ਮੋਦੀ ਸਰਕਾਰ ਦੀਆਂ ਨੀਤੀਆਂ ਨੇ ਦੇਸ਼ ਨੂੰ ਅਮਰੀਕਾ ਦੀ ਕਾਲੋਨੀ ਬਣਾ ਧਰਿਐ : ਬਰਾੜ

0
3

ਨਵਾਂ ਸ਼ਹਿਰ (ਗਿਆਨ ਸੈਦਪੁਰੀ)
ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਵਿਸਾਰ ਕੇ ਜਾਤਾਂ ਅਤੇ ਧਰਮਾਂ ਦੇ ਨਾਂਅ ‘ਤੇ ਜ਼ਹਿਰੀਲੇ ਪ੍ਰਚਾਰ ਰਾਹੀਂ ਵੰਡੀਆਂ ਪਾ ਕੇ ਆਪਣੀਆਂ ਕੁਰਸੀਆਂ ਦੇ ਪਾਵਿਆਂ ਨੂੰ ਮਜ਼ਬੂਤ ਕਰਨ ਲੱਗੀਆਂ ਹੋਈਆਂ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਹਲੂਣਾ ਦੇਣ ਲਈ ਸੀ ਪੀ ਆਈ ਵੱਲੋਂ 15 ਮਈ ਤੋਂ 15 ਜੂਨ ਤੱਕ ਕਨਵੈਨਸ਼ਨਾਂ ਤੇ ਮੁਜ਼ਾਹਰੇ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਵੀਰਵਾਰ ਨਵਾਂ ਸ਼ਹਿਰ ਵਿੱਚ ਕਨਵੈਨਸ਼ਨ ਤੇ ਮੁਜ਼ਾਹਰਾ ਕੀਤਾ ਗਿਆ।
ਕਨਵੈਨਸ਼ਨ ਦੀ ਪ੍ਰਧਾਨਗੀ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਸੌਂਧਾ ਸਿੰਘ ਅਤੇ ਸੀ ਪੀ ਆਈ ਤਹਿਸੀਲ ਬਲਾਚੌਰ ਦੇ ਸਕੱਤਰ ਪਰਮਿੰਦਰ ਮੇਨਕਾ ਨੇ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਜਿੱਥੇ ਆਰ ਐੱਸ ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ਕੇਂਦਰ ਦੀ ਭਾਜਪਾ ਸਰਕਾਰ ਦੇ ਜਮਹੂਰੀਅਤ ਵਿਰੋਧੀ ਚਿਹਰੇ ਨੂੰ ਨੰਗਾ ਕੀਤਾ, ਉੱਥੇ ਲਾਅ ਐਂਡ ਆਰਡਰ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਅਸਫਲ ਪੰਜਾਬ ਸਰਕਾਰ ਨੂੰ ਵੀ ਲੋਕ ਕਟਹਿਰੇ ਵਿੱਚ ਖੜਾ ਕੀਤਾ।
ਕਾਮਰੇਡ ਬਰਾੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਗੋਡੇ ਟੇਕ ਵਿਦੇਸ਼ ਨੀਤੀ ਨੇ ਭਾਰਤ ਨੂੰ ਅਮਰੀਕਾ ਦੀ ਕਾਲੋਨੀ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਦਾ ਲਹੂ ਪੀਣੇ ਇਜ਼ਰਾਇਲ ਨੂੰ ‘ਫਾਦਰ ਭੂਮੀ’ ਦੱਸ ਕੇ ਉਸ ਨੂੰ ਹੋਰ ਜ਼ੁਲਮ ਕਰਨ ਲਈ ਉਕਸਾਅ ਰਿਹਾ ਹੈ। ਭਾਰਤ ਨੇ ਤੇਲ ਕਿੱਥੋਂ ਖਰੀਦਣਾ ਹੈ ਕਿੱਥੋਂ ਨਹੀਂ, ਇਹ ਸਭ ਅਮਰੀਕਾ ਦੀ ਮਰਜ਼ੀ ਨਾਲ ਹੋ ਰਿਹਾ ਹੈ। ਭਾਰਤ ਵਿਚ ਮਹਿੰਗਾਈ ਵਧਾਉਣ ਲਈ ਪ੍ਰਧਾਨ ਮੰਤਰੀ ਮੋਦੀ ਜ਼ਿੰਮੇਵਾਰ ਹੈ।ਅਡਾਨੀਆਂ, ਅੰਬਾਨੀਆਂ ਨੂੰ 17 ਲੱਖ ਕਰੋੜ ਰੁਪਏ ਮਾਫ ਕਰਕੇ ਆਪਣੇ ਵਿਦੇਸ਼ੀ ਦੋਸਤਾਂ ਨਾਲ ਮੋਦੀ ਨੇ ਯਾਰੀ ਤਾਂ ਪੱਕੀ ਕਰ ਲਈ ਹੈ, ਪਰ ਭਾਰਤ ਦੇ ਕਰੋੜਾਂ ਲੋਕਾਂ ਨੂੰ ਦੋ ਡੰਗ ਦੀ ਰੋਟੀ ਦੇ ਮੁਥਾਜ਼ ਕਰ ਦਿੱਤਾ ਹੈ।
ਦੂਸਰੇ ਪਾਸੇ ਪੰਜਾਬ ਨੂੰ ਭਾਜਪਾ ਦੇ ‘ਕਬਜ਼ੇ’ ਵਿੱਚ ਲਿਆਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਧੋਖਾ ਹੈ। ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਦੇ ਹਰ ਖੇਤਰ ਨੂੰ ‘ਭਾਜਪਾਈ’ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾ ਪੰਜਾਬ ਦੇ ਲੋਕਾਂ ਨੂੰ ਚੌਕਸ ਕੀਤਾ ਕਿ ਪੰਜਾਬ ਵਿੱਚ ਭਾਜਪਾ ਦੇ ਮਨਸੂਬਿਆਂ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਪੰਜਾਬ ਦੇ ਲੋਕਾਂ ਲਈ ਘਾਤਕ ਹਨ।
ਪੰਜਾਬ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਉਹਨਾ ਕਿਹਾ ਕਿ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੈ। ਨਸ਼ਿਆਂ ਦਾ ਵਗਦਾ ਦਰਿਆ ਠੱਲ੍ਹਣ ਵਿੱਚ ਵੀ ਪੰਜਾਬ ਸਰਕਾਰ ਅਸਫਲ ਰਹੀ ਹੈ। ਹਰ ਰੋਜ਼ ਹੋ ਰਹੇ ਕਤਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੱਕ ਮੰਗਦੇ ਲੋਕਾਂ ‘ਤੇ ਸਰਕਾਰੀ ਡੰਡਾ ਹਰ ਰੋਜ਼ ਕਹਿਰ ਵਰਤਾਅ ਰਿਹਾ ਹੈ। ਲੁੱਟਾਂ-ਖੋਹਾਂ ਨੇ ਪੰਜਾਬ ਦਾ ਮਾਹੌਲ ਡਰ ਵਾਲਾ ਬਣਾਇਆ ਹੋਇਆ ਹੈ।
ਕਨਵੈਨਸ਼ਨ ਨੂੰ ਸੀ ਪੀ ਆਈ ਪੰਜਾਬ ਦੀ ਸਕੱਤਰੇਤ ਮੈਂਬਰ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਵੇਲੇ ਭਾਰਤੀ ਕਮਿਊਨਿਸਟ ਪਾਰਟੀ ਦੇ ਨਮਾਇੰਦਿਆਂ ਨੇ ਨਰੇਗਾ ਐਕਟ ਬਣਵਾ ਕੇ ਮਜ਼ਦੂਰ ਵਰਗ ਨੂੰ ਕੰਮ ਦਾ ਹੱਕ ਦਿਵਾਇਆ ਸੀ। ਭਾਜਪਾ ਦੀ ਕੇਂਦਰੀ ਸਰਕਾਰ ਨੇ ਨਰੇਗਾ ਦਾ ਨਾਂਅ ਬਦਲਣ ਦੇ ਬਹਾਨੇ ਮਜ਼ਦੂਰਾਂ ਦੇ ਕੰਮ ਦੇ ਹੱਕ ਨੂੰ ਖੋਹ ਲਿਆ ਹੈ। ਉਹਨਾ ਭਾਜਪਾ ਵੱਲੋਂ ਧਰਮ ਅਤੇ ਜਾਤ ਦੇ ਨਾਂਅ ਵੰਡੀਆਂ ਪਾਉਣ ਦੀ ਨੀਤੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।ਕਨਵੈਨਸ਼ਨ ਨੂੰ ਪਰਮਿੰਦਰ ਮੇਨਕਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਭੰਗਲ ਆਦਿ ਨੇ ਵੀ ਸੰਬੋਧਨ ਕੀਤਾ।ਸਟੇਜ ਸਕੱਤਰ ਦੇ ਫਰਜ਼ ਸੀ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਨਿਰੰਜਣ ਮੇਹਲੀ ਨੇ ਨਿਭਾਏ। ਇਸ ਮੌਕੇ ਹਸ਼ਮਤ ਅਲੀ, ਗੁਰਮੁਖ ਸਿੰਘ ਫਰਾਲਾ, ਅਮਰਜੀਤ ਸਿੰਘ ਮੇਹਲੀ, ਅਮਰਜੀਤ ਕੌਰ ਚੱਕ ਗੁਰੂ, ਨਰਿੰਦਰ ਕਾਲੀਆ, ਰਾਮ ਆਸਰਾ, ਦਸੌਂਧਾ ਸਿੰਘ ਰੁੜਕੀ, ਬਲਵੀਰ ਤਮਾਣਾ ਤੇ ਗੁਰਮੇਲ ਚੰਦ ਆਦਿ ਮੌਜੂਦ ਸਨ। ਕਨਵੈਨਸ਼ਨ ਉਪਰੰਤ ਨਵਾਂ ਸ਼ਹਿਰ ਦੇ ਬਾਜ਼ਾਰ ਵਿੱਚ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ।