ਰਾਜ ਸਭਾ ਉਮੀਦਵਾਰਾਂ ‘ਚ ਬਿੱਟੂ ਦਾ ਨਾਂਅ ਨਹੀਂ

0
6

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਰਾਜ ਸਭਾ ਚੋਣਾਂ ਲਈ 11 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਵਿੱਚ ਰਵਨੀਤ ਸਿੰਘ ਬਿੱਟੂ ਦਾ ਨਾਂਅ ਸ਼ਾਮਲ ਨਹੀਂ। ਪਾਰਟੀ ਨੇ ਆਪਣੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਵਿੱਚ ਉਤਾਰਦੇ ਹੋਏ ਇੱਕ ਮਹੱਤਵਪੂਰਨ ਮੌਕਾ ਦਿੱਤਾ ਹੈ। ਉਨ੍ਹਾ ਦੇ ਨਾਲ ਰਜਨੀਸ਼ ਅਗਰਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਰਾਜਸਥਾਨ ਵਿੱਚ ਪਾਰਟੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾ ਦੀ ਜਗ੍ਹਾ ਡਾ. ਅਲਕਾ ਗੁਰਜਰ ਅਤੇ ਡਾ. ਸਤੀਸ਼ ਪੂਨੀਆ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਦੀ ਸੂਚੀ ਵਿੱਚ ਤਜਰਬੇਕਾਰ ਨੇਤਾਵਾਂ ਨੂੰ ਤਰਜੀਹ ਦਿੱਤੀ ਗਈ ਹੈ। ਰਾਜਸਥਾਨ ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦੇ ਕੇ ਪਾਰਟੀ ਨੇ ਸੰਗਠਨਾਤਮਕ ਸੰਤੁਲਨ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਹੈ। ਰਾਜ ਸਭਾ ਚੋਣਾਂ ਵਿੱਚ ਇਨ੍ਹਾਂ ਉਮੀਦਵਾਰਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ, ਕਿਉਂਕਿ ਭਾਜਪਾ ਇਨ੍ਹਾਂ ਰਾਜਾਂ ਵਿੱਚ ਮਜ਼ਬੂਤ ਸਥਿਤੀ ਰੱਖਦੀ ਹੈ।