ਗਮਾਡਾ ਵੱਲੋਂ ਐਲਾਨੇ ਜ਼ਮੀਨਾਂ ਦੇ ਮੁੱਲ ਦਾ ਕਿਸਾਨਾਂ ਵੱਲੋਂ ਵਿਰੋਧ

0
11

ਮੁਹਾਲੀ (ਨ ਜ਼ ਸ)-ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਦੇ ਸੈਕਟਰ 87 ਵਿੱਚ ਵਪਾਰਕ ਖੇਤਰ ਦੇ ਵਿਸਥਾਰ ਲਈ ਜ਼ਮੀਨ ਦੇ ਮੁੱਲ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸ ਦੀ ਚਹੁੰ ਪਾਸਿਓਾ ਸਖ਼ਤ ਆਲੋਚਨਾ ਹੋ ਰਹੀ ਹੈ | ਵਿਕਾਸ ਅਥਾਰਟੀ ਨੇ ਜ਼ਮੀਨ ਮਾਲਕਾਂ ਤੋਂ ਜ਼ਮੀਨ ਐਕੁਆਇਰ ਕਰਨ ਲਈ 4.27 ਕਰੋੜ ਰੁਪਏ ਤੋਂ ਲੈ ਕੇ 5.61 ਕਰੋੜ ਰੁਪਏ ਪ੍ਰਤੀ ਏਕੜ ਤੱਕ ਦੀਆਂ ਦਰਾਂ ਤੈਅ ਕੀਤੀਆਂ ਹਨ | ਦਰਾਂ ਸੋਹਾਣਾ ਵਿੱਚ 5.61 ਕਰੋੜ ਰੁਪਏ ਪ੍ਰਤੀ ਏਕੜ, ਨਾਨੂਮਾਜਰਾ ਵਿੱਚ 4.56 ਕਰੋੜ ਰੁਪਏ ਪ੍ਰਤੀ ਏਕੜ, ਮਾਣਕ ਮਾਜਰਾ ਵਿੱਚ 5.03 ਕਰੋੜ ਰੁਪਏ ਪ੍ਰਤੀ ਏਕੜ ਅਤੇ ਸੰਭਾਲਕੀ ਪਿੰਡ ਵਿੱਚ 4.27 ਕਰੋੜ ਰੁਪਏ ਪ੍ਰਤੀ ਏਕੜ ਤੈਅ ਕੀਤੀਆਂ ਗਈਆਂ ਸਨ | ਮੁੜ ਵਸੇਬੇ ਅਤੇ ਮੁੜ ਸਥਾਪਨ ਲਈ ਮੁੱਲ ਦਾ ਐਲਾਨ ਵੱਖਰੇ ਤੌਰ ‘ਤੇ ਕੀਤਾ ਜਾਵੇਗਾ |
ਜ਼ਮੀਨ ਮਾਲਕਾਂ ਕੋਲ ਜਾਂ ਤਾਂ ਤੈਅਸ਼ੁਦਾ ਮਾਰਕੀਟ ਦਰ ‘ਤੇ ਨਕਦ ਮੁਆਵਜ਼ਾ ਪ੍ਰਵਾਨ ਕਰਨ ਜਾਂ ਲੈਂਡ ਪੂਲਿੰਗ ਨੀਤੀ ਦੀ ਚੋਣ ਕਰਨ ਦੀ ਆਜ਼ਾਦੀ ਹੋਵੇਗੀ | ਪਿੰਡ ਵਾਸੀਆਂ, ਕਿਸਾਨ ਯੂਨੀਅਨ ਆਗੂਆਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਕਦਮ ਨੂੰ ਕੌਡੀਆਂ ਦੇ ਭਾਅ ਕਿਸਾਨਾਂ ਦੀ ਜ਼ਮੀਨ ਦੀ ਲੁੱਟ ਕਰਾਰ ਦਿੱਤਾ ਹੈ ਅਤੇ ਨੋਟ ਕੀਤਾ ਕਿ ਗਮਾਡਾ ਖੁਦ ਵਿਕਸਤ ਜ਼ਮੀਨ ਨੂੰ 80 ਕਰੋੜ ਤੋਂ 90 ਕਰੋੜ ਰੁਪਏ ਪ੍ਰਤੀ ਏਕੜ ਵਿੱਚ ਨਿਲਾਮ ਕਰਦਾ ਹੈ | ਇਹ ਐਲਾਨ ਸ਼ੁੱਕਰਵਾਰ ਨੂੰ ਜ਼ਮੀਨ ਮਾਲਕਾਂ ਦੀ ਮੌਜੂਦਗੀ ਵਿੱਚ ਸੈਕਟਰ 87 ਦੇ ਵਪਾਰਕ ਹੱਬ ਦਾ ਵਿਸਥਾਰ ਕਰਨ ਲਈ ਚਾਰ ਪਿੰਡਾਂ ਸੋਹਾਣਾ, ਨਾਨੂਮਾਜਰਾ, ਮਾਣਕ ਮਾਜਰਾ ਅਤੇ ਸੰਭਾਲਕੀ ਦੀ 196.44 ਏਕੜ ਜ਼ਮੀਨ ਐਕਵਾਇਰ ਕਰਨ ਲਈ ਕੀਤਾ ਗਿਆ ਸੀ | ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ ਅਤੇ ਹੋਰਨਾਂ ਨੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਇਹ ਮੁਹਾਲੀ ਦਾ ਸਭ ਤੋਂ ਮਹਿੰਗਾ ਇਲਾਕਾ ਹੈ | ਖੁੱਲ੍ਹੇ ਬਾਜ਼ਾਰ ਵਿੱਚ ਜ਼ਮੀਨ ਦੀ ਕੀਮਤ ਲਗਪਗ 40 ਕਰੋੜ ਤੋਂ 50 ਕਰੋੜ ਰੁਪਏ ਪ੍ਰਤੀ ਏਕੜ ਹੈ | ਗਮਾਡਾ ਸਾਡੇ ਤੋਂ ਮਾਰਕੀਟ ਦਰ ਨਾਲੋਂ ਪੰਜ ਗੁਣਾ ਘੱਟ ਕੀਮਤ ‘ਤੇ ਧੱਕੇ ਨਾਲ ਜ਼ਮੀਨ ਐਕਵਾਇਰ ਕਰ ਰਿਹਾ ਹੈ |