ਸ੍ਰੀਨਗਰ : ਦੁਨੀਆ ਵਿੱਚ ਸਭ ਤੋਂ ਵੱਧ ਉਚਾਈ ‘ਤੇ ਸਥਿਤ ‘ਜ਼ੋਜੀਲਾ ਸੁਰੰਗ’ ਦੀ ਆਖਰੀ ਖੁਦਾਈ ਦਾ ਕੰਮ ਮੰਗਲਵਾਰ ਨੂੰ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਜ਼ੋਜੀਲਾ ਵਿਖੇ ਹੋਏ ਇਸ ਇਤਿਹਾਸਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਪ੍ਰੋਜੈਕਟ ਨੂੰ ਬਣਾਉਣ ਵਾਲੀ ਕੰਪਨੀ ‘ਮੇਘਾ ਇੰਜੀਨੀਅਰਿੰਗ ਐਂਡ ਇਨਫਰਾਸਟਰਕਚਰ ਲਿਮਟਿਡ’ ਨੇ ਕਿਹਾ ਕਿ 13.153 ਕਿਲੋਮੀਟਰ ਲੰਮੀ ਜ਼ੋਜੀਲਾ ਸੁਰੰਗ ਦੀ ਇਹ ਸਫ਼ਲਤਾ ਭਾਰਤ ਦੇ ਬੁਨਿਆਦੀ ਢਾਂਚੇ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਬਾਲਟਾਲ (ਸੋਨਮਾਰਗ) ਅਤੇ ਮੀਨਾਮਾਰਗ (ਦਰਾਸ-ਕਾਰਗਿਲ) ਵਿਚਕਾਰ ਜ਼ੋਜੀਲਾ ਖੇਤਰ ਵਿੱਚ ਇਹ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਮਕਸਦ ਭਾਰਤ ਦੇ ਸਭ ਤੋਂ ਚੁਣੌਤੀਪੂਰਨ ਹਿਮਾਲੀਅਨ ਲਾਂਘੇ ‘ਤੇ ਹਰ ਮੌਸਮ ਵਿੱਚ ਨਿਰਵਿਘਨ ਆਵਾਜਾਈ ਯਕੀਨੀ ਬਣਾਉਣਾ ਹੈ, ਜੋ ਹਰ ਸਾਲ ਭਾਰੀ ਬਰਫ਼ਬਾਰੀ, ਬਰਫ਼ ਦੇ ਤੋਦੇ ਡਿੱਗਣ ਅਤੇ ਖ਼ਰਾਬ ਮੌਸਮ ਕਾਰਨ ਲੰਮੇ ਸਮੇਂ ਲਈ ਬਾਕੀ ਦੇਸ਼ ਨਾਲੋਂ ਬਿਲਕੁਲ ਕੱਟਿਆ ਰਹਿੰਦਾ ਹੈ।




