ਭਾਜਪਾ ‘ਭਗਤ’ ਵਾਲ-ਵਾਲ ਬਚਿਆ!

0
8

ਨਵੀਂ ਦਿੱਲੀ (ਨ ਜ਼ ਸ) – ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਕਰੀਬੀ ਸਹਿਯੋਗੀ ਚੰਦਰਨਾਥ ਰੱਥ ਦੇ ਕਤਲ ਦੇ ਸੰਬੰਧ ‘ਚ ਸੀ ਬੀ ਆਈ ਵੱਲੋਂ ‘ਗਲਤੀ ਨਾਲ’ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ 20 ਮਈ ਨੂੰ ਰਿਹਾਈ ਨੇ ਯੂ ਪੀ ਪੁਲਸ ਦੀ ਕਾਰਕਰਦਗੀ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। 28 ਸਾਲਾ ਰਾਜ ਸਿੰਘ ਨੂੰ ਪੁਲਸ ਨੇ 10 ਮਈ ਨੂੰ ਗ੍ਰਿਫਤਾਰ ਕੀਤਾ ਸੀ। ਸੀ ਬੀ ਆਈ ਨੇ 11 ਮਈ ਨੂੰ ਇਸ ਮਾਮਲੇ ਵਿੱਚ ਇੱਕ ਵੱਖਰੀ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਜਾਂਚ ਆਪਣੇ ਹੱਥ ਵਿੱਚ ਲੈ ਲਈ ਸੀ। ਸੀ ਬੀ ਆਈ ਨੇ ਪਾਇਆ ਕਿ ਉਸਨੂੰ ਕਥਿਤ ਮੁੱਖ ਸ਼ੂਟਰ ਰਾਜ ਕੁਮਾਰ ਸਿੰਘ ਦੇ ਨਾਂਅ ਨਾਲ ਉਲਝਣ ਕਾਰਨ ਗਲਤੀ ਨਾਲ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਰਾਜ ਸਿੰਘ ਨੂੰ ਯੂ ਪੀ ਪੁਲਸ ਨੇ ਅਯੁੱਧਿਆ ਤੋਂ ਹਿਰਾਸਤ ਵਿੱਚ ਲੈ ਕੇ ਬੰਗਾਲ ਪੁਲਸ ਦੇ ਹਵਾਲੇ ਕੀਤਾ ਸੀ। ਭਾਜਪਾ ਨੇਤਾਵਾਂ ਨਾਲ ਉਸਦੀ ਤਸਵੀਰ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਤ ਹੋਈ, ਜਿਸ ਨਾਲ ਸਿਆਸੀ ਅਟਕਲਾਂ ਨੂੰ ਹਵਾ ਮਿਲੀ। ਮਾਮਲੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਉਸਨੂੰ ਬੁੱਧਵਾਰ ਕੋਲਕਾਤਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਰਾਜ ਸਿੰਘ ਨੇ ਦੋਸ਼ ਲਗਾਇਆ ਕਿ ਕੋਲਕਾਤਾ ਲਿਜਾਣ ਤੋਂ ਬਾਅਦ ਸੀ ਆਈ ਡੀ ਨੇ ਉਸਨੂੰ ਉਹ ਅਪਰਾਧ ਕਬੂਲ ਕਰਨ ਲਈ ਤਸੀਹੇ ਦਿੱਤੇ, ਜੋ ਉਸਨੇ ਕੀਤਾ ਹੀ ਨਹੀਂ ਸੀ। ਆਪਣੇ ਆਪ ਨੂੰ ਅਖਿਲ ਭਾਰਤੀ ਕਸ਼ੱਤਰੀ ਮਹਾਂਸਭਾ ਦਾ ਸੂਬਾ ਜਨਰਲ ਸਕੱਤਰ ਦੱਸਣ ਵਾਲੇ ਰਾਜ ਸਿੰਘ ਨੇ ਸੀ ਬੀ ਆਈ ਦਾ ਧੰਨਵਾਦ ਕਰਦਿਆਂ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਉਸ ਦੀ ਗ੍ਰਿਫਤਾਰੀ ਵਿੱਚ ਸ਼ਾਮਲ ਪੁਲਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਸਨੇ ਕਿਹਾ ਕਿ ਉਸਨੂੰ ਡਰ ਲੱਗਾ ਰਿਹਾ ਕਿ ਮੁਕਾਬਲੇ ਵਿੱਚ ਮਾਰ ਦਿੱਤਾ ਜਾਵੇਗਾ।
ਬਲੀਆ ਦੇ ਆਨੰਦ ਨਗਰ ਇਲਾਕੇ ਵਿੱਚ ਆਪਣੇ ਘਰ ‘ਤੇ ਗੱਲ ਕਰਦਿਆਂ ਉਸਨੇ ਦੋਸ਼ ਲਗਾਇਆ ਕਿ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ ਓ ਜੀ) ਦੇ ਜਵਾਨਾਂ ਨੇ ਉਸਨੂੰ ਮਾਨਸਕ ਤੌਰ ‘ਤੇ ਪ੍ਰੇਸ਼ਾਨ ਕੀਤਾ, ਉਸਨੂੰ ਝੂਠੇ ਮੁਕਾਬਲੇ ਦੀ ਧਮਕੀ ਦਿੱਤੀ ਅਤੇ ਉਸਨੂੰ ਇਕਬਾਲ ਕਰਨ ਲਈ ਦਬਾਅ ਪਾਇਆ। ਸੰਬੰਧਤ ਅਧਿਕਾਰੀਆਂ ਨੇ ਅਜੇ ਤੱਕ ਦੋਸ਼ਾਂ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਪੋਸਟ ਪਾਈ ਹੈ, ”ਰਾਜ ਸਿੰਘ ਅਤੇ ਉਨ੍ਹਾਂ ਦਾ ਪਰਵਾਰ ਭਾਜਪਾ ਦੇ ਸ਼ਰਧਾਲੂ ਹਨ। ਉਨ੍ਹਾਂ ਨੇ ਪੁਲਸ ਮੁਕਾਬਲਿਆਂ, ਈ ਡੀ-ਸੀ ਬੀ ਆਈ ਛਾਪਿਆਂ ਅਤੇ ਫਰਜ਼ੀ ਮਾਮਲਿਆਂ ‘ਚ ਗ੍ਰਿਫਤਾਰੀਆਂ ਦੀ ਵੀ ਬਹੁਤ ਤਾਰੀਫ ਕੀਤੀ ਹੋਵੇਗੀ। ਭਾਜਪਾ ਨੂੰ ਉਨ੍ਹਾਂ ਦੀਆਂ ਤਾੜੀਆਂ ਤੋਂ ਹੋਰ ਵੀ ਹਿੰਮਤ ਮਿਲੀ ਹੋਵੇਗੀ ਕਿ ਜਦੋਂ ਵੀ ਉਹ ਚਾਹੁੰਣ, ਕਿਸੇ ਵੀ ਦੋਸ਼ ਵਿੱਚ ਚਾਹੁੰਣ, ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹਨ, ਮੁਕਾਬਲੇ ਕਰਵਾ ਸਕਦੇ ਹਨ। ਪਰ ਰੱਬ ਦਾ ਸ਼ੁਕਰ ਹੈ। ਉਹ ਬਚ ਗਏ। ਨਹੀਂ ਤਾਂ, ਅੰਨ੍ਹਾ ਭਗਤ ਮੀਡੀਆ ਚੀਕਦਾ ਕਿ ਭਾਜਪਾ ਦੀ ਪੁਲਸ ਨੇ ਮਾਸਟਰਮਾਈਂਡ ਨੂੰ ਕਿਵੇਂ ਮਾਰ ਦਿੱਤਾ ਹੈ। ਉਨ੍ਹਾਂ ਨੇ ਭਾਜਪਾ ਲਈ ਜੋ ਤਾੜੀਆਂ ਮਾਰੀਆਂ, ਉਹ ਉਨ੍ਹਾਂ ਦੇ ਆਪਣੇ ਮੁਕਾਬਲੇ ਲਈ ਗੋਲੀਆਂ ਵਿੱਚ ਬਦਲਣ ਵਾਲੀਆਂ ਸਨ। ਰੱਬ ਦਾ ਸ਼ੁਕਰ ਹੈ।