ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ 22 ਨੂੰ ਜ਼ਿਲ੍ਹਾ ਪੱਧਰ ‘ਤੇ ਵਿਰੋਧ ਪ੍ਰਦਰਸ਼ਨ

0
15

ਜਲੰਧਰ (ਰਾਜੇਸ਼ ਥਾਪਾ)
‘ਫਾਸ਼ੀ ਹਮਲਿਆਂ ਵਿਰੋਧੀ ਫਰੰਟ’ ਵੱਲੋਂ ਐਲਾਨ ਕੀਤਾ ਗਿਆ ਕਿ ਭਾਰਤ ਦੇ ਜਮਹੂਰੀ, ਧਰਮ ਨਿਰਪੱਖ, ਫੈਡਰਲ (ਸੰਘਾਤਮਕ) ਢਾਂਚੇ ਨੂੰ ਤੋੜ ਕੇ ਇੱਥੇ ਇਕ ਧਰਮ ਅਧਾਰਤ ਗੈਰ-ਲੋਕਰਾਜੀ, ਹਿੰਦੂਤਵੀ ਰਾਜਕੀ ਢਾਂਚਾ ਖੜ੍ਹਾ ਕਰਨ ਦੇ ਭਾਜਪਾ- ਆਰ ਐੱਸ ਐੱਸ ਦੇ ਘਾਤਕ ਮਨਸੂਬਿਆਂ ਖਿਲਾਫ ਅਤੇ ਹਰ ਖੇਤਰ ਵਿੱਚ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਖਿਲਾਫ਼ ਲੋਕ ਚੇਤਨਾ ਨੂੰ ਤਿੱਖਾ ਕਰਨ ਲਈ ਆਉਣ ਵਾਲੀ 22 ਜੂਨ ਨੂੰ ਜਿਲ੍ਹਾ ਕੇਂਦਰਾਂ ‘ਤੇ ਭਰਵੇਂ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਅਜਮੇਰ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਤੋਂ ਬਾਅਦ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਜ਼ਿਲ੍ਹਾ ਪੱਧਰੀ ਐਕਸ਼ਨਾਂ ਦੀ ਸਫਲਤਾ ਯਕੀਨੀ ਬਣਾਉਣ ਲਈ ਜੂਨ ਦੇ ਪਹਿਲੇ ਹਫਤੇ ਵਿੱਚ ਫਰੰਟ ਦੀਆਂ ਜ਼ਿਲ੍ਹਾਵਾਰ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਤਿਆਰੀ ਦਾ ਜਾਇਜ਼ਾ ਲੈਣ ਲਈ 10 ਜੂਨ ਨੂੰ ਜਲੰਧਰ ਵਿਖੇ ਫਰੰਟ ਦੀ ਸੂਬਾਈ ਮੀਟਿੰਗ ਮੁੜ ਹੋਵੇਗੀ। ਮੀਟਿੰਗ ਨੇ ਨੋਟ ਕੀਤਾ ਹੈ ਕਿ ਅਮਰੀਕੀ ਸਾਮਰਾਜ ਨਾਲ ਯੁੱਧਨੀਤਕ ਸਾਂਝਾਂ ਪਾਉਣ ਅਤੇ ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ ਖਿਲਾਫ ਵਿੱਢੀ ਨਿਹੱਕੀ ਜੰਗ ‘ਚ ਹਮਲਾਵਰਾਂ ਦਾ ਸਾਥ ਦੇਣ ਰਾਹੀਂ ਮੋਦੀ ਸਰਕਾਰ ਵੱਲੋਂ ਸਾਮਰਾਜੀ ਤਾਕਤਾਂ ਸਾਹਵੇਂ ਪੂਰੀ ਤਰ੍ਹਾਂ ਗੋਡੇ ਟੇਕਣ ਦਾ ਖਮਿਆਜ਼ਾ ਅੱਜ ਪੂਰਾ ਦੇਸ਼ ਭੁਗਤ ਰਿਹਾ ਹੈ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੰਘਾ ਕੇ ਮੋਦੀ ਸਰਕਾਰ ਵੱਲੋਂ ਕਿਸ਼ਤਾਂ ਵਿੱਚ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ, ਜਿਸ ਨਾਲ ਨਿੱਤ ਵਰਤੋਂ ਦੀਆਂ ਚੀਜਾਂ ਦੀ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ, ਬੇਰੁਜ਼ਗਾਰੀ ਹੱਦਾਂ ਪਾਰ ਕਰ ਰਹੀ ਹੈ, ਭਵਿੱਖ ਵਿੱਚ ਖਾਦ ਦੀ ਲੋੜੀਂਦੀ ਸਪਲਾਈ ਦੀ ਕੋਈ ਗਾਰੰਟੀ ਨਹੀਂ ਤੇ ਕਿਸਾਨਾਂ ਵਿੱਚ ਫਸਲਾਂ ਦੀ ਸਰਕਾਰੀ ਖਰੀਦ ਪ੍ਰਤੀ ਬੇਯਕੀਨੀ ਦਾ ਮਾਹੌਲ ਹੈ। ਵਧਦੀ ਮਹਿੰਗਾਈ ਦੇ ਅਨੁਪਾਤ ਵਿੱਚ ਉਜਰਤਾਂ ਵਿੱਚ ਵਾਧਾ ਨਾ ਕੀਤੇ ਜਾਣ ਅਤੇ ਕਿਰਤ ਕਾਨੂੰਨ ਖ਼ਤਮ ਕਰਕੇ ਮਾਲਕਾਂ ਵੱਲੋਂ ਵਰਕ ਲੋਡ ਵਿੱਚ ਕੀਤੇ ਜਾ ਰਹੇ ਮਨਮਾਨੇ ਵਾਧੇ ਤੋਂ ਪ੍ਰੇਸ਼ਾਨ ਉਦਯੋਗਿਕ ਮਜ਼ਦੂਰ ਵੱਡੇ ਪੈਮਾਨੇ ‘ਤੇ ਹੜਤਾਲਾਂ ਕਰਨ ਜਾਂ ਕੰਮ ਛੱਡਣ ਲਈ ਮਜ਼ਬੂਰ ਹੋ ਰਹੇ ਹਨ।
ਬਿਆਨ ਵਿੱਚ ਕਿਹਾ ਗਿਆ ਕਿ ਮੋਦੀ ਸਰਕਾਰ ਸੰਵਿਧਾਨ ਸਮੇਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਨੂੰ ਆਪਣੀਆਂ ਕਠਪੁਤਲੀਆਂ ਵਿੱਚ ਬਦਲ ਰਹੀ ਹੈ ਅਤੇ ਦੇਸ਼ ਦੇ ਸੰਘਾਤਮਕ ਢਾਂਚੇ ਉਤੇ ਮਿੱਥ ਕੇ ਮਾਰੂ ਹਮਲੇ ਕਰ ਰਹੀ ਹੈ। ਲੋਕਾਂ ਦੇ ਇਨ੍ਹਾਂ ਦੁੱਖਾਂ, ਤਕਲੀਫਾਂ ਅਤੇ ਜਮਹੂਰੀ ਹੱਕਾਂ ਅਧਿਕਾਰਾਂ ਉਤੇ ਕੀਤੇ ਜਾ ਰਹੇ ਫਾਸ਼ੀਵਾਦੀ ਹਮਲਿਆਂ ਦੇ ਟਾਕਰੇ ਲਈ ਇਕ ਸ਼ਕਤੀਸ਼ਾਲੀ ਸਾਂਝੀ ਜਨਤਕ ਲਹਿਰ ਖੜ੍ਹੀ ਕਰਨਾ ਬੇਹੱਦ ਜ਼ਰੂਰੀ ਹੈ। ਅਜਿਹੀ ਜਨਤਕ ਲਹਿਰ ਖੜ੍ਹੀ ਕਰਕੇ ਹੀ ਭਾਜਪਾ ਵੱਲੋਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਲਈ ਵਰਤੇ ਜਾ ਰਹੇ ‘ਸਾਮ-ਦਾਮ-ਦੰਡ-ਭੇਦ ਦੇ ਕੋਝੇ ਹੱਥਕੰਡਿਆਂ ਦਾ ਮੁਕਾਬਲਾ ਕੀਤਾ ਜਾ ਸਕੇਗਾ। ਫਰੰਟ ਦਾ ਵਿਚਾਰ ਹੈ ਕਿ ਫਾਸ਼ੀਵਾਦ ਵਿਰੁੱਧ ਜਾਗ੍ਰਤੀ ਅਤੇ ਸੰਗਰਾਮ ਵਿੱਚ ਆਮ ਲੋਕਾਂ ਦੀ ਹਿੱਸੇਦਾਰੀ ਵਧਾਉਣ ਹਿੱਤ ਸਮੂਹ ਹਮਖਿਆਲ ਸ਼ਕਤੀਆਂ ਦੇ ਸਾਂਝੇ ਉੱਦਮ ਦੀ ਅਣਸਰਦੀ ਲੋੜ ਹੈ।ਸੂਬਾਈ ਮੀਟਿੰਗ ਵਿੱਚ ਸੀ ਪੀ ਆਈ ਵੱਲੋਂ ਪ੍ਰਿਥੀਪਾਲ ਸਿੰਘ ਮਾੜੀਮੇਘਾ, ਆਰ ਐੱਮ ਪੀ ਆਈ ਵੱਲੋਂ ਮੰਗਤ ਰਾਮ ਪਾਸਲਾ ਤੇ ਪਰਗਟ ਸਿੰਘ ਜਾਮਾਰਾਏ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕ੍ਰੇਸੀ ਵੱਲੋਂ ਕੁਲਵਿੰਦਰ ਸਿੰਘ ਵੜੈਚ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਸੁਖਦਰਸ਼ਨ ਨੱਤ ਅਤੇ ਗੁਰਨਾਮ ਸਿੰਘ ਭੀਖੀ ਸ਼ਾਮਲ ਹੋਏ।