ਪੰਜਾਬ ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉਭਰ ਰਿਹਾ : ਮਾਨ

0
3

ਚੰਡੀਗੜ੍ਹ (ਗੁਰਜੀਤ ਬਿੱਲਾ,
ਸੁਰਜੀਤ ਸੁਮਨ, ਕ੍ਰਿਸ਼ਨ ਗਰਗ)
ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉਦਮੀ ਨੌਜਵਾਨਾਂ ਵੱਲੋਂ ਲੀਹੋਂ ਹਟਵੀਆਂ ਪਹਿਲਕਦਮੀਆਂ ਕਰਨ ਨਾਲ ਵਿਕਾਸ ਦੀ ਨਵੀਂ ਕਹਾਣੀ ਸਿਰਜ ਰਿਹਾ ਹੈ, ਜਿਸ ਸਦਕਾ ਸੂਬਾ, ਦੇਸ਼ ਭਰ ਵਿੱਚ ਸਭ ਤੋਂ ਪਸੰਦੀਦਾ ਸਟਾਰਟਅੱਪ ਸਥਾਨ ਵਜੋਂ ਉਭਰ ਰਿਹਾ ਹੈ, ਜਿੱਥੇ ਨੌਜਵਾਨ ਆਪਣੇ ਵਿਚਾਰਾਂ ਨੂੰ ਕਾਰੋਬਾਰ ਅਤੇ ਰੁਜ਼ਗਾਰ ਦੇ ਮੌਕਿਆਂ ਵਿੱਚ ਬਦਲ ਰਹੇ ਹਨ। ਇਸ ਸੋਚ ਦੀ ਪੈਰਵੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ 31 ਸਟਾਰਟਅੱਪਜ਼ ਅਤੇ ਉਨ੍ਹਾਂ ਦੇ ਸੰਸਥਾਪਕਾਂ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ। ਉਨ੍ਹਾ ਕਿਹਾ ਕਿ ਸਫਲ ਉਦਮੀਆਂ ਦੀ ਅਗਲੀ ਪੀੜ੍ਹੀ ਨਾ ਸਿਰਫ਼ ਪੰਜਾਬ ਵਿਚੋਂ ਆਵੇ, ਸਗੋਂ ਪੰਜਾਬ ਵਿੱਚ ਆਪਣੀਆਂ ਕੰਪਨੀਆਂ ਵੀ ਸਥਾਪਤ ਕਰੇ, ਜਿਸ ਨਾਲ ਸੂਬੇ ਦੇ ਅੰਦਰ ਹੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ। ਸਟਾਰਟਅੱਪ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ੍ਹ ਦੱਸਦਿਆਂ ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਸ਼ਾਨਦਾਰ ਉਦਮ ਨੂੰ ਵਿੱਤੀ ਸਹਾਇਤਾ ਦੀ ਘਾਟ ਕਾਰਨ ਛੱਡਿਆ ਨਾ ਜਾਵੇ।ਮੁੱਖ ਮੰਤਰੀ ਨੇ ਕਿਹਾ ਕਿ ‘ਪੰਜਾਬ ਸਟਾਰਟਅੱਪ ਅਤੇ ਇੰਡਸਟ੍ਰੀਅਲ ਪਾਲਿਸੀ-2026’ ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ, ਜਿਸ ਵਿੱਚ 7 ਸਟਾਰਟਅੱਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅੱਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ।
ਉਨ੍ਹਾ ਆਸ ਪ੍ਰਗਟਾਈ ਕਿ ਇਹ ਉਦਮ ਰੁਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ ਵਿੱਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ ਵਿੱਚ ਮਦਦ ਕਰਨਗੇ।
ਨੌਜਵਾਨ ਉਦਮੀਆਂ ਨਾਲ ਭਾਵਨਾਤਮਕ ਸਾਂਝ ਜ਼ਾਹਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ “ਕਦੇ ਵੀ ਛੋਟਾ ਨਾ ਸੋਚੋ। ਵੱਡੇ ਸੁਪਨੇ ਦੇਖੋ। ਆਪਣੀਆਂ ਨਜ਼ਰਾਂ ਵਿਸ਼ਵ ਪੱਧਰ ‘ਤੇ ਮੁਕਾਬਲਾ ਕਰਨ ਵਾਲੀਆਂ ਆਲਮੀ ਕੰਪਨੀਆਂ ਬਣਾਉਣ ‘ਤੇ ਰੱਖੋ। ਜਦੋਂ ਤੁਸੀਂ ਸਫਲ ਹੋਵੋਗੇ, ਤਾਂ ਤੁਸੀਂ ਇਕੱਲੇ ਸਫਲ ਨਹੀਂ ਹੋਵੋਗੇ, ਤੁਸੀਂ ਆਪਣੇ ਮਾਪਿਆਂ, ਆਪਣੇ ਭਾਈਚਾਰੇ ਅਤੇ ਪੰਜਾਬ ਦਾ ਮਾਣ ਵਧਾਓਗੇ।”