ਵਾਸ਼ਿੰਗਟਨ (ਨ ਜ਼ ਸ) – ਅਮਰੀਕਾ ਨੇ ਹਾਰਮੁਜ਼ ਜਲਡਮਰੂ ਦੇ ਆਲੇ-ਦੁਆਲੇ ਈਰਾਨੀ ਟਿਕਾਣਿਆਂ ‘ਤੇ ਹਮਲੇ ਕੀਤੇ, ਜਿਸ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਈਰਾਨ ਵੱਲੋਂ ਇੱਕ ਅਮਰੀਕੀ ਅਪਾਚੇ ਹੈਲੀਕਾਪਟਰ ਨੂੰ ਡੇਗਣ ਦਾ ਬਦਲਾ ਸੀ।
ਇਸ ਤੋਂ ਬਾਅਦ, ਈਰਾਨ ਨੇ ਸਖ਼ਤ ਜਵਾਬ ਦੇਣ ਦੀ ਸਹੁੰ ਖਾਧੀ ਅਤੇ ਕਿਹਾ ਕਿ ਉਸਨੇ ਜਾਰਡਨ, ਕੁਵੈਤ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ। ਇਸੇ ਦੌਰਾਨ ਟਰੰਪ ਨੇ ਚੇਤਾਵਨੀ ਦਿੱਤੀ ਕਿ ਈਰਾਨ ਨੇ ਇੱਕ ਅਜਿਹੇ ਸਮਝੌਤੇ ‘ਤੇ ਗੱਲਬਾਤ ਕਰਨ ਵਿੱਚ ਬਹੁਤ ਸਮਾਂ ਲਿਆ ਹੈ, ਜੋ ਉਸ ਲਈ ਬਹੁਤ ਵਧੀਆ ਹੁੰਦਾ। ਹੁਣ ਈਰਾਨ ਨੂੰ ਕੀਮਤ ਚੁਕਾਉਣੀ ਪਵੇਗੀ।
ਈਰਾਨੀ ਮੀਡੀਆ ਨੇ ਕਿਹਾ ਹੈ ਕਿ ਹਾਰਮੁਜ਼ ਜਲਡਮਰੂ ਦੇ ਨੇੜੇ ਈਰਾਨ ਦੇ ਦੱਖਣੀ ਤੱਟ ‘ਤੇ ਲੜੀਵਾਰ ਧਮਾਕਿਆਂ ਤੋਂ ਬਾਅਦ, ਸਥਿਤੀ ਹੁਣ ਸ਼ਾਂਤ ਹੋਣ ਦੀ ਰਿਪੋਰਟ ਹੈ। ਡਿਜੀਟਲ ਨਿਊਜ਼ ਆਉਟਲੈਟ ਐਕਸੀਓਸ ਨੇ ਰਿਪੋਰਟ ਦਿੱਤੀ ਹੈ ਕਿ ਅਮਰੀਕੀ ਬਲਾਂ ਨੇ ਜਲਡਮਰੂ ਦੇ ਆਲੇ-ਦੁਆਲੇ ਕਈ ਈਰਾਨੀ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਰਾਡਾਰ ਪ੍ਰਣਾਲੀਆਂ ‘ਤੇ ਹਮਲਾ ਕੀਤਾ ਹੈ।
ਹਮਲੇ ਤੋਂ ਬਾਅਦ, ਈਰਾਨ ਦੇ ਵਿਦੇਸ਼ ਮੰਤਰੀ, ਅੱਬਾਸ ਅਰਾਘਚੀ ਨੇ ਬਦਲਾ ਲੈਣ ਦੀ ਧਮਕੀ ਦਿੰਦਿਆਂ ਕਿਹਾ,”ਜੰਗ ਦੇ ਮੈਦਾਨ ਵਿੱਚ ਆਪਣੀਆਂ ਹਾਰਾਂ ਦੇ ਬਾਵਜੂਦ, ਅਮਰੀਕਾ ਨੇ ਸਾਡੇ ਦ੍ਰਿੜ੍ਹ ਇਰਾਦੇ ਦੀ ਪਰਖ ਕਰਨ ਦਾ ਫੈਸਲਾ ਕੀਤਾ। ਸਾਡੀਆਂ ਸ਼ਕਤੀਸ਼ਾਲੀ ਹਥਿਆਰਬੰਦ ਫੌਜਾਂ ਕਿਸੇ ਵੀ ਹਮਲੇ ਜਾਂ ਧਮਕੀ ਨੂੰ ਬਿਨਾਂ ਜਵਾਬ ਦਿੱਤੇ ਨਹੀਂ ਛੱਡਣਗੀਆਂ। ਜੇ ਤੁਸੀਂ ਸੁਰੱਖਿਅਤ ਰਹਿਣਾ ਚਾਹੁੰਦੇ ਹੋ ਤਾਂ ਸਾਡਾ ਖੇਤਰ ਛੱਡ ਦਿਓ।”
ਅਮਰੀਕੀ ਹਮਲੇ ਟਰੰਪ ਦੇ ਉਸ ਬਿਆਨ ਤੋਂ ਕੁਝ ਘੰਟੇ ਬਾਅਦ ਹੀ ਹੋਏ ਹਨ, ਜਿਸ ਵਿੱਚ ਉਨ੍ਹਾ ਕਿਹਾ ਸੀ ਕਿ ਪੱਛਮੀ ਏਸ਼ੀਆ ਯੁੱਧ ਨੂੰ ਖਤਮ ਕਰਨ ਲਈ ਗੱਲਬਾਤ ਆਪਣੇ ਆਖਰੀ ਪੜਾਅ ਵਿੱਚ ਹੈ। ਇਹ ਦਾਅਵਾ ਉਹ ਪਿਛਲੇ ਕੁਝ ਹਫਤਿਆਂ ਵਿੱਚ ਵਾਰ-ਵਾਰ ਕਰ ਚੁੱਕੇ ਹਨ।



