ਫੌਰੀ ਲੋੜ

0
2

ਮੁੱਦਾ ਅਮਰੀਕਾ ਅਤੇ ਈਰਾਨ ਵਿਚਕਾਰ ਸਿਰਫ ਜੰਗਬੰਦੀ ਜਾਂ ਪ੍ਰਮਾਣੂ ਸਮਝੌਤੇ ਦਾ ਨਹੀਂ, ਮੁੱਦਾ ਇਹ ਹੈ ਕਿ ਕੀ ਵਿਸ਼ਵ ਅਰਥਵਿਵਸਥਾ ਹਾਰਮੁਜ਼ ਜਲਡਮਰੂ ‘ਤੇ ਕੇਂਦਰਤ ਊਰਜਾ, ਭੋਜਨ ਅਤੇ ਰਹਿਣ-ਸਹਿਣ ਦੇ ਖਰਚੇ ਦੇ ਸੰਕਟਾਂ ਵਿੱਚ ਡੂੰਘੀ ਧੱਸਣ ਤੋਂ ਬਚ ਸਕਦੀ ਹੈ। ਹਾਲੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਵਾਸ਼ਿੰਗਟਨ ਅਤੇ ਤਹਿਰਾਨ ਇੱਕ ਸਮਝੌਤੇ ‘ਤੇ ਚਰਚਾ ਕਰ ਰਹੇ ਹਨ, ਜੋ ਇੱਕ ਵਿਆਪਕ ਪ੍ਰਬੰਧ ਦੇ ਹਿੱਸੇ ਵਜੋਂ ਹਾਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹੇਗਾ। ਕਥਿਤ ਤੌਰ ‘ਤੇ ਇਸ ਤਜਵੀਜ਼ ਵਿੱਚ 60 ਦਿਨਾਂ ਦੀ ਜੰਗਬੰਦੀ, ਸ਼ਿਪਿੰਗ ਲੇਨਾਂ ਨੂੰ ਦੁਬਾਰਾ ਖੋਲ੍ਹਣਾ, ਕੁਝ ਪਾਬੰਦੀਆਂ ਤੋਂ ਰਾਹਤ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਨਵੀਂ ਗੱਲਬਾਤ ਸ਼ਾਮਲ ਹੈ। ਇਸ ਦੀ ਜਲਦਬਾਜ਼ੀ ਸਪੱਸ਼ਟ ਹੈ। ਦੁਨੀਆ ਦੇ ਤੇਲ ਦਾ ਲੱਗਭੱਗ ਪੰਜਵਾਂ ਹਿੱਸਾ ਅਤੇ ਤਰਲ ਕੁਦਰਤੀ ਗੈਸ ਦੀ ਸਪਲਾਈ ਦਾ ਇੱਕ ਵੱਡਾ ਹਿੱਸਾ ਆਮ ਤੌਰ ‘ਤੇ ਹਾਰਮੁਜ਼ ਜਲਡਮਰੂ ਵਿੱਚੋਂ ਲੰਘਦਾ ਹੈ। ਹਾਲ ਹੀ ਦੇ ਹਫਤਿਆਂ ਵਿੱਚ ਸ਼ਿਪਿੰਗ ਵਿੱਚ ਰੁਕਾਵਟਾਂ, ਫੌਜੀ ਤਣਾਅ ਅਤੇ ਮੁਕਾਬਲੇ ਵਾਲੇ ਜਲ ਸੈਨਾ ਨਿਯੰਤਰਣਾਂ ਨੇ ਮਾਲ ਭਾੜੇ ਦੀ ਲਾਗਤ, ਊਰਜਾ ਕੀਮਤਾਂ ਅਤੇ ਬੀਮਾ ਪ੍ਰੀਮੀਅਮਾਂ ਵਿੱਚ ਵਾਧਾ ਕੀਤਾ ਹੈ। ਜੇ ਜਲਦੀ ਹੀ ਇੱਕ ਪਾਇਦਾਰ ਸਮਝੌਤਾ ਨਹੀਂ ਹੁੰਦਾ, ਤਾਂ ਇਸ ਦੇ ਨਤੀਜੇ ਵਿਸ਼ਵ ਅਰਥ ਵਿਵਸਥਾ ਵਿੱਚ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ।
ਯਕੀਨਨ, ਅਮੀਰ ਅਰਥਚਾਰੇ ਇਸ ਦੇ ਪ੍ਰਭਾਵ ਮਹਿਸੂਸ ਕਰਨਗੇ। ਈਂਧਨ ਦੀਆਂ ਉੱਚੀਆਂ ਕੀਮਤਾਂ ਯੂਰਪ ਅਤੇ ਉੱਤਰੀ ਅਮਰੀਕਾ ਦੇ ਘਰਾਂ ‘ਤੇ ਪਹਿਲਾਂ ਹੀ ਭਾਰ ਪਾਉਣ ਵਾਲੇ ਮਹਿੰਗਾਈ ਦੇ ਦਬਾਅ ਨੂੰ ਤੇਜ਼ ਕਰਨਗੀਆਂ। ਸੁਸਤ ਵਿਕਾਸ ਦਰ ਅਤੇ ਰਹਿਣ-ਸਹਿਣ ਦੀ ਲਗਾਤਾਰ ਵਧਦੀ ਲਾਗਤ ਦੀਆਂ ਚਿੰਤਾਵਾਂ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਨੂੰ ਆਵਾਜਾਈ, ਬਿਜਲੀ ਅਤੇ ਭੋਜਨ ਦੀਆਂ ਕੀਮਤਾਂ ਇੱਕ ਵਾਰ ਫਿਰ ਵਧਣ ਨਾਲ ਨਵੇਂ ਰਾਜਨੀਤਕ ਦਬਾਅ ਦਾ ਸਾਹਮਣਾ ਕਰਨਾ ਪਵੇਗਾ। ਪਰ ਵਿਕਾਸਸ਼ੀਲ ਅਰਥ ਵਿਵਸਥਾਵਾਂ ‘ਤੇ ਇਸ ਦਾ ਅਸਰ ਸਖਤ ਹੋਵੇਗਾ। ਬਹੁਤ ਸਾਰੀਆਂ ਵਿਕਾਸਸ਼ੀਲ ਅਰਥ ਵਿਵਸਥਾਵਾਂ ਅਜੇ ਵੀ ਦਰਾਮਦੀ ਈਂਧਨ, ਦਰਾਮਦੀ ਖਾਦ ਅਤੇ ਦਰਾਮਦੀ ਭੋਜਨ ‘ਤੇ ਬਹੁਤ ਜ਼ਿਆਦਾ ਨਿਰਭਰ ਹਨ। ਇਸ ਲਈ, ਊਰਜਾ ਦੇ ਝਟਕੇ ਪੂਰੀ ਅਰਥਵਿਵਸਥਾ ਵਿੱਚ ਫੈਲਦੇ ਹਨ। ਆਵਾਜਾਈ ਦੀਆਂ ਲਾਗਤਾਂ ਵਧਦੀਆਂ ਹਨ। ਖੇਤੀਬਾੜੀ ਉਤਪਾਦਨ ਹੋਰ ਮਹਿੰਗਾ ਹੋ ਜਾਂਦਾ ਹੈ। ਖੁਰਾਕ ਮਹਿੰਗਾਈ ਤੇਜ਼ ਹੁੰਦੀ ਹੈ। ਜਨਤਕ ਵਿੱਤ ਵਿਗੜਦੇ ਹਨ, ਕਿਉਂਕਿ ਸਰਕਾਰਾਂ ਸਬਸਿਡੀਆਂ ਜਾਂ ਐਮਰਜੈਂਸੀ ਸਹਾਇਤਾ ਰਾਹੀਂ ਆਬਾਦੀ ਨੂੰ ਵਧਦੀਆਂ ਕੀਮਤਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਇਹ ਗਤੀਸ਼ੀਲਤਾ ਪਹਿਲਾਂ ਹੀ ਦਿਖਾਈ ਦੇ ਰਹੀ ਹੈ। ਅਫਰੀਕਾ ਅਤੇ ਦੱਖਣੀ ਏਸ਼ੀਆ ਦੇ ਕਈ ਦਰਾਮਦ-ਨਿਰਭਰ ਦੇਸ਼ਾਂ ਵਿੱਚ ਸਰਕਾਰਾਂ ਵਿਗੜਦੇ ਵਿੱਤੀ ਦਬਾਅ ਦਾ ਸਾਹਮਣਾ ਕਰਦੇ ਹੋਏ ਬਦਲਵੀਂ ਈਂਧਨ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਹਾਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਅਨਿਸਚਿਤਤਾ ਜਿੰਨੀ ਦੇਰ ਤੱਕ ਜਾਰੀ ਰਹੇਗੀ, ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਨੋਟ ਪਸਾਰੇ ਦੇ ਝਟਕੇ ਮੌਜੂਦਾ ਕਰਜ਼ੇ ਦੇ ਸੰਕਟ ਅਤੇ ਸਮਾਜਿਕ ਅਸਥਿਰਤਾ ਨੂੰ ਹੋਰ ਡੂੰਘਾ ਕਰਨਗੇ। ਹਾਰਮੁਜ਼ ਜਲਡਮਰੂ ਸਿਰਫ ਇੱਕ ਖੇਤਰੀ ਜਲਮਾਰਗ ਨਹੀਂ ਹੈ; ਇਹ ਵਿਸ਼ਵ ਪੂੰਜੀਵਾਦ ਦੀਆਂ ਕੇਂਦਰੀ ਰਗਾਂ ਵਿੱਚੋਂ ਇੱਕ ਹੈ। ਜਦੋਂ ਇਸ ਦਾ ਫੌਜੀਕਰਨ ਹੁੰਦਾ ਹੈ ਜਾਂ ਇਹ ਅੰਸ਼ਕ ਤੌਰ ‘ਤੇ ਬੰਦ ਹੋ ਜਾਂਦਾ ਹੈ, ਤਾਂ ਇਸ ਦੇ ਪ੍ਰਭਾਵ ਕੁਝ ਦਿਨਾਂ ਦੇ ਅੰਦਰ ਹੀ ਦੁਨੀਆ ਭਰ ਵਿੱਚ ਮਹਿਸੂਸ ਕੀਤੇ ਜਾਂਦੇ ਹਨ। ਭੋਜਨ ਦੀਆਂ ਕੀਮਤਾਂ ਇਨ੍ਹਾਂ ਵਿਘਨਾਂ ਪ੍ਰਤੀ ਖਾਸ ਤੌਰ ‘ਤੇ ਸੰਵੇਦਨਸ਼ੀਲ ਹੁੰਦੀਆਂ ਹਨ, ਕਿਉਂਕਿ ਊਰਜਾ ਬਾਜ਼ਾਰ ਅਤੇ ਭੋਜਨ ਪ੍ਰਣਾਲੀਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ। ਖਾਦ ਉਤਪਾਦਨ ਕੁਦਰਤੀ ਗੈਸ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਸ਼ਿਪਿੰਗ ਅਤੇ ਰੈਫਰੀਜਰੇਸ਼ਨ ਦੀ ਲਾਗਤ ਤੇਲ ਦੀਆਂ ਕੀਮਤਾਂ ‘ਤੇ ਨਿਰਭਰ ਕਰਦੀ ਹੈ। ਜਦੋਂ ਊਰਜਾ ਬਾਜ਼ਾਰ ਅਸਥਿਰ ਹੁੰਦੇ ਹਨ, ਤਾਂ ਕਰਿਆਨੇ ਦੇ ਬਿੱਲ ਲੱਗਭੱਗ ਹਰ ਥਾਂ ਵਧ ਜਾਂਦੇ ਹਨ।
ਮੁੱਦਾ ਸਿਰਫ ਇਹ ਨਹੀਂ ਹੈ ਕਿ ਕੀ ਅਮਰੀਕਾ ਅਤੇ ਈਰਾਨ ਟਕਰਾਅ ਵਧਾਉਣ ਤੋਂ ਬਚ ਸਕਦੇ ਹਨ, ਸਗੋਂ ਇਹ ਵੀ ਹੈ ਕਿ ਕੀ ਕਰਜ਼ੇ, ਜਲਵਾਯੂ ਝਟਕਿਆਂ ਅਤੇ ਭੂ-ਰਾਜਨੀਤਕ ਵਿਖੰਡਨ ਕਾਰਨ ਪਹਿਲਾਂ ਹੀ ਤਣਾਅਗ੍ਰਸਤ ਕਮਜ਼ੋਰ ਵਿਸ਼ਵ ਅਰਥਵਿਵਸਥਾ ਹੋਰ ਲੰਮੇ ਸਮੇਂ ਤੱਕ ਊਰਜਾ ਵਿਘਨ ਦਾ ਸਾਹਮਣਾ ਕਰ ਸਕਦੀ ਹੈ। ਹਾਲ ਹੀ ਦੇ ਸਾਲਾਂ ਨੇ ਦਿਖਾਇਆ ਹੈ ਕਿ ਅਜਿਹੇ ਝਟਕੇ ਕਿੰਨੀ ਜਲਦੀ ਰਾਜਨੀਤਕ ਸੰਕਟ ਵਿੱਚ ਬਦਲ ਜਾਂਦੇ ਹਨ। ਇੱਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਅਰਬ ਵਿਦਰੋਹਾਂ ਤੋਂ ਪਹਿਲ ਦੀ ਅਸ਼ਾਂਤੀ ਵਿੱਚ ਖੁਰਾਕ ਮਹਿੰਗਾਈ ਨੇ ਵੱਡੀ ਭੂਮਿਕਾ ਨਿਭਾਈ ਸੀ। ਹਾਲ ਹੀ ਵਿੱਚ ਵਧੀਆ ਜੀਵਨ ਲਾਗਤਾਂ ਨੇ ਲਾਤੀਨੀ ਅਮਰੀਕਾ ਤੋਂ ਯੂਰਪ ਤੱਕ ਰਾਜਨੀਤਕ ਅਸਥਿਰਤਾ ਨੂੰ ਹਵਾ ਦਿੱਤੀ ਹੈ। ਦੁਨੀਆ ਭਰ ਦੀਆਂ ਸਰਕਾਰਾਂ ਪਹਿਲਾਂ ਹੀ ਵਿਆਪਕ ਅਵਿਸ਼ਵਾਸ, ਸਥਿਰ ਤਨਖਾਹਾਂ ਅਤੇ ਵਧਦੀ ਅਸਮਾਨਤਾ ਦਾ ਸਾਹਮਣਾ ਕਰ ਰਹੀਆਂ ਹਨ। ਊਰਜਾ ਅਤੇ ਭੋਜਨ ਦੀਆਂ ਕੀਮਤਾਂ ਵਿੱਚ ਇੱਕ ਹੋਰ ਨਿਰੰਤਰ ਵਾਧਾ ਇਨ੍ਹਾਂ ਦਬਾਵਾਂ ਨੂੰ ਨਾਟਕੀ ਢੰਗ ਨਾਲ ਤੇਜ਼ ਕਰ ਸਕਦਾ ਹੈ।
ਵਿਡੰਬਨਾ ਇੱਕ ਵਾਰ ਫਿਰ ਇਹ ਹੈ ਕਿ ਬਹੁਤ ਸਾਰੇ ਦੇਸ਼ਾਂ, ਜਿਨ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਣ ਦੀ ਸੰਭਾਵਨਾ ਹੈ, ਦਾ ਸੰਘਰਸ਼ ‘ਤੇ ਬਹੁਤ ਘੱਟ ਪ੍ਰਭਾਵ ਹੈ। ਸਭ ਤੋਂ ਗੰਭੀਰ ਆਰਥਿਕ ਜੋਖਮਾਂ ਦਾ ਸਾਹਮਣਾ ਕਰ ਰਹੀਆਂ ਆਬਾਦੀਆਂ ਅਕਸਰ ਭੂ-ਰਾਜਨੀਤਕ ਟਕਰਾਅ ਲਈ ਸਭ ਤੋਂ ਘੱਟ ਜ਼ਿੰਮੇਵਾਰ ਹੁੰਦੀਆਂ ਹਨ, ਫਿਰ ਵੀ ਉਹ ਵਧਦੀਆਂ ਦਰਾਮਦ ਲਾਗਤਾਂ, ਵਿਗੜਦੀ ਭੁੱਖਮਰੀ ਅਤੇ ਸੁੰਗੜਦੀ ਵਿੱਤੀ ਸਪੇਸ ਦਾ ਸਭ ਤੋਂ ਵੱਧ ਸਾਹਮਣਾ ਕਰਦੀਆਂ ਹਨ। ਇਸ ਲਈ ਹਾਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣਾ ਸਿਰਫ ਵਾਸ਼ਿੰਗਟਨ ਜਾਂ ਤਹਿਰਾਨ ਲਈ ਰਣਨੀਤਕ ਸਥਿਰਤਾ ਦਾ ਮਾਮਲਾ ਨਹੀਂ, ਸਗੋਂ ਇਹ ਇੱਕ ਵਿਸ਼ਵਵਿਆਪੀ ਫੌਰੀ ਆਰਥਿਕ ਲੋੜ ਵੀ ਹੈ।