85 ਸਾਲਾ ਦਾਦੀ ਨੂੰ ਕੁੱਟ-ਕੁੱਟ ਕੇ ਮਾਰਿਆ

0
21

ਬਠਿੰਡਾ : ਇਥੋਂ ਥੋੜ੍ਹੀ ਦੂਰ ਥਾਣਾ ਨੰਦਗੜ੍ਹ ਅਧੀਨ ਪੈਂਦੇ ਪਿੰਡ ਜੰਗੀਰਾਣਾ ਵਿੱਚ ਪੋਤੇ ਵੱਲੋਂ ਆਪਣੀ ਹੀ 85 ਸਾਲਾ ਬਜ਼ੁਰਗ ਦਾਦੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਖ਼ੌਫ਼ਨਾਕ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ। ਪਿੰਡ ਦੇ ਨਿਵਾਸੀ ਸੁਖਰਾਜ ਸਿੰਘ ਅਨੁਸਾਰ ਬਜ਼ੁਰਗ ਮਾਂ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਭੱਜਾ-ਭੱਜਾ ਘਰ ਪਹੁੰਚਿਆ, ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 85 ਸਾਲਾ ਬਸੰਤ ਕੌਰ ਲਹੂ-ਲੁਹਾਨ ਹਾਲਤ ਵਿੱਚ ਤੜਫ ਰਹੀ ਸੀ ਅਤੇ ਦੋਸ਼ੀ ਪੋਤਾ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਸੁਖਰਾਜ ਨੇ ਤੁਰੰਤ ਡਾਕਟਰ ਨੂੰ ਫੋਨ ਕੀਤਾ, ਪਰ ਅਫ਼ਸੋਸ! ਜਦੋਂ ਤੱਕ ਡਾਕਟਰੀ ਸਹਾਇਤਾ ਘਰ ਪਹੁੰਚੀ, ਉਦੋਂ ਤੱਕ ਬਜ਼ੁਰਗ ਮਾਂ ਸੰਸਾਰ ਨੂੰ ਅਲਵਿਦਾ ਕਹਿ ਚੁੱਕੀ ਸੀ। ਥਾਣਾ ਨੰਦਗੜ੍ਹ ਦੇ ਸਹਾਇਕ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਖਰਾਜ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਮਹਿਕਦੀਪ ਸਿੰਘ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਜਲਦ ਹੀ ਮੁਲਜ਼ਮ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਜਾਵੇਗਾ।