ਈਰਾਨ ਨਾਲ ਦੁਬਾਰਾ ਜੰਗ ਛੇੜੀ ਤਾਂ ਨੇਤਨਯਾਹੂ ਦਾ ਸਾਥ ਛੱਡ ਦੇਵਾਂਗੇ : ਟਰੰਪ

0
9

ਦੁਬਈ : ਈਰਾਨ ਤੇ ਇਜ਼ਰਾਈਲ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ ਤੋਂ ਬਾਅਦ ਇੱਕ-ਦੂਜੇ ‘ਤੇ ਹਮਲੇ ਰੋਕ ਦਿੱਤੇ ਹਨ, ਹਾਲਾਂਕਿ ਤਹਿਰਾਨ (ਈਰਾਨ) ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਜ਼ਰਾਈਲ ਨੇ ਲਿਬਨਾਨ ਵਿੱਚ ਹਿਜ਼ਬੁੱਲਾ ‘ਤੇ ਹਮਲੇ ਜਾਰੀ ਰੱਖੇ ਤਾਂ ਉਹ ਦੁਬਾਰਾ ਜੰਗ ਸ਼ੁਰੂ ਕਰ ਦੇਵੇਗਾ। ਉੱਥੇ ਹੀ ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਦੋਵੇਂ ਤੁਰੰਤ ਜੰਗਬੰਦੀ ਚਾਹੁੰਦੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ‘ਸ਼ਾਂਤੀ’ ਬਹਾਲ ਕਰਨ ਲਈ ਆਖਰੀ ਦੌਰ ਦੀ ਗੱਲਬਾਤ ਚੱਲ ਰਹੀ ਹੈ, ਪਰ ਅਜਿਹਾ ਤਾਂ ਹੀ ਹੋ ਸਕੇਗਾ ਜੇਕਰ ਕਿਸੇ ਦੀ ਨਾਸਮਝੀ ਜਾਂ ਮੂਰਖਤਾ ਇਸ ਦੇ ਰਸਤੇ ਵਿੱਚ ਰੁਕਾਵਟ ਨਾ ਬਣੇ। ਸੋਮਵਾਰ ਨੂੰ ਸਾਹਮਣੇ ਆਈ ‘ਐਕਸੀਓਸ’ ਦੀ ਇੱਕ ਇੰਟਰਵਿਊ ਵਿੱਚ ਟਰੰਪ ਨੇ ਦੱਸਿਆ ਕਿ ਉਨ੍ਹਾਂ ਨੇ ਨੇਤਨਯਾਹੂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ। ਟਰੰਪ ਮੁਤਾਬਕ ਜੇਕਰ ਇਜ਼ਰਾਈਲੀ ਆਗੂ ਨੇ ਦੁਬਾਰਾ ਈਰਾਨ ਨਾਲ ਜੰਗ ਛੇੜੀ ਤਾਂ ਉਨ੍ਹਾਂ ਨੂੰ ਅਮਰੀਕਾ ਦਾ ਸਾਥ ਨਹੀਂ ਮਿਲੇਗਾ ਅਤੇ ਉਹ ਇਕੱਲੇ ਰਹਿ ਜਾਣਗੇ। ਟਰੰਪ ਨੇ ਆਪਣੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਕਿਹਾ, ”ਮੈਂ ਨੇਤਨਯਾਹੂ ਨੂੰ ਕਿਹਾ ਹੈ ਕਿ ‘ਬੀਬੀ’ (ਨੇਤਨਯਾਹੂ ਦਾ ਨਿੱਕ-ਨੇਮ), ਤੈਨੂੰ ਸੰਭਲ ਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਬਹੁਤ ਜਲਦ ਤੂੰ ਇਸ ਲੜਾਈ ਵਿੱਚ ਬਿਲਕੁਲ ਇਕੱਲਾ ਰਹਿ ਜਾਵੇਂਗਾ।’ ਅਮਰੀਕਾ ਪਿਛਲੇ ਤਿੰਨ ਮਹੀਨਿਆਂ ਦੇ ਵੱਧ ਸਮੇਂ ਤੋਂ ਚੱਲ ਰਹੀ ਇਸ ਜੰਗ ਨੂੰ ਖ਼ਤਮ ਕਰਨ ਲਈ ਈਰਾਨ (ਤਹਿਰਾਨ) ਨਾਲ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਕਿ ਇਸ ਹਮਲੇ ਕਾਰਨ ਟੁੱਟਣ ਦੀ ਕਗਾਰ ‘ਤੇ ਪਹੁੰਚ ਗਈ ਹੈ।