‘ਸਮੇਂ ਨੂੰ ਸਰਾਭਿਆਂ ਦੀ ਲੋੜ’

0
7

ਕਰਤਾਰ ਸਿੰਘ ਸਰਾਭਾ ਜਨਮ ਦਿਵਸ ਸਮਾਗਮ ਨੇ ਦਿੱਤਾ ਜ਼ੋਰ
ਜਲੰਧਰ, (ਕੇਸਰ)
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 130ਵੇਂ ਜਨਮ ਦਿਹਾੜੇ ਮੌਕੇ ਐਤਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਮਨਾਏ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤੇ ਵਿਚਾਰ-ਚਰਚਾ ਸਮਾਗਮ ‘ਚ ਵਿਸ਼ੇਸ਼ ਕਰਕੇ ਜੁਆਨੀ ਨੂੰ ਸੱਦਾ ਦਿੱਤਾ ਕਿ ਉਹ ਹਰ ਵੰਨਗੀ ਦੇ ਬਹਿਕਾਵੇ, ਭਟਕਣ, ਕੁਰਾਹੇ ਅਤੇ ਕਾਲਪਨਿਕ ਸੁਪਨ ਉਡਾਰੀਆਂ ਤੋਂ ਬਚ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸੰਗੀ-ਸਾਥੀਆਂ ਦੇ ਸੰਗਰਾਮੀ ਸਫ਼ਰ ਤੋਂ ਸਬਕ ਲੈਂਦੇ ਹੋਏ ਮੁਲਕ ਨੂੰ ਦੇਸੀ-ਬਦੇਸ਼ੀ ਹਰ ਵੰਨਗੀ ਦੀ ਗ਼ੁਲਾਮੀ, ਦਾਬੇ, ਵਿਤਕਰੇ, ਅਨਿਆਂ ਅਤੇ ਜਬਰ-ਜ਼ੁਲਮ ਤੋਂ ਮੁਕਤ ਖ਼ੂਬਸੂਰਤ ਨਿਜ਼ਾਮ ਦੀ ਸਿਰਜਣਾ ਲਈ ਸੰਘਰਸ਼ ਦੇ ਪਿੜ ਮੱਲਣ ਵਾਸਤੇ ਅੱਗੇ ਆਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਵਿਚਾਰ-ਚਰਚਾ ਵਰਗੀ ਲੜੀ ਸਾਨੂੰ ਨਿਰੰਤਰ ਜਾਰੀ ਰੱਖਣ ਦੀ ਲੋੜ ਹੈ। ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਦੇ ਇਸ ਵਰ੍ਹੇ ਅੰਦਰ ਸਾਨੂੰ ਸਰਾਭਾ ਜੀ ਦੇ ਜਨਮ ਦਿਹਾੜੇ ਤੋਂ ਇਹ ਅਹਿਦ ਕਰਨ ਦੀ ਲੋੜ ਹੈ ਕਿ ਅਣਗੌਲੇ ਕੀਤੇ ਇਤਿਹਾਸ ਦੀਆਂ ਪੈੜਾਂ ਖੋਜਣ ਅਤੇ ਸੰਭਾਲਣ ਦੀ ਮੁਹਿੰਮ ਜਾਰੀ ਰਹੇ।
ਸਮਾਗਮ ਦਾ ਆਗਾਜ਼ ਖੋਜ ਭਰਪੂਰ ਕਾਰਜ ਲਈ ਜ਼ਿੰਦਗੀ ਭਰ ਘਾਲਣਾ ਘਾਲਣ ਵਾਲੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੇ ਰੌਸ਼ਨ ਮਿਨਾਰ ਜੀਵਨ ਤੋਂ ਪ੍ਰੇਰਨਾ ਲੈ ਕੇ ਸਾਡੇ ਸਮਿਆਂ ਅਤੇ ਭਵਿੱਖ਼ ਦੀਆਂ ਇਮਤਿਹਾਨੀ ਚੁਣੌਤੀਆਂ ਸਰ ਕਰਨ ਲਈ ਗਹਿਰ ਗੰਭੀਰ ਇਤਿਹਾਸਕ ਅਧਿਐਨ ਕਰਨ ਅਤੇ ਲੋਕਾਂ ਵਿੱਚ ਸੂਝ-ਬੂਝ, ਗ਼ਦਰੀ ਦੇਸ਼ ਭਗਤਾਂ ਦੇ ਮਨੋਰਥਾਂ ਅਤੇ ਪ੍ਰੋ. ਮਲਵਿੰਦਰਜੀਤ ਵਰਗੇ ਸਿਰੜੀ, ਖੋਜੀ ਕਲਮਕਾਰਾਂ ਦੀਆਂ ਪੈੜਾਂ ਤੋਂ ਅੱਗੇ ਤੁਰਨ ਦੀ ਲੋੜ ਹੈ। ਸਮਾਗਮ ਦੇ ਮੁੱਖ ਬੁਲਾਰੇ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਲਾਸਾਨੀ ਕੁਰਬਾਨੀ ਦੇ ਚਾਨਣ ਮੁਨਾਰੇ ਚੌਮੁਖੀਆਂ ਚਿਰਾਗ਼ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਜਨਤਕ ਆਧਾਰ ਤੇ ਸਮਾਗਮ, ਵਿਚਾਰ-ਚਰਚਾ ਅਤੇ ਅਹਿਦ ਕਰਨ ਦੀ ਪ੍ਰਭਾਵਸ਼ਾਲੀ ਲੜੀ ਸਾਹਮਣੇ ਆਉਣੀ ਚਾਹੀਦੀ ਸੀ, ਕਿਉਂਕਿ ਸਰਾਭਾ ਦੇ ਸਮੇਂ ਨਾਲੋਂ ਵੀ ਵੱਡੀਆਂ ਚੁਣੌਤੀਆਂ ਅਤੇ ਸਾਡੇ ਗੋਚਰੇ ਕਾਰਜਾਂ ਦਾ ਦਾਇਰਾ ਹੋਰ ਵੀ ਪੇਚੀਦਾ ਹੋ ਗਿਆ ਹੈ। ਉਹਨਾ ਕਿਹਾ ਕਿ ਅੱਜ ਬਹੁਤ ਹੀ ਖ਼ਤਰਨਾਕ ਹਾਲਾਤ ਸਾਡੇ ਬੂਹੇ ਦਸਤਕ ਦੇ ਰਹੇ ਨੇ, ਇਸ ਲਈ ਲੱਕ ਬੰਨ੍ਹਵੀਂ ਹਰ ਫਰੰਟ ‘ਤੇ ਜੱਦੋ ਜਹਿਦ ਲੋੜੀਂਦੀ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਅੰਦਰ ਸੁਲਘਦੀ ਬੇਚੈਨੀ ਰਾਹ ਭਾਲ਼ ਰਹੀ ਹੈ, ਉਦਾਸੀਨਤਾ, ਲਾਚਾਰੀ ਇਸ ਹਲਚਲ ਭਰੀ ਜੁਆਨੀ ਨੂੰ ਕੁਰਾਹੇ ਵੀ ਲਿਜਾ ਸਕਦੀ ਹੈ। ਇਸ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਸਾਂ ਕੋਲੋਂ ਹਾਲਾਤ ਅਗਵਾਈ ਅਤੇ ਸੇਧ ਮੰਗਦੀ ਹੈ। ਸਮਾਗਮ ਮੌਕੇ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਪ੍ਰਧਾਨਗੀ ਮੰਡਲ ‘ਚ ਸੁਸ਼ੋਭਿਤ ਸਨ। ਸਮਾਗਮ ਦਾ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।