿਹਾ ਕਿ ਸਿਆਸਤਦਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ।
ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਮਰੇਡ ਅਰਸ਼ੀ ਜਦੋਂ ਚੋਣ ਪ੍ਰਚਾਰ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਦੀ ਕਾਰ ‘ਤੇ ਹਮਲਾ ਹੋਣਾ ਲੋਕਤੰਤਰ ਲਈ ਘਾਤਕ ਹੈ। ਉਨ੍ਹਾ ਕਿਹਾ ਕਿ ਸਿਆਸਤ ਵਿੱਚ ਗੁੰਡਾਗਰਦੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਸੀ ਪੀ ਆਈ ਦੀ ਸੂਬਾ ਸਕੱਤਰੇਤ ਦੇ ਮੈਂਬਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਪੰਜਾਬ ਦੇ ਸਮੁੱਚੇ ਹਾਲਾਤ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਕਾਰ ‘ਤੇ ਹਮਲਾ ਸਾਬਤ ਕਰਦਾ ਹੈ ਕਿ ਪੰਜਾਬ ਪੁਲਸ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੀ। ਆਮ ਅਤੇ ਖਾਸ ਲੋਕਾਂ ਦੀ ਸੁਰੱਖਿਆ ਪੱਖੋਂ ਪੰਜਾਬ ਪੁਲਸ ਨੂੰ ਚੌਕਸ ਹੋਣ ਦੀ ਲੋੜ ਹੈ। ਸੀ ਪੀ ਆਈ ਦੀ ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਅਤੇ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੰਦੀਪ ਅਰੋੜਾ ਨੇ ਵੀ ਕਾਮਰੇਡ ਹਰਦੇਵ ਸਿੰਘ ਅਰਸ਼ੀ ਦੀ ਕਾਰ ‘ਤੇ ਹੋਏ ਹਮਲੇ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸੇ ਦੌਰਾਨ ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ. ਰਾਜਾ ਅਤੇ ਸੀ ਪੀ ਆਈ ਦੇ ਕੌਮੀ ਸਕੱਤਰੇਤ ਦੀ ਮੈਂਬਰ ਕਾਮਰੇਡ ਐਨੀ ਰਾਜਾ ਨੇ ਕਾਮਰੇਡ ਅਰਸ਼ੀ ਦਾ ਫੋਨ ਰਾਹੀਂ ਹਾਲ-ਚਾਲ ਪੁੱਛਿਆ ਅਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ।
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਬੁਢਲਾਡਾ ਵਿੱਚ ਕਾਮਰੇਡ ਅਰਸ਼ੀ ਦੀ ਕਾਰ ‘ਤੇ ਹੋਏ ਹਮਲੇ ਦੀ ਕਰੜੀ ਨਿੰਦਾ ਕੀਤੀ ਹੈ। ਇਹ ਘਟਨਾ ਰਾਜ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਵਿਗੜ ਰਹੀ ਸਥਿਤੀ ਨੂੰ ਦਰਸਾਉਂਦੀ ਹੈ। ਚੋਣ ਇੱਕ ਲੋਕਤੰਤਰਿਕ ਪ੍ਰਕਿਰਿਆ ਹੈ, ਪਰ ਦੁੱਖ ਦੀ ਗੱਲ ਹੈ ਕਿ ਧਨ ਅਤੇ ਬਾਹੂਬਲ ਦੇ ਇਸਤੇਮਾਲ ਕਾਰਨ ਲੋਕਤੰਤਰਿਕ ਮੁੱਲ ਬਹੁਤ ਹੇਠਾਂ ਆ ਗਏ ਹਨ। ਪਾਰਟੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਕਾਮਰੇਡ ਹਰਦੇਵ ਅਰਸ਼ੀ ਸੀ ਪੀ ਆਈ ਦੇ ਇੱਕ ਸਨਮਾਨਤ ਸੀਨੀਅਰ ਆਗੂ ਹਨ, ਜਿਨ੍ਹਾ ਨੂੰ ਵਿਧਾਨ ਸਭਾ ਵਿੱਚ ਸਰਵੋਤਮ ਵਿਧਾਇਕ ਦਾ ਐਵਾਰਡ ਮਿਲ ਚੁੱਕਾ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸਹਾਇਕ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ, ਐੱਮ ਐੱਸ ਭਾਟੀਆ, ਡਾ. ਰਜਿੰਦਰ ਪਾਲ ਸਿੰਘ ਔਲਖ, ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਵਿਜੇ ਕੁਮਾਰ ਅਤੇ ਕੇਵਲ ਸਿੰਘ ਬਨਵੈਤ ਸ਼ਾਮਲ ਹਨ।





