ਚਾਰ ਧਾਮ ਯਾਤਰਾ ‘ਚ ਹੁਣ ਤੱਕ 161 ਸ਼ਰਧਾਲੂਆਂ ਦੀ ਮੌਤ

0
7

ਦੇਹਰਾਦੂਨ : ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋਈ ਚਾਰ ਧਾਮ ਯਾਤਰਾ ‘ਚ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਐਤਵਾਰ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਯਾਤਰਾ ਦੇ ਸ਼ੁਰੂਆਤ ਤੋਂ ਹੁਣ ਤੱਕ 31 ਲੱਖ ਤੋਂ ਵੱਧ ਸ਼ਰਧਾਲੂ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਹਾਲਾਂਕਿ ਇਸ ਦੌਰਾਨ ਸਿਹਤ ਸਮੱਸਿਆਵਾਂ ਤੇ ਹੋਰ ਕਾਰਨਾਂ ਕਰਕੇ 161 ਸ਼ਰਧਲੂਆਂ ਦੀ ਮੌਤ ਵੀ ਹੋ ਚੁੱਕੀ ਹੈ। ਸੂਬੇ ਦੇ ਐਮਰਜੈਂਸੀ ਕੇਂਦਰ ਦੀ ਰਿਪੋਰਟ ਮੁਤਾਬਕ 22 ਅਪ੍ਰੈਲ ਨੂੰ ਕਪਾਟ ਖੁੱਲਣ ਤੋਂ ਬਾਅਦ ਕੇਦਾਰਨਾਥ ਦੇ ਦਰਸ਼ਨ ਲਈ ਸਭ ਤੋਂ ਵੱਧ 11,05,676 ਸ਼ਰਧਾਲੂ ਪਹੁੰਚੇ। ਇਸ ਤੋਂ ਬਾਅਦ 23 ਅਪ੍ਰੈਲ ਤੋਂ ਸ਼ੁਰੂ ਹੋਈ ਬਦਰੀਨਾਥ ਯਾਤਰਾ ‘ਚ 9,08,619 ਸ਼ਰਧਾਲੂਆਂ ਦੀ ਗਿਣਤੀ ਦਰਜ ਹੋਈ। ਗੰਗੋਤਰੀ ਮੰਦਰ ‘ਚ 5,28,406, ਯਮੁਨੋਤਰੀ ਮੰਦਰ ‘ਚ 5,07,421 ਅਤੇ ਸ੍ਰੀ ਹੇਮਕੁੰਟ ਸਾਹਿਬ ‘ਚ 55,411 ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਇਸ ਪਾਸੇ ਜਿੱਥੇ ਯਾਤਰਾ ‘ਚ ਏਨੀ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚ ਰਹੇ ਹਨ, ਉਥੇ ਦੂਜੇ ਪਾਸੇ ਮੌਤਾਂ ਦਾ ਅੰਕੜਾ ਵੀ ਚਿੰਤਾ ਦਾ ਵਿਸ਼ਾ ਹੈ। 19 ਅਪ੍ਰੈਲ ਤੋਂ ਹੁਣ ਤੱਕ ਕੁੱਲ 161 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਰਿਪੋਰਟ ਅਨੁਸਾਰ ਇਨ੍ਹਾਂ ‘ਚੋਂ 152 ਸ਼ਰਧਾਲੂਆਂ ਦੀ ਮੌਤ ਉਚੇ ਪਹਾੜੀ ਖੇਤਰਾਂ ‘ਚ ਸਿਹਤ ਖਰਾਬ ਹੋਣ ਅਤੇ ਆਕਸੀਜਨ ਦੀ ਕਮੀ ਕਾਰਨ ਹੋਈ। ਉਥੇ ਹੀ 8 ਸ਼ਰਧਾਲੂਆਂ ਦੀ ਮੌਤ ਹੋਰ ਕਾਰਨਾਂ ਕਰਕੇ ਹੋਈ। ਅੰਕੜਿਆਂ ਮੁਤਾਬਕ ਯਮੁਨੋਤਰੀ ਮਾਰਗ ‘ਤੇ ਸਭ ਤੋਂ ਵੱਧ 78 ਸ਼ਰਧਾਲੂਆ ਦੀ ਜਾਨ ਗਈ। ਇਸ ਤੋਂ ਬਾਅਦ ਕੇਦਾਰਨਾਥ ‘ਚ 47, ਬਦਰੀਨਾਥ ‘ਚ 20 ਅਤੇ ਗੰਗੋਤਰੀ ‘ਚ 16 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਸਮੱਸਿਆ ਜਾਂਚ ਕਰਾਉਣ ਤੋਂ ਬਾਅਦ ਹੀ ਯਾਤਰਾ ‘ਤੇ ਨਿਕਲਣ।