ਦਲਿਤ ਕਾਂਗਰਸੀ ਸਿਆਸਤ ਦੇ ਕੇਂਦਰ ‘ਚ ਹੋਣਗੇ : ਰਾਹੁਲ

0
4

ਨਵੀਂ ਦਿੱਲੀ (ਨ ਜ਼ ਸ)
ਰਾਹੁਲ ਗਾਂਧੀ ਨੇ ਸੋਮਵਾਰ ਸਵੀਕਾਰ ਕੀਤਾ ਕਿ 1980 ਅਤੇ 1990 ਦੇ ਦਹਾਕੇ ਵਿੱਚ ਦਲਿਤ ਚਿੰਤਾਵਾਂ ਨੂੰ ਢੁਕਵੇਂ ਢੰਗ ਨਾਲ ਹੱਲ ਕਰਨ ਵਿੱਚ ਕਾਂਗਰਸ ਦੀ ਅਸਫਲਤਾ ਨੇ ਦਲਿਤ ਰਾਜਨੀਤੀ ਤੇ ਸਮਰਥਨ ਆਧਾਰਾਂ ਦੁਆਲੇ ਬਣੀਆਂ ਖੇਤਰੀ ਪਾਰਟੀਆਂ ਦੇ ਉਭਾਰ ਵਿੱਚ ਯੋਗਦਾਨ ਪਾਇਆ।
ਪਾਰਟੀ ਹੈੱਡਕੁਆਰਟਰ ਵਿਖੇ ਕਾਂਗਰਸ ਅਨੁਸੂਚਿਤ ਜਾਤੀਆਂ ਵਿਭਾਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਨੇ ਉਸ ਸਮੇਂ ਦੌਰਾਨ ਦਲਿਤ ਭਾਈਚਾਰਿਆਂ ਲਈ ਫੈਸਲਾਕੁੰਨ ਕਾਰਵਾਈ ਕੀਤੀ ਹੁੰਦੀ, ਤਾਂ ਸ਼ਾਇਦ ਜਾਤ-ਅਧਾਰਤ ਖੇਤਰੀ ਸੰਗਠਨ ਨਾ ਉਭਰਦੇ ਅਤੇ ਨਾ ਹੀ ਦਲਿਤ ਵੋਟਰ ਪਾਰਟੀ ਤੋਂ ਦੂਰ ਹੁੰਦੇ। ਅਹਿਮ ਰਾਜਾਂ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਸਿਆਸੀ ਸੰਕੇਤ ਵਜੋਂ ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਦਲਿਤ ਹੁਣ ਕਾਂਗਰਸ ਸੰਗਠਨ ਵਿੱਚ ਕੇਂਦਰੀ ਭੂਮਿਕਾ ‘ਚ ਹੋਣਗੇ। ਮੀਟਿੰਗ ਵਿੱਚ ਮੌਜੂਦ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਦਲਿਤਾਂ ਨੂੰ ਸਿਆਸੀ ਤੌਰ ‘ਤੇ ਇਕਜੁੱਟ ਕਰਨ ਅਤੇ ਭਾਈਚਾਰੇ ਅੰਦਰ ਆਤਮਵਿਸ਼ਵਾਸ ਪੈਦਾ ਕਰਨ ਲਈ ਕਾਂਸ਼ੀ ਰਾਮ ਦੀ ਪ੍ਰਸੰਸਾ ਵੀ ਕੀਤੀ। ਉਨ੍ਹਾ ਦੋਸ਼ ਲਾਇਆ ਕਿ ਭਾਜਪਾ ਦਲਿਤਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਕੇ ਖੇਤਰੀ ਪਾਰਟੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦਲਿਤ ਭਾਈਚਾਰੇ ਵਿਰੁੱਧ ਅੱਤਿਆਚਾਰ ਵਧ ਰਹੇ ਹਨ। ਇਸ ਦੇ ਜਵਾਬ ਵਿੱਚ ਕਾਂਗਰਸ ਆਪਣੇ ਆਪ ਨੂੰ ਦਲਿਤ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਵਜੋਂ ਪੇਸ਼ ਕਰੇਗੀ ਅਤੇ ਬੀ ਆਰ ਅੰਬੇਡਕਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਕੰਮ ਕਰੇਗੀ।
ਪਿਛਲੇ ਸਾਲ ਰਾਹੁਲ ਨੇ ਜਨਤਕ ਤੌਰ ‘ਤੇ ਮੰਨਿਆ ਸੀ ਕਿ ਕਾਂਗਰਸ ਹੋਰਨਾਂ ਪਛੜੀਆਂ ਸ਼੍ਰੇਣੀਆਂ (ਓ ਬੀ ਸੀ) ਦੇ ਹਿੱਤਾਂ ਦੀ ਢੁਕਵੀਂ ਪ੍ਰਤੀਨਿਧਤਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਪਾਰਟੀ ਦੀ ਪਿਛਲੀ ਪਹੁੰਚ ‘ਤੇ ਅਫਸੋਸ ਵੀ ਪ੍ਰਗਟ ਕੀਤਾ ਸੀ। ਹਾਲ ਹੀ ਵਿੱਚ ਉਨ੍ਹਾ ਕਾਂਗਰਸ ਪਾਰਟੀ ਦੇ ਵਿਆਪਕ ਸਮਾਜਕ ਨਿਆਂ ਦੇ ਮੁੱਦੇ ਦੇ ਹਿੱਸੇ ਵਜੋਂ ਦੇਸ਼ਵਿਆਪੀ ਜਾਤੀ ਜਨਗਣਨਾ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ। ਸਿਆਸੀ ਅਬਜ਼ਰਵਰਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਰਣਨੀਤੀ ਨਾਲ ਕਾਂਗਰਸ ਨੂੰ ਚੁਣਾਵੀ ਫਾਇਦਾ ਹੋਇਆ, ਖਾਸ ਕਰਕੇ ਦਲਿਤ ਅਤੇ ਪੱਛੜੇ ਵਰਗ ਦੇ ਵੋਟਰਾਂ ਵਿੱਚ। ਰਾਹੁਲ ਗਾਂਧੀ ਨੇ ਵਾਰ-ਵਾਰ ਸੰਵਿਧਾਨ ਦੀ ਇੱਕ ਕਾਪੀ ਹੱਥ ਵਿੱਚ ਲੈ ਕੇ ਚੋਣ ਪ੍ਰਚਾਰ ਕੀਤਾ, ਮੋਦੀ ਸਰਕਾਰ ‘ਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਲਗਾਇਆ—ਇੱਕ ਅਜਿਹਾ ਸੰਦੇਸ਼, ਜੋ ਹਾਸ਼ੀਏ ‘ਤੇ ਧੱਕੇ ਗਏ ਭਾਈਚਾਰਿਆਂ ਦੇ ਵਰਗਾਂ ਨਾਲ ਸਾਂਝ ਪਾਉਂਦਾ ਨਜ਼ਰ ਆਇਆ। ਯੂ ਪੀ ਅਸੈਂਬਲੀ ਚੋਣਾਂ ਨੇੜੇ ਆਉਣ ਦੇ ਨਾਲ ਰਾਹੁਲ ਗਾਂਧੀ ਨੇ ਰਾਜ ਵਿੱਚ ਆਪਣੇ ਸੰਪਰਕ ਯਤਨ ਤੇਜ਼ ਕਰ ਦਿੱਤੇ ਹਨ। ਪਿਛਲੇ ਹਫਤੇ ਆਪਣੇ ਸੰਸਦੀ ਹਲਕੇ ਰਾਏਬਰੇਲੀ ਦੇ ਦੌਰੇ ਦੌਰਾਨ ਉਨ੍ਹਾ ਦਲਿਤ ਆਜ਼ਾਦੀ ਘੁਲਾਟੀਏ ਵੀਰਾ ਪਾਸੀ ਦੇ ਬੁੱਤ ਦਾ ਉਦਘਾਟਨ ਕੀਤਾ ਅਤੇ ਬਹੁਜਨ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕੀਤਾ। ਕਾਂਗਰਸ ਪਾਰਟੀ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਚੇਅਰਮੈਨ ਰਾਜੇਂਦਰ ਪਾਲ ਗੌਤਮ ਨੇ ਹਾਲ ਹੀ ਵਿੱਚ ਮਾਇਆਵਤੀ ਨੂੰ ਲਖਨਊ ਸਥਿਤ ਉਨ੍ਹਾ ਦੇ ਨਿਵਾਸ ਸਥਾਨ ‘ਤੇ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਭਾਵੇਂ ਉਹ ਸਫਲ ਨਹੀਂ ਹੋ ਸਕੀ। ਕੀ ਰਾਹੁਲ ਗਾਂਧੀ ਦਾ ਦਲਿਤ ਅਤੇ ਪੱਛੜੇ ਵਰਗ ਦੀ ਸਿਆਸਤ ‘ਤੇ ਨਵਾਂ ਜ਼ੋਰ ਕਾਂਗਰਸ ਪਾਰਟੀ ਦੀਆਂ ਪਿਛਲੀਆਂ ਕਮੀਆਂ ਦੇ ਇਕਬਾਲਨਾਮੇ ਦੇ ਨਾਲ ਚੋਣ ਲਾਭ ਵਿੱਚ ਬਦਲਦਾ ਹੈ, ਇਹ ਆਉਣ ਵਾਲੀਆਂ ਚੋਣਾਂ ਵਿੱਚ ਹੀ ਸਪੱਸ਼ਟ ਹੋਵੇਗਾ।