ਭਾਰਤੀ ਪੁਰਸ਼ ਹਾਕੀ ਟੀਮ ਤੋਂ 51 ਸਾਲ ਪੁਰਾਣੇ ਵਿਸ਼ਵ ਕੱਪ ਖਿਤਾਬ ਦੇ ਸੋਕੇ ਨੂੰ ਖਤਮ ਕਰਨ ਦੀ ਉਮੀਦ ਨਹੀਂ ਸੀ, ਪਰ ਸੋਮਵਾਰ ਨੀਦਰਲੈਂਡਜ਼ ਦੇ ਐਮਸਟਲਵੀਨ ਵਿੱਚ ਅਰਜਨਟੀਨਾ ਤੋਂ 3 ਦੇ ਮੁਕਾਬਲੇ 5 ਗੋਲਾਂ ਨਾਲ ਹਾਰ ਕੇ ਸੈਮੀਫਾਈਨਲ ਤੱਕ ਪਹੁੰਚਣ ਵਿੱਚ ਉਸ ਦੀ ਨਾਕਾਮੀ ਨੇ ਉਨ੍ਹਾਂ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ, ਜੋ ਪੈਰਿਸ ਉਲੰਪਿਕ ਤੋਂ ਬਾਅਦ ਵਾਰ-ਵਾਰ ਸਾਹਮਣੇ ਆਈਆਂ ਹਨ। ਖਾਸ ਕਰਕੇ ਵਧੀਆ ਜੂਨੀਅਰ ਖਿਡਾਰੀਆਂ ਨੂੰ ਸੀਨੀਅਰ ਟੀਮ ਵਿੱਚ ਸਮੇਂ ਸਿਰ ਥਾਂ ਨਾ ਦੇਣ, ਚੋਣ ਰਣਨੀਤੀਆਂ ਅਤੇ ਸਮੁੱਚੇ ਪ੍ਰਦਰਸ਼ਨ ਦੀ ਇਕਸਾਰਤਾ ਬਾਰੇ ਫਿਰ ਚਰਚਾ ਛਿੜ ਗਈ ਹੈ।
ਸਾਬਕਾ ਖਿਡਾਰੀਆਂ ਨੇ ਪ੍ਰਦਰਸ਼ਨ ਵਿੱਚ ਇਕਸਾਰਤਾ, ਰੱਖਿਆਤਮਕ ਕਮਜ਼ੋਰੀਆਂ ਅਤੇ ਕਪਤਾਨ ਹਰਮਨਪ੍ਰੀਤ ਸਿੰਘ ‘ਤੇ ਜ਼ਿਆਦਾ ਨਿਰਭਰਤਾ ਨੂੰ ਮੁੱਖ ਕਮਜ਼ੋਰੀਆਂ ਵਜੋਂ ਪਛਾਣਿਆ ਹੈ।
1980 ਦੇ ਮਾਸਕੋ ਉਲੰਪਿਕ ਦੇ ਸੋਨ ਤਮਗਾ ਜੇਤੂ ਕਪਤਾਨ ਵੀ. ਭਾਸਕਰਨ ਮੁਤਾਬਕ ਜੂਨੀਅਰ ਤੋਂ ਸੀਨੀਅਰ ਤੱਕ ਤਬਦੀਲੀ ਸਹੀ ਢੰਗ ਨਾਲ ਨਹੀਂ ਹੋਈ। ਜਰਮਨੀ ਅਤੇ ਨੀਦਰਲੈਂਡਜ਼ ਵਿੱਚ ਇੱਕ ਸੁਚਾਰੂ ਤਬਦੀਲੀ ਹੋਈ ਹੈ। ਪੈਰਿਸ ਉਲੰਪਿਕ ਅਤੇ ਵਿਸ਼ਵ ਕੱਪ ਦੀਆਂ ਨੀਦਰਲੈਂਡਜ਼ ਦੀਆਂ ਟੀਮਾਂ ਦੇਖੋ। ਉਨ੍ਹਾਂ ਉਲੰਪਿਕ ਸੋਨ ਤਮਗਾ ਜੇਤੂ ਟੀਮ ਦੇ ਛੇ ਖਿਡਾਰੀ ਬਦਲ ਕੇ ਨਵਿਆਂ ਨੂੰ ਲੈ ਆਂਦਾ?
ਅਸੀਂ ਹਮਦਰਦੀ, ਪਿਛਲੇ ਰਿਕਾਰਡਾਂ ਅਤੇ ਅੰਕੜਿਆਂ ਦੇ ਆਧਾਰ ‘ਤੇ ਟੀਮ ਦੀ ਚੋਣ ਕਰ ਰਹੇ ਹਾਂ। ਦੂਜੇ ਦੇਸ਼ਾਂ ਵਿੱਚ ਜੂਨੀਅਰ ਕੋਚ ਬਹੁਤ ਮਹੱਤਵਪੂਰਨ ਹੁੰਦੇ ਹਨ। ਜਦੋਂ ਸ਼੍ਰੀਜੇਸ਼ ਦੀ ਟੀਮ ਨੇ ਜੂਨੀਅਰ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ, ਤਾਂ ਉਸ ਨਾਲ ਸਲਾਹ ਕਿਉਂ ਨਹੀਂ ਕੀਤੀ ਗਈ। ਇੱਕ ਹੋਰ ਸਾਬਕਾ ਕੌਮਾਂਤਰੀ ਖਿਡਾਰੀ ਜਗਬੀਰ ਸਿੰਘ ਦਾ ਕਹਿਣਾ ਹੈ ਕਿ ਕੋਚਿੰਗ ਅਤੇ ਟੀਮ ਪ੍ਰਬੰਧਨ ਵਿਰੋਧੀਆਂ ‘ਤੇ ਦਬਾਅ ਪਾਉਣ ਲਈ ਟੀਮ ਵਿੱਚ ਤਜਰਬੇਕਾਰ ਖਿਡਾਰੀ ਰੱਖਣਾ ਚਾਹੁੰਦੇ ਸਨ, ਪਰ ਇਹ ਕੰਮ ਨਹੀਂ ਆਇਆ। ਕਪਤਾਨ ਅਤੇ ਡਰੈਗ-ਫਲਿਕ ਮਾਹਰ ਕਪਤਾਨ ਹਰਮਨਪ੍ਰੀਤ ਸਿੰਘ ‘ਤੇ ਵੀ ਜ਼ਿਆਦਾ ਨਿਰਭਰਤਾ ਸੀ, ਜੋ ਪੂਰੀ ਤਰ੍ਹਾਂ ਫਿੱਟ ਨਹੀਂ ਸੀ, ਜਦੋਂ ਕਿ ਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਵਰਗੇ ਤਜਰਬੇਕਾਰ ਉਮੀਦ ਮੁਤਾਬਕ ਪ੍ਰਭਾਵ ਪਾਉਣ ਵਿੱਚ ਅਸਫਲ ਰਹੇ।
ਮੁੱਖ ਕੋਚ ਕ੍ਰੈਗ ਫੁਲਟਨ ਨੇ ਵਾਰ-ਵਾਰ ਰੱਖਿਆਤਮਕ ਮਜ਼ਬੂਤੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ, ਫਿਰ ਵੀ ਭਾਰਤ ਦੀ ਡਿਫੈਂਸ ਇਸ ਦੀਆਂ ਸਭ ਤੋਂ ਵੱਡੀਆਂ ਕਮਜ਼ੋਰੀਆਂ ਵਿੱਚੋਂ ਇੱਕ ਸਾਬਤ ਹੋਈ। ਰੱਖਿਆਤਮਕ ਢਾਂਚਾ ਹਰ 10 ਮਿੰਟਾਂ ਵਿੱਚ ਢਹਿ ਰਿਹਾ ਸੀ। 60 ਮਿੰਟਾਂ ਦੀ ਗੇਮ ਵਿੱਚ ਅਜਿਹਾ ਬਦਲਾਅ ਸਵੀਕਾਰਯੋਗ ਨਹੀਂ ਹੈ।
ਸਾਬਕਾ ਕਪਤਾਨ ਪਰਗਟ ਸਿੰਘ ਦਾ ਮੰਨਣਾ ਹੈ ਕਿ ਭਾਰਤ ਦਾ ਅੰਦਰੂਨੀ ਹਾਕੀ ਢਾਂਚਾ ਇਸ ਹੱਦ ਤੱਕ ਕਮਜ਼ੋਰ ਹੋ ਗਿਆ ਹੈ ਕਿ ਇਹ ਹੁਣ ਲੋੜੀਂਦੀ ਬੈਂਚ ਸਟ੍ਰੈਂਥ ਪੈਦਾ ਨਹੀਂ ਕਰ ਰਿਹਾ। ਮਜ਼ਬੂਤ ਘਰੇਲੂ ਮੁਕਾਬਲਿਆਂ ਦੀ ਘਾਟ ਕਾਰਨ ਸਾਡੇ ਕੋਲ ਚੰਗੀ ਬੈਂਚ ਸਟ੍ਰੈਂਥ ਨਹੀਂ ਹੈ। ਯੂਰਪੀ ਦੇਸ਼ਾਂ ਕੋਲ ਲੀਗ ਮੁਕਾਬਲੇ ਦੇ ਕਈ ਡਵੀਜ਼ਨ ਹਨ, ਜੋ ਸਾਡੇ ਕੋਲ ਨਹੀਂ ਹਨ। ਪਹਿਲਾਂ ਸਾਡੇ ਕੋਲ ਬੀਟਨ ਕੱਪ, ਆਗਾ ਖਾਨ ਕੱਪ, ਬੰਬੇ ਗੋਲਡ ਕੱਪ, ਮੁਰੂਗੱਪਾ ਕੱਪ ਅਤੇ ਨਹਿਰੂ ਟੂਰਨਾਮੈਂਟ ਵਰਗੇ ਟੂਰਨਾਮੈਂਟ ਹੁੰਦੇ ਸਨ। ਉਹ ਢਾਂਚਾ ਤਬਾਹ ਹੋ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਅੰਦਰੂਨੀ ਮੁਕਾਬਲੇ ਦੀ ਘਾਟ ਹੋ ਗਈ ਹੈ। ਜੇ ਤੁਸੀਂ ਸੀਨੀਅਰ ਖਿਡਾਰੀਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਇਹ ਦੋ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਤੁਹਾਨੂੰ ਵਿਸ਼ਵ ਪੱਧਰੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ।
ਭਾਰਤ ਸਤੰਬਰ 2024 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਅਤੇ 2025 ਵਿੱਚ ਏਸ਼ੀਆ ਕੱਪ ਦੁਬਾਰਾ ਜਿੱਤ ਕੇ ਇਸ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ, ਪਰ ਦੁਨੀਆ ਦੀਆਂ ਸਭ ਤੋਂ ਵਧੀਆ, ਖਾਸ ਕਰਕੇ ਯੂਰਪੀਅਨ ਟੀਮਾਂ ਦੇ ਵਿਰੁੱਧ, ਇਕਸਾਰਤਾ ਅਧੂਰੀ ਰਹੀ ਹੈ। ਦੋ ਵਾਰ ਦੇ ਉਲੰਪਿਕ ਕਾਂਸੀ ਤਮਗਾ ਜੇਤੂ ਗੋਲਕੀਪਰ ਪੀ ਆਰ ਸ੍ਰੀਜੇਸ਼ ਇਸ ਗੱਲ ਤੋਂ ਹੈਰਾਨ ਹੈ ਕਿ ਲਾਸ ਏਂਜਲਸ ਉਲੰਪਿਕ ਲਈ ਦੋ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੋਣ ਦੇ ਬਾਵਜੂਦ ਕਿਸੇ ਵੀ ਪ੍ਰਤਿਭਾਸ਼ਾਲੀ ਜੂਨੀਅਰ ਖਿਡਾਰੀ ਨੂੰ ਸੀਨੀਅਰ ਵਿਸ਼ਵ ਕੱਪ ਵਿੱਚ ਐਕਸਪੋਜ਼ਰ ਨਹੀਂ ਦਿੱਤਾ ਗਿਆ। ਉਸ ਦਾ ਕਹਿਣਾ ਹੈ, ”ਸੀਨੀਅਰ ਖਿਡਾਰੀਆਂ ਦੇ ਰਿਟਾਇਰ ਹੋਣ ‘ਤੇ ਕੌਣ ਕਮਾਨ ਸੰਭਾਲੇਗਾ? ਕੀ ਅਸੀਂ ਉਨ੍ਹਾਂ ਦੀ ਥਾਂ ਲੈਣ ਵਾਲੇ ਤਿਆਰ ਕੀਤੇ ਹਨ? ਲਾਸ ਏਂਜਲਸ ਉਲੰਪਿਕ ਤੋਂ ਪਹਿਲਾਂ ਅਸੀਂ 30 ਗੁਣਵੱਤਾ ਵਾਲੇ ਕੌਮਾਂਤਰੀ ਮੈਚ ਖੇਡਾਂਗੇ। ਕੀ ਇਹ ਉਲੰਪਿਕ ਲਈ ਇੱਕ ਖਿਡਾਰੀ ਨੂੰ ਤਿਆਰ ਕਰਨ ਲਈ ਕਾਫੀ ਹੈ? ਕਤਈ ਨਹੀਂ। 2026 ਵਿਸ਼ਵ ਕੱਪ ਟੀਮ ਪੁਰਾਣੇ ਖਿਡਾਰੀਆਂ ਦੇ ਕੋਰ ਗਰੁੱਪ ‘ਤੇ ਅਧਾਰਤ ਸੀ, ਜਦੋਂ ਕਿ ਮਨਮੀਤ ਸਿੰਘ ਵਰਗਾ ਕਾਬਲ ਜੂਨੀਅਰ ਖਿਡਾਰੀ, ਜੋ ਛੇ ਗੋਲਾਂ ਨਾਲ ਜੂਨੀਅਰ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਸੀ ਅਤੇ ਅਮੀਰ ਅਲੀ, ਰੋਸ਼ਨ ਕੁਜੂਰ, ਸ਼ਰਦਾਨੰਦ ਤਿਵਾੜੀ, ਤਾਲੇਮ ਪ੍ਰਿਆਬਰਤਾ, ਰੋਹਿਤ ਅਤੇ ਅਰਸ਼ਦੀਪ ਸਿੰਘ ਨੂੰ ਨਜ਼ਰਅੰਦਾਜ਼ ਕੀਤਾ ਗਿਆ।” ਸ੍ਰੀਜੇਸ਼ ਨੇ ਕਿਹਾ ਕਿ ‘ਜਵਾਬਦੇਹੀ’ ਹੋਣੀ ਚਾਹੀਦੀ ਹੈ।
ਸ੍ਰੀਜੇਸ਼ ਨੇ ਭਾਰਤ ਦੀ ਜਿੱਤਣ ਵਾਲੀ ਮਾਨਸਿਕਤਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਅਸੀਂ ਚੰਗੀ ਹਾਕੀ ਖੇਡਣ ਲਈ ਇੱਕ ਟੀਮ ਬਣਾ ਰਹੇ ਹਾਂ, ਜਾਂ ਇੱਕ ਅਜਿਹੀ ਟੀਮ ਜੋ ਦੁਨੀਆ ਦੇ ਸਭ ਤੋਂ ਵਧੀਆ ਵਿਰੁੱਧ ਜਿੱਤਣ ਦੇ ਸਮਰੱਥ ਹੋਵੇ? ‘ਸਿੱਖਣ’, ‘ਚੰਗੀ ਹਾਕੀ’ ਅਤੇ ਭਵਿੱਖ ਦੇ ਟੂਰਨਾਮੈਂਟਾਂ ਪਿੱਛੇ ਲੁਕਣਾ ਬੰਦ ਕਰਨਾ ਪੈਣਾ। ਵਿਸ਼ਵ ਕੱਪ ਕੋਈ ਰਿਹਰਸਲ ਨਹੀਂ ਸੀ। ਉਸ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ, ”ਚਿੰਤਾ ਨਾ ਕਰੋ… ਵਿਸ਼ਵ ਕੱਪ ਕੋਈ ਮਾਇਨੇ ਨਹੀਂ ਰੱਖਦਾ। ਏਸ਼ੀਅਨ ਖੇਡਾਂ ਆ ਰਹੀਆਂ ਹਨ। ਉੱਥੇ ਇੱਕ ਤਮਗਾ ਜਿੱਤੋ ਅਤੇ ਫਿਰ 2028 ਦੀ ਲਾਸ ਏਂਜਲਸ ਉਲੰਪਿਕ ਬਾਰੇ ਸੁਪਨੇ ਦੇਖਣੇ ਸ਼ੁਰੂ ਕਰ ਦਿਓ।”



