ਸਿੱਖਿਆ ਮੰਤਰੀ ਦੇ ਅਸਤੀਫਾ ਨਾ ਦੇਣ ‘ਤੇ ਕੇਂਦਰ ਸਰਕਾਰ ਨੂੰ ਚਿਤਾਵਨੀ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਭਾਰੀ ਸੁਰੱਖਿਆ ਵਿਚਕਾਰ ਸਨਿੱਚਰਵਾਰ ਦਿੱਲੀ ਦੇ ਜੰਤਰ-ਮੰਤਰ ਵਿਖੇ ਆਯੋਜਿਤ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇਸ ਪ੍ਰਦਰਸ਼ਨ ਵਿੱਚ ਸਕੂਲੀ ਅਤੇ ਕਾਲਜ ਦੇ ਹਜ਼ਾਰਾਂ ਵਿਦਿਆਰਥੀਆਂ ਸਮੇਤ ਨੌਜਵਾਨ ਪੇਸ਼ੇਵਰਾਂ ਦੀ ਵੱਡੀ ਗਿਣਤੀ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਕਈਆਂ ਨੇ ਕਾਕਰੋਚ ਦੇ ਮਾਸਕ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਫੁੱਲ ਫੜੇ ਹੋਏ ਸਨ। ਸੰਸਥਾ ਨੇ ਪਹਿਲਾਂ ਹੀ ‘ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ’ ਦੀ ਇੱਕ ਸੂਚੀ ਜਾਰੀ ਕੀਤੀ ਸੀ ਅਤੇ ਪ੍ਰਦਰਸ਼ਨ ਵਾਲੀ ਥਾਂ ‘ਤੇ ਸ਼ਾਮਲ ਹੋਣ ਵਾਲਿਆਂ ਨੂੰ ਤਿਰੰਗਾ, ਇੱਕ ਕਿਤਾਬ ਅਤੇ ਫੁੱਲ ਨਾਲ ਲਿਆਉਣ ਦੀ ਅਪੀਲ ਕੀਤੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਸੀ ਜੇ ਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ ਦਿੱਲੀ ਵਿੱਚ ਪ੍ਰਦਰਸ਼ਨ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਦੀਪਕੇ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਸ਼ਾਮ 5 ਵਜੇ ਤੱਕ ਆਪਣੇ ਅਹੁਦੇ ਤੋਂ ਨਹੀਂ ਹਟਦੇ, ਤਾਂ ਦੇਸ਼ ਭਰ ਵਿੱਚ ਪ੍ਰਦਰਸ਼ਨ ਤੇਜ਼ ਕੀਤੇ ਜਾਣਗੇ। ਉਨ੍ਹਾ ਕਿਹਾ ਕਿ ਆਉਣ ਵਾਲੇ ਹਫ਼ਤੇ ਦੌਰਾਨ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾ ਅਗਲੇ ਸਨਿੱਚਰਵਾਰ ਜੰਤਰ-ਮੰਤਰ ਵਿਖੇ ਇੱਕ ਹੋਰ ਵੱਡੇ ਪੱਧਰ ਦੇ ਪ੍ਰਦਰਸ਼ਨ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਉਨ੍ਹਾ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਸੰਸਥਾ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਦੀਪਕੇ ਨੇ ਕਿਹਾ ਕਿ ਮੇਰੇ ਦੋਸਤੋ, ‘ਇਹ ਇੱਕ ਲੰਮਾ ਸੰਘਰਸ਼ ਹੈ। ਸਾਨੂੰ ਸੋਸ਼ਲ ਮੀਡੀਆ ‘ਤੇ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਇੱਕ ਮਹੀਨਾ ਹੋ ਗਿਆ ਹੈ, ਪਰ ਇਹ ਲੋਕ ਏਨੇ ਬੇਸ਼ਰਮ ਹਨ ਕਿ ਕਾਰਵਾਈ ਕਰਨ ਦੀ ਬਜਾਏ, ਉਹ ਹੋਰ ਭਟਕਾਉਣ ਵਾਲੀਆਂ ਚੀਜ਼ਾਂ ‘ਤੇ ਧਿਆਨ ਕੇਂਦਰਤ ਕਰ ਰਹੇ ਹਨ, ਜਿਵੇਂ ਕਿ ਸਾਡੇ ਖਾਤਿਆਂ ਨੂੰ ਹੈਕ ਕਰਨਾ ਅਤੇ ਸਾਡੀਆਂ ਪੋਸਟਾਂ ਨੂੰ ਡਿਲੀਟ ਕਰਵਾਉਣਾ।’ ਉਨ੍ਹਾ ਕਿਹਾ, ‘ਤੁਸੀਂ ਸਾਡੀਆਂ ਪੋਸਟਾਂ ਨੂੰ ਡਿਲੀਟ ਕਰਨ ਦੇ ਯੋਗ ਹੋ ਸਕਦੇ ਹੋ, ਪਰ ਤੁਸੀਂ ਸਾਨੂੰ ਇਸ ਸਪੇਸ ਤੋਂ ਮਿਟਾ ਨਹੀਂ ਸਕਦੇ।’ ਜਿਸ ਦਾ ਭੀੜ ਨੇ ਜੋਸ਼ ਨਾਲ ਸਮਰਥਨ ਕੀਤਾ। ਜੰਤਰ-ਮੰਤਰ ਵਿਖੇ ਦੋ ਸਮੂਹਾਂ ਵਿਚਕਾਰ ਸੰਭਾਵਤ ਟਕਰਾਅ ਨੂੰ ਰੋਕਣ ਲਈ ਛੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਦੱਸਿਆ ਕਿ ਇਹ ਹਿਰਾਸਤ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਇੱਕ ਸਾਵਧਾਨੀ ਉਪਾਅ ਵਜੋਂ ਕੀਤੀ ਗਈ ਸੀ, ਕਿਉਂਕਿ ਪੁਲਸ ਨੂੰ ਆਨਲਾਈਨ ਅੰਦੋਲਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਤਣਾਅ ਦੀ ਸੰਭਾਵਨਾ ਬਾਰੇ ਜਾਣਕਾਰੀ ਮਿਲੀ ਸੀ।




