ਚੰਡੀਗੜ੍ਹ (ਗੁਰਜੀਤ ਬਿੱਲਾ)- ਪੰਜਾਬ ਵਿਚ ਗਰਮੀ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਕਰਦੇ ਕਿਹਾ ਕਿ ਗਰਮੀ ਨੂੰ ਧਿਆਨ ਵਿਚ ਰੱਖਦਿਆਂ 25 ਮਈ ਦਿਨ ਸੋਮਵਾਰ ਤੋਂ ਸਰਕਾਰੀ ਦਫ਼ਤਰਾਂ ਅਤੇ ਸਾਰੇ ਸਕੂਲਾਂ, ਸਾਰੀਆਂ ਕਲਾਸਾਂ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਤੱਕ ਹੋਵੇਗਾ।
ਜੰਗਬੰਦੀ ਛੇਤੀ ਸੰਭਵ
ਤਹਿਰਾਨ : ਅਲ ਅਰਬੀਆ ਦੇ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਸੰਭਾਵੀ ਸਮਝੌਤੇ ਦਾ ਅੰਤਿਮ ਖਰੜਾ ਕੁਝ ਘੰਟਿਆਂ ਦੇ ਅੰਦਰ ਐਲਾਨ ਕੀਤੇ ਜਾਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਸਾਰੇ ਮੋਰਚਿਆਂ ‘ਤੇ ਤੁਰੰਤ, ਵਿਆਪਕ, ਬਿਨਾਂ ਸ਼ਰਤ ਜੰਗਬੰਦੀ ਅਤੇ ਹਾਰਮੁਜ਼ ਜਲਡਮਰੂ ਜਲ ਮਾਰਗ ਰਾਹੀਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ ਸ਼ਾਮਲ ਹੋਵੇਗੀ। ਇਹ ਸਮਝੌਤਾ ਦੋਵਾਂ ਧਿਰਾਂ ਦੁਆਰਾ ਐਲਾਨਿਆ ਜਾਵੇਗਾ। ਇਸ ਸਮਝੌਤੇ ਵਿੱਚ ਫੌਜੀ, ਨਾਗਰਿਕ ਜਾਂ ਆਰਥਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਾ ਬਣਾਉਣ ਲਈ ਆਪਸੀ ਵਚਨਬੱਧਤਾ ਪ੍ਰਗਟਾਈ ਗਈ ਹੈ ਤੇ ਸਾਰੇ ਫੌਜੀ ਅਪਰੇਸ਼ਨਾਂ ਨੂੰ ਖਤਮ ਕਰਨਾ ਅਤੇ ਮੀਡੀਆ ਯੁੱਧ ਨੂੰ ਰੋਕਣਾ ਸ਼ਾਮਲ ਹੈ।
ਬੈਲਟ ਪੇਪਰ ਰਾਹੀਂ ਹੀ ਹੋਣਗੀਆਂ ਪੰਜਾਬ ਨਿਗਮ ਚੋਣਾਂ
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਈ ਵੀ ਐੱਮ ਰਾਹੀਂ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ ਬੈਲੇਟ ਪੇਪਰਾਂ ਰਾਹੀਂ ਹੀ ਹੋਣਗੀਆਂ। ਪੰਜਾਬ ‘ਚ ਨਿਗਮ ਚੋਣਾਂ ‘ਚ ਧੱਕੇਸ਼ਾਹੀ ਨਾ ਹੋਣ ਅਤੇ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਲਈ ਮੁਹਾਲੀ ਦੀ ਐਡਵੋਕੇਟ ਰੂਚਿਕਾ ਗਰਗ ਨੇ ਪਟੀਸ਼ਨ ਦਾਖਲ ਕੀਤੀ ਸੀ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਹੁਣ ਦੇਰ ਹੋ ਚੁੱਕੀ ਹੈ, ਕਿਉਂਕਿ ਚੋਣਾਂ ਦਾ ਪੂਰਾ ਪ੍ਰੋਗਰਾਮ ਜਾਰੀ ਹੋ ਚੁੱਕਾ ਹੈ ਅਤੇ ਹੁਣ ਇਸ ਮਾਮਲੇ ਵਿੱਚ ਦਖਲ ਦੇਣਾ ਠੀਕ ਨਹੀਂ ਹੈ।




