ਕਾਕਰੋਚ ਜਨਤਾ ਪਾਰਟੀ ਪ੍ਰੈਸ਼ਰ ਕੁੱਕਰ ਦੇ ਵਾਲਵ ਵਰਗੀ : ਥਰੂਰ

0
16

ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਸ਼ੁੱਕਰਵਾਰ ਵਾਇਰਲ ਵਿਅੰਗ ਸੰਗਠਨ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦਾ ਸਮਰਥਨ ਕਰਨ ਵਾਲੀਆਂ ਆਪਣੀਆਂ ਟਿੱਪਣੀਆਂ ਨੂੰ ਦੁੱਗਣਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਅਜਿਹੇ ਅੰਦੋਲਨਾਂ ਨੂੰ ਦਬਾਉਣਾ ‘ਮੂਰਖਤਾ’ ਹੋਵੇਗਾ ਅਤੇ ਚੇਤਾਵਨੀ ਦਿੱਤੀ ਕਿ ਨੌਜਵਾਨਾਂ ਦੀ ਨਿਰਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਤਬਾਹਕੁੰਨ ਸਾਬਤ ਹੋ ਸਕਦਾ ਹੈ।
ਐੱਕਸ ‘ਤੇ ਪੋਸਟਾਂ ਦੀ ਇੱਕ ਨਵੀਂ ਲੜੀ ਵਿੱਚ ਥਰੂਰ ਨੇ ਮੀਮ-ਸੰਚਾਲਤ ਸਿਆਸੀ ਵਿਅੰਗ ਲਹਿਰ ਦੇ ਉਭਾਰ ਦੀ ਪ੍ਰਸੰਸਾ ਕਰਨ ਵਾਲੀਆਂ ਆਪਣੀਆਂ ਪਿਛਲੀਆਂ ਟਿੱਪਣੀਆਂ ਦਾ ਬਚਾਅ ਕੀਤਾ। ਉਨ੍ਹਾ ਕਿਹਾ ਕਿ ਇਸ ਅੰਦੋਲਨ ਨੂੰ ਪਾਕਿਸਤਾਨੀ-ਸਮਰਥਤ ਆਨਲਾਈਨ ਸਰਗਰਮੀ ਨਾਲ ਜੋੜਿਆ ਜਾ ਰਿਹਾ ਹੈ। ਥਰੂਰ ਨੇ ਕਿਹਾ ਕਿ ਅਜਿਹੇ ਦਾਅਵੇ ਕਰਨੇ ਆਸਾਨ ਹਨ। ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਕਿਹਾ ਹੈ ਕਿ ਅੰਦੋਲਨ ਦੇ ਬਹੁਤ ਸਾਰੇ ਪੈਰੋਕਾਰ ਭਾਰਤ ਵਿੱਚ ਸਥਿਤ ਹਨ। ਉਨ੍ਹਾਂ ਅੱਗੇ ਕਿਹਾ ਕਿ ਪੈਰੋਕਾਰਾਂ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੂੰ ਸਫਾਈ ਦੇਣੀ ਚਾਹੀਦੀ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਵੱਡਾ ਮੁੱਦਾ ਇਹ ਨਹੀਂ ਕਿ ਅੰਦੋਲਨ ਕਿਸ ਨੇ ਵਿੱਢਿਆ, ਸਗੋਂ ਇਹ ਹੈ ਕਿ ਇਹ ਕੀ ਦਰਸਾਉਂਦਾ ਸੀ। ਲੋਕਤੰਤਰ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਜਨਤਕ ਭਾਵਨਾਵਾਂ, ਨਿਰਾਸ਼ਾ ਅਤੇ ਸ਼ਿਕਾਇਤਾਂ ਦੇ ਪ੍ਰਗਟਾਵੇ ਲਈ ਰਸਤਾ ਪ੍ਰਦਾਨ ਕਰਦਾ ਹੈ। ਇਨ੍ਹਾਂ ਨੂੰ ਵਿਅੰਗ ਸਾਈਟ ‘ਤੇ ਪ੍ਰਸਾਰਤ ਹੋਣ ਦੇਣਾ ਰਾਸ਼ਟਰੀ ਹਿੱਤ ਵਿੱਚ ਹੈ। ਉਸ ਨੇ ਅੱਗੇ ਕਿਹਾ ਕਿ ਇਸ ਅੰਦੋਲਨ ਨੇ ਸਾਡੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਉਭਾਰਿਆ ਹੈ ਅਤੇ ਸਰਕਾਰ ਤੇ ਵਿਰੋਧੀ ਪਾਰਟੀਆਂ ਉਨ੍ਹਾਂ ਦੇ ਗੁੱਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਸਮੱਸਿਆ ਦਾ ਹੱਲ ਲੱਭਣ। ਪ੍ਰੈਸ਼ਰ ਕੁੱਕਰ ਦੀ ਸਮਾਨਤਾ ਦੀ ਵਰਤੋਂ ਕਰਦੇ ਹੋਏ, ਥਰੂਰ ਨੇ ਕਿਹਾ, ”ਅਜਿਹੀਆਂ ਹਰਾਰਤਾਂ ਪ੍ਰੈਸ਼ਰ ਕੁੱਕਰ ਦੇ ਵਾਲਵ ਵਾਂਗ ਕੰਮ ਕਰਦੀਆਂ ਹਨ, ਭਾਫ ਛੱਡਦੀਆਂ ਹਨ। ਜੇ ਵਾਲਵ ਬੰਦ ਹੋ ਜਾਵੇ ਤਾਂ ਕੁੱਕਰ ਫਟ ਜਾਵੇਗਾ।” ਥਰੂਰ ਨੇ ਪਹਿਲਾਂ ਇਸ ਅੰਦੋਲਨ ਨੂੰ ਇੱਕ ਮੌਕਾ ਦੱਸਦਿਆਂ ਕਿਹਾ ਸੀ ਕਿ ਵਿਰੋਧੀ ਧਿਰ ਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾ ਕਿਹਾ ਸੀ ਕਿ ਇਹ ਭਾਰਤ ਦੇ ਨੌਜਵਾਨਾਂ ਵਿੱਚ ਹਕੀਕੀ ਨਿਰਾਸ਼ਾ ਨੂੰ ਦਰਸਾਉਂਦਾ ਹੈ ਅਤੇ ਮੁੱਖ ਧਾਰਾ ਦੀ ਸਿਆਸਤ ਨੂੰ ਨੌਜਵਾਨ ਵੋਟਰਾਂ ਨਾਲ ਮੁੜ ਜੁੜਨ ਦੀ ਲੋੜ ਨੂੰ ਦਰਸਾਉਂਦਾ ਹੈ।