ਲੋਕਾਂ ਵੱਲੋਂ ਸਰਕਾਰੀ ਸਕੂਲਾਂ ਦੀਆਂ ਮਾੜੀਆਂ ਹਾਲਤਾਂ ਜਨਤਕ ਬਹਿਸ ਦਾ ਮੁੱਦਾ ਬਣਨ ਜਾਣ ਤੋਂ ਬਾਅਦ ਵਿਸ਼ਵ ਗੁਰੂ ਦੇ ਚੇਲੇ ਮੁੱਖ ਮੰਤਰੀ ਪ੍ਰੇਸ਼ਾਨ ਹੋ ਗਏ ਹਨ। ਪਿਛਲੇ ਦਿਨੀਂ ਕਾਕਰੋਚ ਜਨਤਾ ਪਾਰਟੀ ਦੇ ਵਾਲੰਟੀਅਰਾਂ ਨੇ ਜਦੋਂ ਜੈਪੁਰ ਨੇੜੇ ਰਾਮਪੁਰ-ਕੰਵਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰਕੇ ਉਸ ਦੀ ਹਾਲਤ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾਈਆਂ ਨੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ‘ਤੇ ਹਮਲਾ ਤੱਕ ਕਰ ਦਿੱਤਾ। ਬਾਅਦ ਵਿੱਚ ਬਦਨਾਮੀ ਹੋਣ ‘ਤੇ ਮੱਝਾਂ ਦੇ ਵਾੜੇ ਵਿੱਚ ਚੱਲਣ ਵਾਲੇ ਸਕੂਲ ਦੀ ਦਸ਼ਾ ਸੁਧਾਰਨ ਲਈ 18 ਲੱਖ ਰੁਪਏ ਖਰਚਣ ਦਾ ਵਾਅਦਾ ਕਰਨਾ ਪਿਆ। ਰਾਜ ਸਰਕਾਰ ਨੇ ਖੁਦ ਮੰਨਿਆ ਹੈ ਕਿ 64,484 ਸਰਕਾਰੀ ਸਕੂਲਾਂ ਦੀਆਂ ਆਪਣੀਆਂ ਇਮਾਰਤਾਂ ਤਾਂ ਹਨ, ਪਰ ਇਨ੍ਹਾਂ ਵਿੱਚੋਂ 2,047 ਸਕੂਲਾਂ ਵਿੱਚ ਟਾਇਲਟਾਂ, ਜਦੋਂ ਕਿ 1,049 ਵਿੱਚ ਪੀਣ ਵਾਲੇ ਪਾਣੀ ਦੀ ਘਾਟ ਹੈ। 611 ਸਕੂਲਾਂ ਕੋਲ ਤਾਂ ਆਪਣੀਆਂ ਇਮਾਰਤਾਂ ਵੀ ਨਹੀਂ ਹਨ। ਇਨ੍ਹਾਂ ਘਾਟਾਂ ਨੂੰ ਲੁਕੋਣ ਲਈ ਰਾਜਸਥਾਨ ਸਿੱਖਿਆ ਵਿਭਾਗ ਨੇ ਇੱਕ ਆਦੇਸ਼ ਜਾਰੀ ਕਰਕੇ ਸਰਕਾਰੀ ਸਕੂਲਾਂ ਵਿੱਚ ਬਾਹਰੀ ਲੋਕਾਂ ਦੇ ਅਣਅਧਿਕਾਰਤ ਦਾਖਲੇ ਅਤੇ ਫੋਟੋਆਂ ਲੈਣ ਤੇ ਵੀਡੀਓ ਬਣਾਉਣ ‘ਤੇ ਪਾਬੰਦੀ ਲਾ ਦਿੱਤੀ ਹੈ।
•ਦੂਜੇ ਪਾਸੇ, ਯੋਗੀ ਆਦਿੱਤਿਆਨਾਥ ਦੇ ਯੂ ਪੀ ਦੇ ਸਰਕਾਰੀ ਸਕੂਲਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਬੁਲਡੋਜ਼ਰ ਬਾਬਾ ਏਨੇ ਖਿਝ ਗਏ ਹਨ ਕਿ ਸਕੂਲਾਂ ਦੀ ਮਾੜੀ ਹਾਲਤ ਨੂੰ ਵੀਡੀਓ ਰਾਹੀਂ ਉਜਾਗਰ ਕਰਨ ਵਾਲੇ ਸਮਾਜਿਕ ਕਾਰਕੁੰਨਾਂ ਅਤੇ ਸਿਆਸੀ ਵਰਕਰਾਂ ਵਿਰੁੱਧ ਪੁਲਸ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵੀਡੀਓ ਬਣਾਏ ਜਾਣ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਜਾਣ ਤੋਂ ਬਾਅਦ ਰਾਜ ਦੇ ਘੱਟੋ-ਘੱਟ ਅੱਠ ਜ਼ਿਲ੍ਹਿਆਂ ਵਿੱਚ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਹਾਥਰਸ, ਬੁਲੰਦਸ਼ਹਿਰ, ਦੇਵਰੀਆ, ਮੇਰਠ, ਨੋਇਡਾ, ਗਾਜ਼ੀਪੁਰ, ਸਿਧਾਰਥਨਗਰ ਅਤੇ ਵਾਰਾਨਸੀ ਦੇ ਸਰਕਾਰੀ ਸਕੂਲਾਂ ਦੀਆਂ ਹਾਲਤਾਂ ਨੂੰ ਦਰਸਾਉਂਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੇਸ ਦਰਜ ਕੀਤੇ ਗਏ ਹਨ। ਕਈ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੇ ਬਾਹਰੀ ਲੋਕਾਂ ਨੂੰ ਬਿਨਾਂ ਇਜਾਜ਼ਤ ਸਕੂਲ ਦੇ ਅਹਾਤੇ ਵਿੱਚ ਦਾਖਲ ਹੋਣ ਅਤੇ ਫੋਟੋਆਂ ਜਾਂ ਵੀਡੀਓ ਲੈਣ ਤੋਂ ਵਰਜਿਤ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। 10 ਸਾਲ ਤੋਂ ਰਾਜ ਕਰ ਰਹੇ ਯੋਗੀ ਇਸ ਕਰਕੇ ਬਹੁਤ ਚਿੰਤਤ ਹਨ ਕਿ ਅਗਲੇ ਸਾਲ ਹੋਣ ਵਾਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਇਸ ਦੀਆਂ ਅਸਫਲਤਾਵਾਂ ਦਾ ਪਰਦਾ ਫਾਸ਼ ਹੋ ਰਿਹਾ ਹੈ। ਹਾਲਾਤ ਏਨੇ ਖਰਾਬ ਹਨ ਕਿ ਕੁਝ ਸਰਕਾਰੀ ਸਕੂਲ ਅਧਿਆਪਕਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਸਮੱਸਿਆ ਸਿਰਫ ਖੰਡਰ ਇਮਾਰਤਾਂ, ਪਖਾਨਿਆਂ ਜਾਂ ਹੋਰ ਬੁਨਿਆਦੀ ਸਹੂਲਤਾਂ ਤੱਕ ਸੀਮਤ ਨਹੀਂ, ਅਗਸਤ ਮਹੀਨਾ ਖਤਮ ਹੋਣ ਵਾਲਾ ਹੈ ਪਰ ਅਧਿਐਨ ਸਮੱਗਰੀ ਪੂਰੇ ਸੈੱਟ ਅਜੇ ਤੱਕ ਉਪਲੱਬਧ ਨਹੀਂ ਕਰਵਾਏ ਗਏ। ਉਦਾਹਰਨ ਵਜੋਂ, 11ਵੀਂ ਜਮਾਤ ਲਈ ਇਤਿਹਾਸ ਦੀਆਂ ਤਿੰਨ ਕਿਤਾਬਾਂ ਵਿੱਚੋਂ ਪਹਿਲੀ ਉਪਲੱਬਧ ਨਹੀਂ। ਲੋਕ ਸਵਾਲ ਪੁੱਛਣ ਲੱਗ ਪਏ ਹਨ ਤੇ ਸਰਕਾਰਾਂ ਨੂੰ ਜਵਾਬ ਦੇਣੇ ਪੈਣੇ ਹਨ ਕਿ ਸਰਕਾਰੀ ਸਕੂਲਾਂ ਦੀ ਹਾਲਤ ਖਸਤਾ ਕਿਉਂ ਹੈ।



