ਆਦਿੱਤਿਆ ਦੇ ਪਰਵਾਰ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ

0
3

ਸ਼ਿਮਲਾ (ਨ ਜ਼ ਸ) : ਹਾਰਮੁਜ਼ ਜਲਡਮਰੂ ਵਿੱਚ ਐੱਮ ਟੀ ਸੈਟੇਬੇਲੋ ਜਹਾਜ਼ ‘ਤੇ ਹੋਏ ਹਮਲੇ ਵਿੱਚ ਹਮੀਰਪੁਰ ਦੇ ਆਦਿਤਿਆ ਸ਼ਰਮਾ (23) ਦੀ ਮੌਤ ਤੋਂ ਬਾਅਦ ਉਸ ਦੇ ਪਰਵਾਰ ਨੇ ਜਹਾਜ਼ ਦੀ ਕਮਾਂਡ ਤੇ ਜਹਾਜ਼ ਵਿੱਚ ਕੰਮ ਕਰਨ ਦੀਆਂ ਸਥਿਤੀਆਂ ਬਾਰੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ 9 ਜੂਨ ਦੀ ਘਟਨਾ ਤੋਂ ਪਹਿਲਾਂ ਦੇ ਹਾਲਾਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਆਦਿੱਤਿਆ ਦੇ ਪਿਤਾ ਰਾਜੇਸ਼ ਸ਼ਰਮਾ ਨੇ ਐੱਕਸ ‘ਤੇ ਇੱਕ ਪੋਸਟ ਵਿੱਚ ਦੋਸ਼ ਲਾਇਆ ਕਿ ਉਨ੍ਹਾ ਦੇ ਪੁੱਤਰ ਦਾ ਸੀਨੀਅਰ ਚਾਲਕ ਦਲ ਦੇ ਮੈਂਬਰਾਂ ਵੱਲੋਂ ਸ਼ੋਸ਼ਣ ਕੀਤਾ ਗਿਆ ਸੀ। ਆਦਿੱਤਿਆ ਨੇ ਅਪ੍ਰੈਲ ਵਿੱਚ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਨਰਕ ਵਰਗੇ ਵਾਤਾਵਰਣ ਵਿੱਚ ਧੱਕਿਆ ਗਿਆ, ਜਿੱਥੇ ਉਹ ਰੋਜ਼ਾਨਾ ਲਗਭਗ 20 ਘੰਟੇ ਦੀਆਂ ਸ਼ਿਫਟਾਂ ਵਿੱਚ ਕੰਮ ਕਰਦਾ ਸੀ। ਆਦਿੱਤਿਆ, ਜੋ ਕਿ ਪ੍ਰੋਬੇਸ਼ਨ ‘ਤੇ ਇੱਕ ਡੈੱਕ ਕੈਡੇਟ ਸੀ, ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਆਦਿੱਤਿਆ ਦੇ ਚਾਚਾ ਸੰਜੀਵ ਨੇ ਕਿਹਾ, ‘ਮੈਨੂੰ ਬੁੱਧਵਾਰ ਰਾਤ 9 ਵਜੇ ਦੇ ਕਰੀਬ ਮੇਰੇ ਭਰਾ ਦਾ ਫੋਨ ਆਇਆ ਕਿ ਆਦਿੱਤਿਆ ਲਾਪਤਾ ਹੈ। ਮੈਂ ਤੁਰੰਤ ਆਪਣੇ ਭਰਾ ਦੇ ਘਰ ਜਲੰਧਰ ਪਹੁੰਚਿਆ। ਪੂਰੀ ਰਾਤ ਅਸੀਂ ਆਦਿੱਤਿਆ ਦਾ ਪਤਾ ਲਗਾਉਣ ਲਈ ਕੰਪਨੀ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ। ਰਾਤ 1.30 ਵਜੇ ਦੇ ਕਰੀਬ ਸਾਨੂੰ ਪਤਾ ਲੱਗਾ ਕਿ ਉਹ ਹੁਣ ਨਹੀਂ ਰਿਹਾ।’ ਪਰਵਾਰ ਨੇ ਹਿਮਾਚਲ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਹਮੀਰਪੁਰ ਦੇ ਜੱਦੀ ਪਿੰਡ ਗਲੌਰ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ।