ਬਤਾਲੀ ਲਾੜੇ ਲਾੜੀਆਂ ਨੂੰ ਉਡੀਕਦੇ ਰਹਿ ਗਏ!

0
10

ਭੋਪਾਲ (ਨ ਜ਼ ਸ) ਮੱਧ ਪ੍ਰਦੇਸ਼ ਦੇ ਬਤਾਲੀ ਲਾੜੇ ਚਮਕਦਾਰ ਸ਼ੇਰਵਾਨੀਆਂ ਤੇ ਗੇਂਦੇ ਦੇ ਹਾਰ ਪਾਈ ਸਮੂਹਕ ਵਿਆਹ ਲਈ ਇਕੱਠੇ ਹੋਏ, ਪਰ ਲਾੜੀ ਕੋਈ ਨਹੀਂ ਆਈ। ਐਤਵਾਰ ਦੇਵਾਸ ਵਿੱਚ ਜੋ ਕੁਝ ਵਾਪਰਿਆ, ਉਹ ਸਿਰਫ ਵਿੱਤੀ ਧੋਖਾਧੜੀ ਦਾ ਮਾਮਲਾ ਨਹੀਂ ਸੀ, ਸਗੋਂ ਦੇਵਾਸ ਅਤੇ ਗੁਆਂਢੀ ਜ਼ਿਲ੍ਹਿਆਂ ਦੇ ਪਿੰਡਾਂ ਤੇ ਛੋਟੇ ਕਸਬਿਆਂ ਤੋਂ ਆਏ ਦਰਜਨਾਂ ਮੁੰਡਿਆਂ ਲਈ ਜਨਤਕ ਅਪਮਾਨ ਸੀ। ਸ਼ਾਮ ਤੱਕ ਜਸ਼ਨ ਦਾ ਮੈਦਾਨ ਗੁੱਸੇ ਅਤੇ ਅਵਿਸ਼ਵਾਸ ਦੇ ਦ੍ਰਿਸ਼ ਵਿੱਚ ਬਦਲ ਗਿਆ, ਜਦੋਂ ਪਰਵਾਰਾਂ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਵੱਡੇ ਘੁਟਾਲੇ ਵਿੱਚ ਫਸ ਗਏ ਲੱਗਦੇ ਹਨ, ਜਿਸ ਵਿੱਚ ਕਥਿਤ ਤੌਰ ‘ਤੇ ਇੰਦੌਰ ਸਥਿਤ ਇੱਕ ਅਨਾਥ ਆਸ਼ਰਮ ਤੋਂ ਲਾੜੀਆਂ ਦਾ ਵਾਅਦਾ ਕਰਕੇ ਲੱਖਾਂ ਰੁਪਏ ਇਕੱਠੇ ਕੀਤੇ ਗਏ ਸਨ। ਹਰੇਕ ਲਾੜੇ ਨੇ 15,000 ਤੋਂ 25,000 ਰੁਪਏ ਤੱਕ ਵਿਚੋਲਿਆਂ ਨੂੰ ਦਿੱਤੇ ਸਨ, ਜਿਨ੍ਹ ਦੇਵਾਸ ਵਿੱਚ ਸਮੂਹਕ ਵਿਆਹ ਸਮਾਰੋਹ ਦਾ ਆਯੋਜਨ ਕਰਨ ਦਾ ਵਾਅਦਾ ਕੀਤਾ ਸੀ। ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਮੋਬਾਇਲ ਫੋਨਾਂ ‘ਤੇ ਸੰਭਾਵੀ ਲਾੜੀਆਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਸਨ। ਇਹ ਭਰੋਸਾ ਦਿੱਤਾ ਗਿਆ ਸੀ ਕਿ ਕੁੜੀਆਂ ਗਰੀਬ ਜਾਂ ਅਨਾਥ ਪਿਛੋਕੜ ਵਾਲੀਆਂ ਹਨ ਅਤੇ ਤੁਰੰਤ ਵਿਆਹ ਕਰਨ ਲਈ ਤਿਆਰ ਹਨ। ਹਰਨਿਆਕਲਾਂ ਪਿੰਡ ਦੇ ਰਾਹੁਲ ਨੇ ਕਿਹਾ, ‘ਸਾਥੋਂ ਰਜਿਸਟ੍ਰੇਸ਼ਨ ਫੀਸ ਵਜੋਂ 25,000 ਰੁਪਏ ਲਏ ਗਏ ਸਨ। ਸਾਨੂੰ ਦੱਸਿਆ ਗਿਆ ਸੀ ਕਿ ਲਾੜੀਆਂ ਇੰਦੌਰ ਦੇ ਮਾਤਰੀ ਛਾਇਆ ਆਸ਼ਰਮ ਤੋਂ ਹਨ। ਜਦੋਂ ਅਸੀਂ ਫੋਟੋਆਂ ਮੰਗੀਆਂ, ਤਾਂ ਪ੍ਰਬੰਧਕਾਂ ਨੇ ਸਾਨੂੰ ਸੋਸ਼ਲ ਮੀਡੀਆ ਤੋਂ ਡਾਊਨਲੋਡ ਕੀਤੀਆਂ ਮਾਡਲਾਂ ਦੀਆਂ ਤਸਵੀਰਾਂ ਭੇਜੀਆਂ। ਉਨ੍ਹਾਂ ਸਾਨੂੰ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਦੇਵਾਸ ਪਹੁੰਚਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਸਮੂਹਕ ਵਿਆਹ ਅਗਲੀ ਸਵੇਰ ਹੋਵੇਗਾ, ਪਰ ਜਦੋਂ ਅਸੀਂ ਸਮਾਗਮ ਵਾਲੀ ਥਾਂ ‘ਤੇ ਪਹੁੰਚੇ, ਤਾਂ ਉੱਥੇ ਕੋਈ ਨਹੀਂ ਸੀ ਅਤੇ ਬਾਅਦ ‘ਚ ਸਾਰੇ ਫੋਨ ਬੰਦ ਹੋ ਗਏ।’
ਅਸ਼ੋਕ ਨੇ ਕਿਹਾ, ‘ਸਾਨੂੰ ਸਾਦੇ ਕੱਪੜਿਆਂ ਵਿੱਚ ਆਉਣ ਲਈ ਕਿਹਾ ਗਿਆ ਸੀ, ਕਿਉਂਕਿ ਲਾੜੇ ਦਾ ਪਹਿਰਾਵਾ ਅਤੇ ਵਿਆਹ ਦੀਆਂ ਰਸਮਾਂ ਦੀ ਸਮੱਗਰੀ ਉੱਥੇ ਹੀ ਮੁਹੱਈਆ ਹੋਵੇਗੀ। ਇਹ ਵੀ ਕਿਹਾ ਗਿਆ ਸੀ ਕਿ ਹਲਦੀ ਜਾਂ ਮਹਿੰਦੀ ਲਾ ਕੇ ਨਾ ਆਇਓ, ਕਿਉਂਕਿ ਸਾਰੀਆਂ ਰਸਮਾਂ ਸਮਾਗਮ ਵਾਲੀ ਥਾਂ ‘ਤੇ ਹੀ ਹੋਣਗੀਆਂ।’
ਭੋਪਾਲ ਤੋਂ ਆਪਣੇ ਪਰਵਾਰ ਨਾਲ ਪੁੱਜੇ ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਮੋਬਾਇਲ ‘ਤੇ ਭੇਜੀਆਂ ਫੋਟੋਆਂ ਵਿੱਚੋਂ ਲਾੜੀ ਦੀ ਚੋਣ ਕੀਤੀ ਸੀ। ਇੱਕ ਮੁੰਡੇ ਦੀ ਭੈਣ ਰਾਜ ਕੁਮਾਰੀ ਨੇ ਦੱਸਿਆ, ‘ਸਾਡੇ ਪਹੁੰਚਣ ਤੋਂ ਬਾਅਦ ਪ੍ਰਬੰਧਕ ਸਾਨੂੰ ਦੱਸਦੇ ਰਹੇ ਕਿ ਮੈਡਮ ਲਾੜੀਆਂ ਨਾਲ ਰਸਤੇ ਵਿੱਚ ਹਨ, ਪਰ ਅੱਧੀ ਰਾਤ ਤੱਕ ਕੋਈ ਨਹੀਂ ਆਇਆ।’ ਕਈ ਲਾੜੇ ਕਿਰਾਏ ‘ਤੇ ਕਾਰਾਂ ਕਰਕੇ ਆਏ ਸਨ। ਕਈਆਂ ਨੇ ਰਿਸ਼ਤੇਦਾਰ ਵੀ ਸੱਦੇ ਹੋਏ ਸਨ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਮੁੱਖ ਮੁਲਜ਼ਮ ਮੁਕੇਸ਼ ਅਤੇ ਉਸ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਵਿਦਿਸ਼ਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਇਸ ਲਈ ਹੋਰ ਜਾਣਕਾਰੀ ਇਕੱਠੀ ਕਰਨ ਲਈ ਇੱਕ ਟੀਮ ਵੀ ਉੱਥੇ ਭੇਜੀ ਗਈ ਹੈ।