ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਈ ਡੀ ਪਾਰਟੀ : ਕੇਜਰੀਵਾਲ, ਮਾਨ

0
9

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਵਪਾਰੀਆਂ ‘ਤੇ ਮੰਗਲਵਾਰ ਇੱਕ ਵਾਰ ਫਿਰ ਈ ਡੀ ਦੀ ਰੇਡ ਪੈਣ ‘ਤੇ ਆਮ ਆਦਮੀ ਪਾਰਟੀ ਅਤੇ ਉਸ ਦੀ ਪੰਜਾਬ ਸਰਕਾਰ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਪੰਜਾਬ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਕਹੀ ਹੈ।ਦੂਜੇ ਪਾਸੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਦੀ ਸੱਤਾ ਵਿੱਚ ਬੈਠੀ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ।ਉਨ੍ਹਾ ਕਿਹਾ ਕਿ ਈ ਡੀ ਪਾਰਟੀ ਪੰਜਾਬ ਦੇ ਹਿੰਦੂ ਵਪਾਰੀਆਂ ‘ਤੇ ਈਡੀ ਦੀ ਰੇਡ ਕਰਵਾ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ। ਉਨ੍ਹਾ ਸਾਰੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਪਾਰੀ ਘਬਰਾਏ ਨਾ, ਪੂਰਾ ਪੰਜਾਬ ਤੁਹਾਡੇ ਨਾਲ ਖੜ੍ਹਾ ਹੈ।ਅਸੀਂ ਸਭ ਮਿਲ ਕੇ ਈ ਡੀ ਪਾਰਟੀ ਦਾ ਮੁਕਾਬਲਾ ਕਰਾਂਗੇ।
ਕੇਜਰੀਵਾਲ ਨੇ ਐੱਕਸ ‘ਤੇ ਕਿਹਾ ਕਿ ਈ ਡੀ ਪਾਰਟੀ ਮੰਗਲਵਾਰ ਨੂੰ ਇੱਕ ਵਾਰ ਫਿਰ ਪੰਜਾਬ ਦੇ ਹਿੰਦੂ ਵਪਾਰੀਆਂ ‘ਤੇ ਈਡੀ ਦੀ ਰੇਡ ਕਰ ਰਹੀ ਹੈ। ਈ ਡੀ ਪਾਰਟੀ ਪੰਜਾਬ ਦੇ ਛੋਟੇ-ਛੋਟੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ।ਮੇਰੀ ਸਾਰੇ ਵਪਾਰੀਆਂ ਨੂੰ ਅਪੀਲ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਪੂਰਾ ਪੰਜਾਬ ਅਤੇ ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ ਸਭ ਮਿਲ ਕੇ ਈ ਡੀ ਪਾਰਟੀ ਦਾ ਮੁਕਾਬਲਾ ਕਰਾਂਗੇ।
ਉਹਨਾ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਨੂੰ ਲੈ ਕੇ ਚੱਲ ਰਹੀ ਚਰਚਾ ‘ਤੇ ਕਿਹਾ ਕਿ ਸੁਣਿਆ ਹੈ ਕਿ ਈ ਡੀ ਪਾਰਟੀ ਪੰਜਾਬ ਦੀ ਬੇਅਦਬੀ ਪਾਰਟੀ/ਚਿੱਟਾ ਪਾਰਟੀ ਨਾਲ ਗਠਜੋੜ ਕਰਨ ਲਈ ਬਹੁਤ ਬੇਚੈਨ ਹੈ, ਪਰ ਬੇਅਦਬੀ ਪਾਰਟੀ/ ਚਿੱਟਾ ਪਾਰਟੀ ਉਨ੍ਹਾਂ ਨੂੰ ਘਾਹ ਨਹੀਂ ਪਾ ਰਹੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਈ ਡੀ ਦੀ ਰੇਡ ‘ਤੇ ਕਿਹਾ ਕਿ ਪੰਜਾਬ ਦੇ ਹਿੰਦੂ ਵਪਾਰੀ ਸਾਡੇ ਸੂਬੇ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਅਤੇ ‘ਰੰਗਲਾ ਪੰਜਾਬ’ ਬਣਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ।ਈ ਡੀ ਪਾਰਟੀ ਸੈਂਟਰਲ ਏਜੰਸੀਆਂ ਦੀ ਗਲਤ ਵਰਤੋਂ ਕਰਕੇ ਸਾਡੇ ਵਪਾਰੀਆਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ। ਅਜਿਹਾ ਕਰਕੇ ਉਹ ਸਿਆਸੀ ਦਬਾਅ ਪਾ ਕੇ ਉਨ੍ਹਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਪੰਜਾਬੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ, ਅਸੀਂ ਆਪਣੇ ਵਪਾਰੀਆਂ ਦੇ ਨਾਲ ਖੜ੍ਹੇ ਹਾਂ।
ਉੱਥੇ ਹੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਵਪਾਰੀਆਂ ਨੂੰ ਈਡੀ ਰੇਡ ਨਾਲ ਬਰਬਾਦ ਕਰ ਦਿੱਤਾ ਅਤੇ ਨੌਜਵਾਨਾਂ ਨੂੰ ਪ੍ਰੀਖਿਆ ਘੁਟਾਲਿਆਂ ਨਾਲ, ਮੋਦੀ ਜੀ ਤੁਸੀਂ ਮਹਾਨ ਹੋ।ਪਰ ਦੇਸ਼ ਨੂੰ ਇਨੋਵੇਸ਼ਨ ਇਕਾਨਮੀ ਚਾਹੀਦੀ ਹੈ, ਈਡੀ ਇਕਾਨਮੀ ਨਹੀਂ।ਲੱਛੇਦਾਰ ਭਾਸ਼ਣਾਂ ਅਤੇ ਮੀਡੀਆ ਮੈਨੇਜਮੈਂਟ ਨਾਲ ਆਰਥਿਕਤਾ ਦਾ ਸੱਚ ਜ਼ਿਆਦਾ ਦਿਨ ਤੱਕ ਨਹੀਂ ਛੁਪ ਸਕਦਾ।
ਮਨੀਸ਼ ਸਿਸੋਦੀਆ ਨੇ ਕਿਹਾ ਕਿ 26 ਸਾਲਾਂ ਵਿੱਚ ਪਹਿਲੀ ਵਾਰ ਐੱਮ ਐੱਸ ਸੀ ਆਈ ਇਮਰਜਿੰਗ ਮਾਰਕੀਟਸ ਇੰਡੈਕਸ ਦੀਆਂ ਟੌਪ 10 ਕੰਪਨੀਆਂ ਵਿੱਚੋਂ ਭਾਰਤ ਦੀਆਂ ਕੰਪਨੀਆਂ ਬਾਹਰ ਹੋ ਗਈਆਂ ਹਨ। ਐੱਮ ਐੱਸ ਸੀ ਆਈ ਇਮਰਜਿੰਗ ਮਾਰਕੀਟਸ ਇੰਡੈਕਸ ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ ਸੂਚਕਾਂਕਾਂ ਵਿੱਚੋਂ ਇੱਕ ਹੈ। ਦੁਨੀਆ ਭਰ ਦੇ ਸੈਂਕੜੇ ਅਰਬ ਡਾਲਰ ਦੇ ਫੰਡ ਇਸੇ ਇੰਡੈਕਸ ਨੂੰ ਦੇਖ ਕੇ ਨਿਵੇਸ਼ ਕਰਦੇ ਹਨ ਅਤੇ ਦੁਨੀਆ ਦਾ ਪੈਸਾ ਕਿੱਥੇ ਜਾ ਰਿਹਾ ਹੈ- ਏ ਆਈ, ਸੈਮੀਕੰਡਕਟਰਸ, ਫਿਊਚਰ ਟੈਕਨਾਲੋਜੀ, ਟੀ ਐੱਸ ਐੱਮ ਸੀ, ਐੱਸ ਕੇ ਹਾਈਨਿਕਸ ਅਤੇ ਮੀਡੀਆ ਟੈਕ ਵਰਗੀਆਂ ਕੰਪਨੀਆਂ ਅੱਗੇ ਵਧ ਰਹੀਆਂ ਹਨ, ਪਰ ਭਾਰਤ ਵਿੱਚ ਨਵੀਂ ਸੋਚ ਨਵੀਂ ਤਕਨੀਕ ਅਤੇ ਨਵੇਂ ਉਦਮਾਂ ਨੂੰ ਉਤਸ਼ਾਹਤ ਕਰਨ ਦੀ ਬਜਾਏ ਇੱਕ ਵੱਖਰਾ ਹੀ ਮਾਡਲ ਚੱਲ ਰਿਹਾ ਹੈ।ਜੋ ਵੀ ਕੰਪਨੀ ਅੱਗੇ ਵਧਦੀ ਹੈ, ਉਸ ਦੇ ਇੱਥੇ ਪਹਿਲਾਂ ਈ ਡੀ ਦੀ ਰੇਡ ਕਰਵਾਓ, ਫਿਰ ਪਾਰਟੀ ਲਈ ਚੰਦਾ ਵਸੂਲੋ।ਨਤੀਜਾ—ਨਿਵੇਸ਼ ਘਟ ਰਿਹਾ ਹੈ।ਨਵੀਆਂ ਨੌਕਰੀਆਂ ਘੱਟ ਪੈਦਾ ਹੋ ਰਹੀਆਂ ਹਨ।ਚੰਗੀ ਸੈਲਰੀ ਵਾਲੀਆਂ ਨੌਕਰੀਆਂ ਦੇ ਮੌਕੇ ਸਿਮਟ ਰਹੇ ਹਨ।