ਮੁੰਬਈ : ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਪੁਣੇ ਤੋਂ ਦੇਸ਼-ਵਿਆਪੀ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰਦਿਆਂ ਐਲਾਨ ਕੀਤਾ ਕਿ ਇਕ ਸਿੱਖਿਆ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਪਾਰਟੀ ਦੇ ਸੰਸਥਾਪਕ ਅਭੀਜੀਤ ਦੀਪਕੇ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਸ਼ਾਂਤੀਪੂਰਨ ਰਹੇਗਾ ਅਤੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਕੀਤਾ ਜਾਵੇਗਾ।
ਦੀਪਕੇ ਅਨੁਸਾਰ ਸਿੱਖਿਆ ਮੈਨੀਫੈਸਟੋ ਪ੍ਰਸ਼ਨ ਪੱਤਰ ਲੀਕ ਨੂੰ ਰੋਕਣ, ਪ੍ਰੀਖਿਆ ਨਤੀਜਿਆਂ ਦੀ ਸਮੇਂ ਸਿਰ ਘੋਸ਼ਣਾ ਨੂੰ ਯਕੀਨੀ ਬਣਾਉਣ, ਭਰਤੀ ਅਤੇ ਦਾਖਲਾ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ, ਪ੍ਰੀਖਿਆ ਅਧਿਕਾਰੀਆਂ ਦੀ ਜਵਾਬਦੇਹੀ ਨੂੰ ਮਜ਼ਬੂਤ ਕਰਨ ਅਤੇ ਪ੍ਰੀਖਿਆਵਾਂ ਵਿੱਚ ਦੇਰੀ ਅਤੇ ਬੇਨਿਯਮੀਆਂ ਕਾਰਨ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ‘ਤੇ ਕੇਂਦਰਤ ਹੈ। ਇਸ ਮੁਹਿੰਮ ਨੂੰ ਇੱਕ ਰਾਸ਼ਟਰੀ ਲਹਿਰ ਦੱਸਦੇ ਹੋਏ ਦੀਪਕੇ ਨੇ ਕਿਹਾ ਕਿ ਇਹ ਲਹਿਰ ਪੁਣੇ ਤੋਂ ਜੈਪੁਰ, ਲਖਨਊ, ਅੰਮ੍ਰਿਤਸਰ ਅਤੇ ਬੈਂਗਲੁਰੂ ਸਮੇਤ ਕਈ ਸ਼ਹਿਰਾਂ ਵਿੱਚ ਪੁੱਜੇਗੀ, ਜਿਸ ਤੋਂ ਬਾਅਦ ਇਹ 20 ਜੂਨ ਨੂੰ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਸਮਾਪਤ ਹੋਵੇਗੀ। ਉਸ ਨੇ ਐਲਾਨ ਕੀਤਾ ਕਿ ਅਸੀਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਂਗੇ, ਜਦੋਂ ਤੱਕ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਨਹੀਂ ਮਿਲ ਜਾਂਦਾ, ਜੋ ਇੱਕ ਕਰੋੜ ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਣ ਲਈ ਜ਼ਿੰਮੇਵਾਰ ਹੈ। ਦੀਪਕੇ ਨੇ ਕਿਹਾ, ‘ਸੀ ਜੇ ਪੀ ਦਾ ਦੇਸ਼ ਲਈ ਇੱਕ ਵੱਡਾ ਸੰਦੇਸ਼ ਹੈ। ਸਰਕਾਰ ਨੌਜਵਾਨਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਸਾਨੂੰ ਨਕਲੀ ਕਹਿਣ ਦੀ ਬਜਾਏ ਦੇਸ਼ ਵਿੱਚ ਨੌਜਵਾਨਾਂ ਨੂੰ ਦਰਪੇਸ਼ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਸਮਝਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ।’



