ਪ੍ਰਧਾਨ ਮੰਤਰੀ ‘ਟੌਫੀਆਂ’ ਵੰਡਣੀਆਂ ਬੰਦ ਕਰਕੇ ਦੇਸ਼ ਦਾ ਖਿਆਲ ਕਰਨ : ਚੀਮਾ

0
13

ਚੰਡੀਗੜ੍ਹ. (ਗੁਰਜੀਤ ਬਿੱਲਾ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ, ”ਬਹੁਤ ਹੋਈ ਮਹਿੰਗਾਈ ਦੀ ਮਾਰ, ਹੁਣ ਤਾਂ ਬੱਸ ਕਰੋ ਮੋਦੀ ਸਾਹਿਬ।” ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਨੇ ਭਾਜਪਾ ਨੂੰ ਕਿਸਾਨਾਂ, ਆਮ ਲੋਕਾਂ, ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਵਿਰੋਧੀ ਪਾਰਟੀ ਗਰਦਾਨਦਿਆਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਪ੍ਰਤੀ ਪੂਰੀ ਤਰ੍ਹਾਂ ਬੇਫਿਕਰ ਹਨ। ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ “ਮਹਿਜ਼ ਦਸਾਂ ਦਿਨਾਂ (15 ਤੋਂ 25 ਮਈ) ਦੇ ਅੰਦਰ ਪੈਟਰੋਲ ਦੀਆਂ ਕੀਮਤਾਂ ਵਿੱਚ 8.06 ਰੁਪਏ ਅਤੇ ਡੀਜ਼ਲ ਵਿੱਚ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਮਹੀਨੇ ਵਿੱਚ ਗੈਸ ਦੀਆਂ ਕੀਮਤਾਂ 48 ਤੋਂ 75 ਫੀਸਦੀ ਤੱਕ ਵਧੀਆਂ ਹਨ, ਜਦੋਂ ਕਿ ਹਵਾਈ ਜਹਾਜ਼ ਦੇ ਈਂਧਨ ਦੀ ਕੀਮਤ ਵਿੱਚ 25 ਫੀਸਦੀ ਦਾ ਉਛਾਲ ਆਇਆ ਹੈ। ਇਸ ਦਾ ਸਿੱਧਾ ਅਸਰ ਨਾ ਸਿਰਫ ਆਮ ਆਦਮੀ ਦੀ ਜੇਬ ‘ਤੇ ਪੈ ਰਿਹਾ ਹੈ, ਸਗੋਂ ਦੇਸ਼ ਦੀ ਸਮੁੱਚੀ ਆਰਥਿਕਤਾ ਵੀ ਪ੍ਰਭਾਵਤ ਹੋ ਰਹੀ ਹੈ।”ਚੀਮਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਧਾਨ ਮੰਤਰੀ ‘ਟੌਫੀਆਂ’ ਵੰਡਣੀਆਂ ਬੰਦ ਕਰਕੇ ਦੇਸ਼ ਦੇ ਅੰਦਰੂਨੀ ਮੁੱਦਿਆਂ ਅਤੇ ਪਟੜੀ ਤੋਂ ਉਤਰ ਰਹੀ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵੱਲ ਧਿਆਨ ਦੇਣ।