ਭਾਜਪਾ ਨਾਲੋਂ ਵੱਧ ਫਾਲੋਅਰ ਹੋ ਜਾਣ ‘ਤੇ ਇੰਸਟਾਗ੍ਰਾਮ ਚਾਣਚੱਕ ਬਲੌਕ
ਚੰਡੀਗੜ੍ਹ : ਕਾਕਰੋਚ ਜਨਤਾ ਪਾਰਟੀ ਦੇ ਐਕਸ (ਟਵਿੱਟਰ) ਖਾਤੇ ਨੂੰ ਭਾਰਤ ਵਿੱਚ ਰੋਕ ਦਿੱਤੇ ਜਾਣ ਦੀ ਖ਼ਬਰ ਹੈ। ਇਹ ਕਾਰਵਾਈ ਇਸ ਵਿਅੰਗਮਈ ਪੇਜ ਦੇ ਆਨਲਾਈਨ ਬਹੁਤ ਜ਼ਿਆਦਾ ਮਸ਼ਹੂਰ ਹੋਣ ਅਤੇ ਇਸ ਦੀ ਵਧਦੀ ਸੋਸ਼ਲ ਮੀਡੀਆ ਪ੍ਰਸਿੱਧੀ ਕਾਰਨ ਸਿਆਸੀ ਚਰਚਾ ਛਿੜਨ ਤੋਂ ਬਾਅਦ ਹੋਈ ਹੈ। ਪਾਰਟੀ ਦੇ ਬਾਨੀ ਅਭਿਜੀਤ ਦਿਪਕੇ ਨੇ ਵੀਰਵਾਰ ਨੂੰ ਐਕਸ ‘ਤੇ ਪੋਸਟ ਕਰਕੇ ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੱਤੀ, ‘ਜਿਵੇਂ ਕਿ ਉਮੀਦ ਸੀ, ਕਾਕਰੋਚ ਜਨਤਾ ਪਾਰਟੀ ਦਾ ਖਾਤਾ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ। ਉਹ ਸਾਡੇ ਤੋਂ ਏਨੇ ਡਰੇ ਹੋਏ ਹਨ’ ਕਾਕਰੋਚ ਜਨਤਾ ਪਾਰਟੀ ਨੇ ਹਾਲ ਹੀ ਵਿੱਚ ਆਪਣੀ ਤਿੱਖੀ ਸਿਆਸੀ ਟਿੱਪਣੀ, ਹਾਸੋਹੀਣੀਆਂ ਪੋਸਟਾਂ ਅਤੇ ਵਿਲੱਖਣ ਬ੍ਰਾਂਡਿੰਗ ਨਾਲ ਲੋਕਾਂ ਦਾ ਧਿਆਨ ਖਿੱਚਿਆ ਹੈ ਜਿਸ ਨਾਲ ਇੰਸਟਾਗ੍ਰਾਮ ਅਤੇ ਐਕਸ ‘ਤੇ ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਇਸ ਨਾਲ ਜੁੜ ਗਈ ਹੈ । ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਦਾਅਵਾ ਵੀ ਕੀਤਾ ਕਿ ਇਸ ਪੇਜ ਦੇ ਇੰਸਟਾਗ੍ਰਾਮ ਫਾਲੋਅਰਜ਼ ਦੀ ਗਿਣਤੀ ਇੱਕ ਕਰੋੜ ਤੋਂ ਵਧ ਗਈ ਹੈ ਜੋ ਭਾਜਪਾ ਦੇ ਅਧਿਕਾਰਤ ਹੈਂਡਲ ਨਾਲੋਂ ਵੀ ਵੱਧ ਹੈ ਜਿਸ ਨਾਲ ਆਨਲਾਈਨ ਟਰੋਲਿੰਗ ਅਤੇ ਸਿਆਸੀ ਬਹਿਸ ਹੋਰ ਤੇਜ਼ ਹੋ ਗਈ। ਇਸ ਘਟਨਾਕ੍ਰਮ ਨੇ ਆਨਲਾਈਨ ਦੋਹਰੀਆਂ ਪ੍ਰਤੀਕਿਰਿਆਵਾਂ ਨੂੰ ਜਨਮ ਦਿੱਤਾ ਹੈ। ਜਿੱਥੇ ਕੁਝ ਯੂਜ਼ਰਸ ਨੇ ਭੜਕਾਊ ਸਮੱਗਰੀ ਦੇ ਖਿਲਾਫ ਸਖ਼ਤ ਕਾਰਵਾਈ ਦਾ ਸਮਰਥਨ ਕੀਤਾ, ਉੱਥੇ ਹੀ ਦੂਜਿਆਂ ਨੇ ਖਾਤਿਆਂ ‘ਤੇ ਲਗਾਈਆਂ ਪਾਬੰਦੀਆਂ ਦੀ ਪਾਰਦਰਸ਼ਤਾ ‘ਤੇ ਸਵਾਲ ਚੁੱਕੇ ਅਤੇ ਡਿਜੀਟਲ ਸਪੇਸ ਵਿੱਚ ਸੈਂਸਰਸ਼ਿਪ ਅਤੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਚਿੰਤਾਵਾਂ ਜਤਾਈਆਂ ਹਨ।
30 ਸਾਲ ਦੇ ਸਿਆਸੀ ਸੰਚਾਰ ਰਣਨੀਤੀਕਾਰ ਅਭਿਜੀਤ ਦਿਪਕੇ ਨੇ ਕਮਾਲ ਦੇ ਵਿਅੰਗ ਨਾਲ ਰਾਤੋ-ਰਾਤ ‘ਕਾਕਰੋਚ ਜਨਤਾ ਪਾਰਟੀ’ ( ਸੀ ਜੇ ਪੀ) ਖੜ੍ਹੀ ਕਰ ਦਿੱਤੀ। 15 ਮਈ ਨੂੰ ਇੱਕ ਅਦਾਲਤੀ ਸੁਣਵਾਈ ਦੌਰਾਨ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਨੇ ਕਿਹਾ ਸੀ: ‘ਕਾਕਰੋਚਾਂ ਵਰਗੇ ਅਜਿਹੇ ਨੌਜਵਾਨ ਹਨ, ਜਿਨ੍ਹਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਅਤੇ ਪੇਸ਼ੇ ਵਿੱਚ ਕੋਈ ਥਾਂ ਨਹੀਂ ਮਿਲਦੀ। ਉਨ੍ਹਾਂ ਵਿੱਚੋਂ ਕੁਝ ਮੀਡੀਆ ਬਣ ਜਾਂਦੇ ਹਨ, ਕੁਝ ਸੋਸ਼ਲ ਮੀਡੀਆ ਬਣ ਜਾਂਦੇ ਹਨ, ਕੁਝ ਆਰ.ਟੀ.ਆਈ. ਕਾਰਕੁਨ ਬਣ ਜਾਂਦੇ ਹਨ, ਕੁਝ ਹੋਰ ਕਾਰਕੁਨ ਬਣ ਜਾਂਦੇ ਹਨ ਅਤੇ ਉਹ ਹਰ ਕਿਸੇ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਹਨ…’। ਦਿਪਕੇ ਨੇ ਇਸ ਲੇਬਲ (ਨਾਂਅ) ਦਾ ਵਿਰੋਧ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਅਦਾਲਤ ਦੇ ਇਸ ਤਾਹਨੇ ਨੂੰ ਇੱਕ ਸਿਆਸੀ ਵਿਅੰਗ ਦੇ ਤੂਫ਼ਾਨ ਵਿੱਚ ਬਦਲ ਦਿੱਤਾ। ਦਿਪਕੇ ਨੇ ਬੋਸਟਨ ਯੂਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ ਵਿੱਚ ਮਾਸਟਰਜ਼ ਕਰਨ ਤੋਂ ਪਹਿਲਾਂ ਪੁਣੇ ਵਿੱਚ ਪੱਤਰਕਾਰੀ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ ਅਤੇ ਉਹ ਕਹਿੰਦੇ ਹਨ ਕਿ ਫਿਲਹਾਲ ਉਹ ਨੌਕਰੀ ਦੀ ਤਲਾਸ਼ ਕਰ ਰਹੇ ਹਨ। 2020 ਤੋਂ 2023 ਦੇ ਵਿਚਕਾਰ, ਦਿਪਕੇ ਨੇ ਆਮ ਆਦਮੀ ਪਾਰਟੀ ਨਾਲ ਸੋਸ਼ਲ ਮੀਡੀਆ ਰਣਨੀਤੀ ਅਤੇ ਚੋਣ ਮੁਹਿੰਮਾਂ ‘ਤੇ ਕੰਮ ਕੀਤਾ ਸੀ। 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ, ਉਨ੍ਹਾਂ ਨੇ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਮੀਮ-ਅਧਾਰਿਤ ਪ੍ਰਚਾਰ ਸੰਭਾਲਿਆ ਸੀ। ਇਸ ‘’ਕਾਕਰੋਚ’ ਵਿਵਾਦ ਤੋਂ ਤੁਰੰਤ ਬਾਅਦ, ਦਿਪਕੇ ਨੇ ਸੀ ਜੇ ਪੀ ਨੂੰ ਇੱਕ ਪੂਰਨ ਵਿਅੰਗਮਈ ਸਿਆਸੀ ਪਛਾਣ ਵਜੋਂ ਲਾਂਚ ਕਰ ਦਿੱਤਾ। ਪਾਰਟੀ ਦੀ ਵੈੱਬਸਾਈਟ ਇਸ ਨੂੰ ‘ਆਲਸੀ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼’ ਦੱਸਦੀ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਸ ਦੇ ਇੰਸਟਾਗ੍ਰਾਮ ‘ਤੇ ਡੇਢ ਕਰੋੜ ਤੋਂ ਵੱਧ ਫਾਲੋਅਰਜ਼ ਹੋ ਗਏ ਅਤੇ ਸੀ ਜੇ ਪੀ ਦੀ ਵੈੱਬਸਾਈਟ ‘ਤੇ 1 ਲੱਖ ਤੋਂ ਵੱਧ ਸਾਈਨ-ਅੱਪ (ਰਜਿਸਟਰੇਸ਼ਨ) ਹੋ ਚੁੱਕੇ ਹਨ। ਇੰਸਟਾਗ੍ਰਾਮ ਖਾਤੇ ਨੂੰ ਸ਼ਾਮ ਨੂੰ ਬਹਾਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਫਾਲੋਅਰਜ਼ ਵਧਣੇ ਸ਼ੁਰੂ ਹੋ ਗਏ।



