ਤਰਨ ਤਾਰਨ/ਝਬਾਲ (ਗਿਆਨ ਸੈਦਪੁਰੀ/ਹਰਜਿੰਦਰ ਸਿੰਘ ਸੋਨੀ)
ਇਥੋਂ ਦੇ ਰਾਮਗੜ੍ਹੀਆ ਬੁੰਗਾ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਵਿਕਸਤ ਭਾਰਤ- ਗਰੰਟੀ ਫਾਰ ਰੁਜ਼ਗਾਰ ਐਂਡ ਅਜੀਵਿਕਾ ਮਿਸ਼ਨ (ਗ੍ਰਾਮੀਣ) ਦੇ ਨਾਂਅ ‘ਤੇ ਪੇਂਡੂ ਕਾਮਿਆਂ ਦੀ ਰੋਟੀ-ਰੋਜ਼ੀ ‘ਤੇ ਹਮਲਾ ਰੋਕਣ ਲਈ ਮਜ਼ਦੂਰ ਵਰਗ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਵਜੋਂ ਪ੍ਰਭਾਵਸ਼ਾਲੀ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਉਪਰੰਤ ਤਰਨ ਤਾਰਨ ਦੇ ਬਾਜ਼ਾਰਾਂ ਵਿੱਚ ਕੀਤਾ ਗਿਆ ਰੋਹ ਭਰਪੂਰ ਮਾਰਚ ਆਪਣੀ ਗੱਲ ਲੋਕਾਂ ਤੱਕ ਪੁੱਜਦੀ ਕਰਨ ਵਿੱਚ ਸਫਲ ਰਿਹਾ।ਜੋਗਿੰਦਰ ਸਿੰਘ ਵਲਟੋਹਾ, ਪਰਮਜੀਤ ਕੌਰ ਸਰਹਾਲੀ ਕਲਾਂ, ਕੁਲਵੰਤ ਸਿੰਘ ਖਡੂਰ ਸਾਹਿਬ, ਰਸ਼ਪਾਲ ਸਿੰਘ ਘੁਰਕਵਿੰਡ ਅਤੇ ਜਸਵੀਰ ਸਿੰਘ ਜੌਣੇਕੇ ਦੀ ਪ੍ਰਧਾਨਗੀ ਵਿੱਚ ਹੋਈ ਕਨਵੈਨਸ਼ਨ ਵਿੱਚ ਔਰਤਾਂ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੋ ਨਿੱਬੜੀ।
ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਤੇ ਏਟਕ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਸਥਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੀ ਸਿਆਸੀ, ਆਰਥਿਕ ਤੇ ਸਮਾਜੀ ਹਾਲਤ ਦਾ ਵਰਣਨ ਕੀਤਾ। ਉਹਨਾ ਕਿਹਾ ਕਿ ਕਿਰਤੀ ਲੋਕ ਜਿੱਥੇ ਖੇਤਾਂ ਵਿੱਚ ਅਨਾਜ ਪੈਦਾ ਕਰਕੇ ਲੋਕਾਈ ਦਾ ਢਿੱਡ ਭਰਦੇ ਹਨ, ਉੱਥੇ ਵੱਡੇ-ਵੱਡੇ ਕਾਰਖਾਨੇ ਤੇ ਹੋਰ ਇਮਾਰਤਾਂ ਉਸਾਰਦੇ ਹਨ। ਦੁਖਾਂਤ ਇਹ ਹੈ ਕਿ ਸਾਡੇ ਦੇਸ਼ ਵਿੱਚ ਕਰੋੜਾਂ ਗਰੀਬ ਲੋਕ ਦੋ ਡੰਗ ਦੀ ਰੋਟੀ ਤੋਂ ਮੁਥਾਜ਼ ਹਨ। ਅਮੀਰ ਲੋਕ ਵੱਡੀਆਂ-ਵੱਡੀਆਂ ਇਮਾਰਤਾਂ ਤੇ ਏ ਸੀ ਕਮਰਿਆਂ ਵਿੱਚ ਬੈਠ ਕੇ ਕਰੋੜਾਂ ਰੁਪਏ ਹੜੱਪ ਰਹੇ ਹਨ। ਮਜ਼ਦੂਰ ਨੂੰ ਆਪਣੀਆਂ ਹੀ ਉਸਾਰੀਆਂ ਹੋਈਆਂ ਇਮਾਰਤਾਂ ਵਿੱਚ ਕੋਈ ਥਾਂ ਨਹੀਂ ਮਿਲਦੀ। ਕਾਮਰੇਡ ਬਰਾੜ ਨੇ ਕਿਹਾ ਕਿ ਇਹ ਨਿਜ਼ਾਮ ਬਦਲ ਦੇਣਾ ਚਾਹੀਦਾ ਹੈ। ਇਹ ਬਦਲਿਆ ਜਾ ਸਕਦਾ ਹੈ। ਉਹਨਾ 1917 ਵਿੱਚ ਰੂਸ ਵਿੱਚ ਹੋਏ ਇਨਕਲਾਬ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਮਜ਼ਦੂਰ ਇਕੱਠੇ ਹੋ ਕੇ ਮਹਿਲਾਂ ਨੂੰ ਢਹਿ-ਢੇਰੀ ਕਰਨ ਦੀ ਠਾਣ ਲੈਣ ਤਾਂ ਸਭ ਕੁਝ ਸੰਭਵ ਹੋ ਜਾਂਦਾ ਹੈ।ਉਹਨਾ ਮੋਦੀ ਦੀਆਂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਹਨਾ ਕਿਹਾ ਕਿ ਜਿਸ ਇਜ਼ਰਾਈਲ ਨੇ 60 ਹਜ਼ਾਰ ਲੋਕਾਂ ਦੇ ਖੂਨ ਨਾਲ ਆਪਣੇ ਹੱਥ ਰੰਗੇ, ਮੋਦੀ ਉਸ ਧਰਤੀ ਨੂੰ ਆਪਣੇ ਬਾਪ ਦੀ ਧਰਤੀ ਦੱਸ ਰਿਹਾ ਹੈ। ਉਹਨਾ ਕਿਹਾ ਕਿ ਆਰ ਐੱਸ ਐੱਸ ਨਾਲ ਸੰਬੰਧਤ ਲੋਕ ਅੰਗਰੇਜ਼ੀ ਰਾਜ ਵੇਲੇ ਅੰਗਰੇਜ਼ਾਂ ਦੇ ਝੋਲੀਚੁੱਕ ਸਨ। ਅੱਜਕੱਲ੍ਹ ਇਹ ਅਮਰੀਕਾ ਦੇ ਪਿੱਠੂ ਹਨ। ਉਹਨਾ ਕਿਹਾ ਕਿ ਮੋਦੀ ਦੀਆਂ ਨੀਤੀਆਂ ਦੇਸ਼ ਨੂੰ ਬਰਬਾਦ ਕਰ ਦੇਣਗੀਆਂ।
ਮੋਦੀ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਨਵਾਂ ਕਾਨੂੰਨ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਤਾਂ ਉਸ ਵਿੱਚ ਇੰਦਰਜੀਤ ਗੁਪਤਾ ਤੇ ਚਤੁਰਨਾਨ ਮਿਸ਼ਰਾ ਸੀ ਪੀ ਆਈ ਦੇ ਮੰਤਰੀ ਸਨ। ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਮਨਰੇਗਾ ਹੋਂਦ ਵਿੱਚ ਆਇਆ ਸੀ। ਮੋਦੀ ਸਰਕਾਰ ਨੇ ਮਨਰੇਗਾ ਖਤਮ ਕਰਕੇ ਮਜ਼ਦੂਰ ਵਰਗ ਨਾਲ ਧ੍ਰੋਹ ਕਮਾਇਆ ਹੈ। ਉਹਨਾ ਸਫਲ ਕਨਵੈਨਸ਼ਨ ਦੀ ਵਧਾਈ ਦਿੰਦਿਆਂ ਦੇਵੀ ਕੁਮਾਰੀ ਸਰਹਾਲੀ ਕਲਾਂ ਦੇ ਲੋਕਾਂ ਅੰਦਰ ਵਿਚਰਨ, ਵਰਤਾਰੇ ਦੀ ਸ਼ਲਾਘਾ ਕੀਤੀ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ ਨੇ ਕਿਹਾ ਕਿ ਮਨਰੇਗਾ ਰਾਹੀਂ ਮਜ਼ਦੂਰ ਨੂੰ 100 ਦਿਨ ਕੰਮ ਦੀ ਗਰੰਟੀ ਦਿੱਤੀ ਗਈ ਸੀ। ਇਸ ਰਾਹੀਂ ਮਜ਼ਦੂਰ ਵਰਗ ਨੂੰ ਕੁਝ ਆਰਥਕ ਰਾਹਤ ਮਿਲੀ ਸੀ। ਮੋਦੀ ਸਰਕਾਰ ਨੇ ਮਜ਼ਦੂਰ ਵਰਗ ‘ਤੇ ਸਿੱਧਾ ਹਮਲਾ ਕੀਤਾ ਹੈ।
ਤਰਨ ਤਾਰਨ ਮਜ਼ਦੂਰ ਕਨਵੈਨਸ਼ਨ ਦੀ ਸਫਲਤਾ ਲਈ ਗੋਰੀਆ ਨੇ ਇਸ ਖੇਤਰ ਦੇ ਮਜ਼ਦੂਰ ਆਗੂਆਂ ਨੂੰ ਵਧਾਈ ਦਿੱਤੀ। ਉਹਨਾ ਕਿਹਾ ਕਿ ਅਜਿਹੀਆਂ ਕਨਵੈਨਸ਼ਨਾਂ ਪੂਰੇ ਦੇਸ਼ ਵਿੱਚ ਹੋ ਰਹੀਆਂ ਹਨ, ਤਾਂ ਕਿ ਬੱਝਵੇਂ ਸੰਘਰਸ਼ ਦਾ ਪੜ੍ਹੱਲ ਉਸਾਰਿਆ ਜਾ ਸਕੇ।
ਖੇਤ ਮਜ਼ਦੂਰਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਸਰਕਾਰਾਂ ਨੂੰ ਇਹ ਭਲੀਭਾਂਤ ਪਤਾ ਸੀ ਕਿ ਖੇਤੀਬਾੜੀ ਵਿੱਚ ਮਸ਼ੀਨਰੀ ਆ ਜਾਣ ਕਾਰਨ ਮਜ਼ਦੂਰ ਵਿਹਲਾ ਹੋਵੇਗਾ, ਪਰ ਸਰਕਾਰਾਂ ਨੇ ਖੇਤ ਮਜ਼ਦੂਰਾਂ ਲਈ ਬਦਲਵੇਂ ਕੰਮ ਦਾ ਕੋਈ ਢੁਕਵਾਂ ਪ੍ਰਬੰਧ ਨਾ ਕਰਕੇ ਆਪਣੀ ਨਾ-ਅਹਿਲੀਅਤ ਦਾ ਪ੍ਰਗਟਾਵਾ ਕੀਤਾ ਹੈ।ਕਨਵੈਨਸ਼ਨ ਦੇ ਮੁੱਖ ਪ੍ਰਬੰਧਕ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਜੋਸ਼ ਭਰੀ ਤਕਰੀਰ ਵਿੱਚ ਜਿੱਥੇ ਸਰਕਾਰ ਦੀ ਮਜ਼ਦੂਰ ਵਰਗ ਨੂੰ ਅਣਗੌਲਿਆ ਕਰਨ ਦੀ ਨਿਖੇਧੀ ਕੀਤੀ, ਉਥੇ ਮਜ਼ਦੂਰ ਵਰਗ ਨੂੰ ਹੱਕਾਂ ਲਈ ਜੂਝਣ ਦਾ ਸੱਦਾ ਦਿੱਤਾ। ਉਹਨਾ ਕਿਸਾਨਾਂ ਤੇ ਮਜ਼ਦੂਰਾਂ ਦੀ ਏਕਤਾ ‘ਤੇ ਵੀ ਜ਼ੋਰ ਦਿੱਤਾ। ਉਹਨਾ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਜਾਤ-ਪਾਤ ਰਹਿਤ ਸਮਾਜ ਉਸਾਰਨ ਲਈ ਲੱਗੇ ਰਹੇ, ਜਿਸ ਦੇ ਕਾਫੀ ਚੰਗੇ ਨਤੀਜੇ ਵੀ ਮਿਲੇ। ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਰਕਾਰਾਂ ਲੋਕਾਂ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਨਾ ਨਿਭਾ ਕੇ ਲੋਕਾਂ ਨੂੰ ਜਾਤ ਬਰਾਦਰੀਆਂ ਦੇ ਨਾਂਅ ‘ਤੇ ਵਖਰੇਵੇਂ ਪੈਦਾ ਕਰਨ ਤੇ ਆਪਸੀ ਜ਼ਹਿਰ ਭਰਨ ਦੇ ਕਾਰਿਆ ਵਿੱਚ ਮਸ਼ਰੂਫ ਹੈ। ਉਹਨਾ ਕਿਹਾ ਕਿ ਮਜ਼ਦੂਰ ਵਰਗ ਨੂੰ ਆਟਾ-ਦਾਲ ਵਿੱਚ ਉਲਝਾਇਆ ਜਾ ਰਿਹਾ ਹੈ। ਉਹਨਾ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਸਾਨੂੰ ਆਟਾ-ਦਾਲ ਤੱਕ ਮਹਿਦੂਦ ਨਾ ਰੱਖੋ, ਸਾਨੂੰ ਢੁਕਵਾਂ ਰੁਜ਼ਗਾਰ ਤੇ ਸਤਿਕਾਰ ਚਾਹੀਦਾ ਹੈ। ਨਸ਼ਿਆਂ ਦੀ ਪਈ ਮਾਰ ਦਾ ਉਹਨਾ ਵਿਸਥਾਰ ਨਾਲ ਜ਼ਿਕਰ ਕੀਤਾ। ਉਹਨਾ ਕਿਹਾ ਕਿ ਨਸ਼ਿਆਂ ਨਾਲ ਮਰ ਰਹੇ ਨੌਜਵਾਨ ਪੁੱਤਰਾਂ ਦੀਆਂ ਅਰਥੀਆਂ ਨੂੰ ਬਾਪ ਮੋਢਾ ਦੇ ਰਹੇ ਹਨ। ਇਹ ਭਿਆਨਕ ਮੰਜ਼ਰ ਬਹੁਤ ਦੁਖੀ ਕਰਦਾ ਹੈ। ਉਹਨਾ ਲਾਲ ਝੰਡੇ ਵਾਲੀਆਂ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਅਤੇ ਮਜ਼ਦੂਰ ਕਿਸਾਨ ਦੀ ਸਾਂਝ ਨੂੰ ਦੋਵਾਂ ਵਰਗਾਂ ਦੀ ਬਿਹਤਰੀ ਦੀ ਜਾਮਨ ਦੱਸਿਆ।ਕਨਵੈਨਸ਼ਨ ਨੂੰ ਮਾਸਟਰ ਅੰਮ੍ਰਿਤ ਪਾਲ ਸਿੰਘ, ਜੋਗਿੰਦਰ ਸਿੰਘ ਵਲਟੋਹਾ, ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਕੁਮਾਰ ਸੋਹਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਹੀਰਾ ਸਿੰਘ ਖਡੂਰ ਸਾਹਿਬ, ਲਾਲ ਸਿੰਘ ਵਲਟੋਹਾ, ਮੇਜਰ ਸਿੰਘ ਦਾਰਾਪੁਰ, ਚਰਨ ਸਿੰਘ ਜਲਾਲਾਬਾਦ, ਬਲਵਿੰਦਰ ਸਿੰਘ ਠੇਕੇਦਾਰ, ਸਵਰਨ ਸਿੰਘ ਕਿਰਤੋਵਾਲ ਕਲਾਂ, ਬੂਟਾ ਸਿੰਘ ਢੋਟੀਆਂ, ਕਸ਼ਮੀਰ ਸਿੰਘ ਭਲਾਈਪੁਰ, ਹਰਭਜਨ ਸਿੰਘ ਬਾਕੀਪੁਰ, ਕਸ਼ਮੀਰ ਸਿੰਘ ਗਿੱਲ ਵੜੈਚ, ਅਮਰੀਕ ਸਿੰਘ ਬਾਕੀਪੁਰ, ਕੁਲਵੰਤ ਸਿੰਘ ਸੋਹਲ, ਗਗਨਦੀਪ ਸਿੰਘ ਨੂਰਪੁਰ, ਨਵਜੋਤ ਸਿੰਘ ਕਿਰਤੋਵਾਲ ਕਲਾਂ ਆਦਿ ਹਾਜ਼ਰ ਸਨ।
ਕਨਵੈਨਸ਼ਨ ਤੋਂ ਬਾਅਦ ਕੀਤੇ ਗਏ ਮਾਰਚ ਦੌਰਾਨ ‘ਪੈਂਤੀ ਰੁਪਏ ਕਿਲੋ ਆਟਾ, ਇਸ ਸਰਕਾਰ ਨੂੰ ਹੈ ਸ਼ਰਮ ਦਾ ਘਾਟਾ’, ‘ਦੋ ਸੌ ਰੁਪਏ ਕਿਲੋ ਦਾਲ, ਰੋਟੀ ਖਾਈਏ ਕਾਹਦੇ ਨਾਲ…..’ ਵਰਗੇ ਨਾਹਰੇ ਮਜ਼ਦੂਰ ਵਰਗ ਦੀ ਬਦਤਰ ਜ਼ਿੰਦਗੀ ਨੂੰ ਬਿਆਨ ਕਰਦੇ ਮਹਿਸੂਸ ਹੋਏ। ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।




