ਲੁਧਿਆਣਾ (ਐਮ ਐਸ ਭਾਟੀਆ)-ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਅਤੇ ਪਾਰਟੀ ਦੇ ਅੰਤਰਰਾਸ਼ਟਰੀ ਵਿਭਾਗ ਦੇ ਮੁਖੀ ਰਾਮਾ ਕ੍ਰਿਸ਼ਨਾ ਪਾਂਡਾ 23 ਤੋਂ 27 ਮਈ ਤੱਕ ਮਾਸਕੋ ਵਿੱਚ ਅੰਤਰਰਾਸ਼ਟਰੀ ਦਹਿਸ਼ਤਗਰਦੀ ਵਿਰੋਧੀ ਫੋਰਮ ਦੀ ਮੀਟਿੰਗ ਵਿੱਚ ਭਾਗ ਲੈਣਗੇ। ਇਹ ਫੋਰਮ “ਅੰਤਰਰਾਸ਼ਟਰੀ ਦਹਿਸ਼ਤਗਰਦੀ, ਧੌਂਸ ਅਤੇ ਹਮਲਾਵਰੀ ਖ਼ਿਲਾਫ਼ ਸੰਘਰਸ਼ — ਅਮਨ ਅਤੇ ਸੁਰੱਖਿਆ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰੇਗਾ ਅਤੇ ਦੁਨੀਆ ਭਰ ਦੀਆਂ ਪ੍ਰਗਤੀਸ਼ੀਲ, ਖੱਬੇ ਪੱਖੀ ਅਤੇ ਸਮਰਾਜਵਾਦ ਵਿਰੋਧੀ ਤਾਕਤਾਂ ਨੂੰ ਇਕੱਠਾ ਕਰੇਗਾ। ਕਾਮਰੇਡ ਡੀ ਰਾਜਾ “21ਵੀਂ ਸਦੀ ਵਿੱਚ ਸਾਮਰਾਜਵਾਦ ਅਤੇ ਅੰਤਰਰਾਸ਼ਟਰੀ ਦਹਿਸ਼ਤਗਰਦੀ : ਕਾਰਨ, ਮਕਸਦ ਅਤੇ ਢੰਗ” ਵਿਸ਼ੇ ‘ਤੇ ਪਹਿਲੇ ਸੈਸ਼ਨ ਨੂੰ ਸੰਬੋਧਨ ਕਰਨਗੇ, ਜਦਕਿ ਕਾਮਰੇਡ ਰਾਮਾ ਕ੍ਰਿਸ਼ਨਾ ਪਾਂਡਾ ਅੰਤਰਰਾਸ਼ਟਰੀ ਦਹਿਸ਼ਤਗਰਦੀ ਅਤੇ ਇਸ ਦੇ ਵੱਖ-ਵੱਖ ਰੂਪਾਂ ਖ਼ਿਲਾਫ਼ ਸੰਘਰਸ਼ ਵਿੱਚ ਏਕਤਾ: ਪ੍ਰਗਤੀਸ਼ੀਲ ਖੱਬੇ ਪੱਖੀ ਤਾਕਤਾਂ ਦੀ ਭੂਮਿਕਾ” ਵਿਸ਼ੇ ‘ਤੇ ਦੂਜੇ ਸੈਸ਼ਨ ਨੂੰ ਸੰਬੋਧਨ ਕਰਨਗੇ।
ਦੌਰੇ ਦੌਰਾਨ ਸੀ ਪੀ ਆਈ ਦਾ ਪ੍ਰਤੀਨਿਧ ਮੰਡਲ ਵੱਖ-ਵੱਖ ਦੇਸ਼ਾਂ ਦੇ ਪ੍ਰਗਤੀਸ਼ੀਲ ਆਗੂਆਂ, ਕਮਿਊਨਿਸਟ ਅਤੇ ਮਜ਼ਦੂਰ ਪਾਰਟੀਆਂ, ਅਮਨ ਕਾਰਕੁੰਨਾਂ ਅਤੇ ਸਾਮਰਾਜਵਾਦ ਵਿਰੋਧੀ ਤਾਕਤਾਂ ਨਾਲ ਮੁਲਾਕਾਤ ਕਰੇਗਾ। ਪ੍ਰਤੀਨਿਧ ਮੰਡਲ ਕਮਿਊਨਿਸਟ ਪਾਰਟੀ ਆਫ ਦਾ ਰਸ਼ੀਅਨ ਫੈਡਰੇਸ਼ਨ ਨਾਲ ਆਪਸੀ ਚਿੰਤਾਵਾਂ, ਅੰਤਰਰਾਸ਼ਟਰੀ ਹਾਲਾਤ, ਅਮਨ, ਲੋਕਤੰਤਰ ਅਤੇ ਦੁਨੀਆ ਭਰ ਦੀਆਂ ਪ੍ਰਗਤੀਸ਼ੀਲ ਤਾਕਤਾਂ ਵਿਚਕਾਰ ਏਕਤਾ ਮਜ਼ਬੂਤ ਕਰਨ ਸਬੰਧੀ ਦੋ-ਪੱਖੀ ਚਰਚਾਵਾਂ ਵੀ ਕਰੇਗਾ।




