ਐੱਸ ਬੀ ਆਈ ਦੀਆਂ ਬਰਾਂਚਾਂ 6 ਦਿਨ ਬੰਦ!

0
13

ਨਵੀਂ ਦਿੱਲੀ (ਨ ਜ਼ ਸ)- ਸਟੇਟ ਬੈਂਕ ਆਫ ਇੰਡੀਆ ਦੀਆਂ ਬਰਾਂਚਾਂ 23 ਮਈ ਤੋਂ 28 ਮਈ ਤੱਕ ਬੰਦ ਰਹਿ ਸਕਦੀਆਂ ਹਨ। 23 ਮਈ ਮਹੀਨੇ ਦਾ ਚੌਥਾ ਸ਼ਨੀਵਾਰ ਹੈ ਅਤੇ 24 ਮਈ ਐਤਵਾਰ ਹੈ। ਆਲ ਇੰਡੀਆ ਸਟੇਟ ਬੈਂਕ ਆਫ ਇੰਡੀਆ ਸਟਾਫ ਫੈਡਰੇਸ਼ਨ ਨੇ ਵੱਖ-ਵੱਖ ਮੰਗਾਂ ਲਈ 25 ਅਤੇ 26 ਮਈ (ਸੋਮਵਾਰ ਅਤੇ ਮੰਗਲਵਾਰ) ਨੂੰ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦਾ ਸਿੱਧਾ ਪ੍ਰਭਾਵ ਬੈਂਕ ਦੇ ਕੰਮਕਾਜ ‘ਤੇ ਪੈ ਸਕਦਾ ਹੈ। ਵੱਖ-ਵੱਖ ਰਾਜਾਂ ਵਿੱਚ ਬਕਰੀਦ ਦਾ ਤਿਉਹਾਰ ਵੱਖ-ਵੱਖ ਦਿਨਾਂ ‘ਤੇ ਮਨਾਇਆ ਜਾਵੇਗਾ, ਜਿਸ ਲਈ ਆਰ ਬੀ ਆਈ ਨੇ ਦੋ ਦਿਨ (27-28 ਮਈ) ਛੁੱਟੀਆਂ ਵਜੋਂ ਨਿਰਧਾਰਤ ਕੀਤੇ ਹਨ, ਕਿਉਂਕਿ ਹੜਤਾਲ ਕਲਰਕ ਅਤੇ ਹੋਰ ਸਟਾਫ ਕਰ ਰਿਹਾ ਹੈ, ਇਸ ਲਈ ਚੈੱਕ ਕਲੀਅਰਿੰਗ, ਕੈਸ਼ ਕਾਊਂਟਰ ਅਤੇ ਪਾਸਬੁੱਕ ਅਪਡੇਟ ਵਰਗੇ ਕੰਮ ਠੱਪ ਰਹਿ ਸਕਦੇ ਹਨ।
ਮੁਸਲਿਮ ਪੱਖ ਭੋਜਸ਼ਾਲਾ ਮਸਜਿਦ ‘ਤੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜਾ
ਧਾਰ (ਮੱਧ ਪ੍ਰਦੇਸ਼) : ਮੁਸਲਿਮ ਪੱਖ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਭਾਰਤ ਦੀ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜਿਸ ਵਿੱਚ ਧਾਰ ਵਿੱਚ ਭੋਜਸ਼ਾਲਾ ਮਸਜਿਦ ਕੰਪਲੈਕਸ ਨੂੰ ਇੱਕ ਮੰਦਰ ਘੋਸ਼ਿਤ ਕੀਤਾ ਗਿਆ ਸੀ। ਇਹ ਵਿਸ਼ੇਸ਼ ਲੀਵ ਪਟੀਸ਼ਨ ਕਾਜ਼ੀ ਮੋਈਨੁੱਦੀਨ ਦੁਆਰਾ ਦਾਇਰ ਕੀਤੀ ਗਈ ਹੈ, ਜੋ ਆਪਣੇ ਆਪ ਨੂੰ ਕਮਾਲ ਮੌਲਾ ਮਸਜਿਦ ਦਾ ਦੇਖਭਾਲ ਕਰਤਾ ਦੱਸਦੇ ਹਨ। ਹਿੰਦੂ ਪੱਖ ਦਾ ਦਾਅਵਾ ਹੈ ਕਿ ਭੋਜਸ਼ਾਲਾ ਮਸਜਿਦ ਕੰਪਲੈਕਸ ਦੇਵੀ ਸਰਸਵਤੀ ਦਾ ਇੱਕ ਮੰਦਰ ਹੈ, ਉੱਥੇ ਹੀ ਮੁਸਲਿਮ ਪੱਖ ਦਾ ਮੰਨਣਾ ਹੈ ਕਿ ਇਹ ਕਮਾਲ ਮੌਲਾ ਮਸਜਿਦ ਹੈ। ਮੁਸਲਿਮ ਭਾਈਚਾਰੇ ਨੇ ਕਿਹਾ ਹੈ ਕਿ ਉਹ ਪਟੀਸ਼ਨ ਦਾਇਰ ਕਰਨ ਤੋਂ ਤੁਰੰਤ ਬਾਅਦ ਸੁਪਰੀਮ ਕੋਰਟ ਤੋਂ ਸਟੇਅ ਆਰਡਰ ਦੀ ਉਮੀਦ ਕਰ ਰਹੇ ਹਨ। ਮੁਸਲਿਮ ਭਾਈਚਾਰੇ ਦੇ ਪ੍ਰਧਾਨ ਨੇ ਕਿਹਾ, ”ਅਸੀਂ ਭੋਜਸ਼ਾਲਾ ਵਿੱਚ ਨਮਾਜ਼ ਅਦਾ ਨਹੀਂ ਕਰਾਂਗੇ, ਕਿਉਂਕਿ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ ਹੈ।” ਇਸ ਦੌਰਾਨ ਹਿੰਦੂ ਧਿਰ ਭੋਜਸ਼ਾਲਾ ਕੰਪਲੈਕਸ ਉਪਰ ਪੂਰੀ ਤਰ੍ਹਾਂ ਨਿਯੰਤਰਣ ਕਰਨ ਦੀ ਤਿਆਰੀ ‘ਚ ਹੈ।
ਪਠਾਨਕੋਟ ਵਾਸੀ ਜਾਸੂਸੀ ਮਾਮਲੇ ‘ਚ ਗ੍ਰਿਫਤਾਰ
ਚੰਡੀਗੜ੍ਹ/ਪਠਾਨਕੋਟ (ਨ ਜ਼ ਸ)- ਪੰਜਾਬ ਦੇ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਾਕਿਸਤਾਨ ਸਥਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਅਨੁਸਾਰ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਚੱਕ ਧਾਰੀਵਾਲ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਕਥਿਤ ਤੌਰ ‘ਤੇ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਹਰਕਤ ‘ਤੇ ਨਜ਼ਰ ਰੱਖਣ ਲਈ ਰਾਸ਼ਟਰੀ ਰਾਜਮਾਰਗ-44 ‘ਤੇ ਇੱਕ ਪੁਲ ਦੇ ਨੇੜੇ ਸਥਿਤ ਇੱਕ ਦੁਕਾਨ ‘ਤੇ ਸੀ ਸੀ ਟੀ ਵੀ ਕੈਮਰਾ ਲਗਾਇਆ ਸੀ। ਉਹ ਇਸ ਦੀ ਲਾਈਵ ਫੀਡ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜ ਰਿਹਾ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਜਨਵਰੀ ਵਿੱਚ ਇੰਟਰਨੈੱਟ ਆਧਾਰਤ ਸੀ ਸੀ ਟੀ ਵੀ ਕੈਮਰਾ ਲਗਾਇਆ ਸੀ। ਉਸ ਨੂੰ ਦੁਬਈ ਦੇ ਇੱਕ ਅਣਪਛਾਤੇ ਵਿਅਕਤੀ ਤੋਂ ਵੀ ਨਿਰਦੇਸ਼ ਮਿਲ ਰਹੇ ਸਨ। ਪੁਲਸ ਨੇ ਦਾਅਵਾ ਕੀਤਾ ਕਿ ਉਸ ਨੂੰ 40,000 ਰੁਪਏ ਦਿੱਤੇ ਗਏ ਸਨ। ਪੁਲਸ ਨੇ ਸੀ ਸੀ ਟੀ ਵੀ ਕੈਮਰਾ ਬਰਾਮਦ ਕਰ ਲਿਆ ਹੈ।