ਚੰਡੀਗੜ੍ਹ : ਸ਼ਰਾਰਤੀ ਅਨਸਰਾਂ ਨੇ ਮੰਗਲਵਾਰ ਰਾਤ 1:45 ਵਜੇ ਸੈਕਟਰ 46 ਦੇ ਦੁਸਹਿਰਾ ਗਰਾਊਂਡ ’ਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਮੇਘਨਾਥ ਦਾ ਪੁਤਲਾ ਪੂਰੀ ਤਰ੍ਹਾਂ ਸੜ ਗਿਆ। ਕਮੇਟੀ ਮੈਂਬਰਾਂ ਦੇ ਸਮੇਂ ਸਿਰ ਪੁੱਜਣ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਬਚ ਗਏ। ਦੁਸਹਿਰਾ ਮੇਲੇ ਦਾ ਪ੍ਰਬੰਧ ਕਰਨ ਵਾਲੀ ਸ੍ਰੀ ਸਨਾਤਨ ਧਰਮ ਦੁਸਹਿਰਾ ਕਮੇਟੀ ਦੇ ਮੁੱਖ ਸਰਪ੍ਰਸਤ ਜਤਿੰਦਰ ਭਾਟੀਆ ਨੇ ਦੱਸਿਆ ਕਿ ਮੇਲੇ ਵਾਲੀ ਥਾਂ ’ਤੇ ਤਾਇਨਾਤ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਮੇਘਨਾਥ ਦੇ ਪੁਤਲੇ ਨੂੰ ਅੱਗ ਲੱਗ ਗਈ ਹੈ। ਜਦੋਂ ਤੱਕ ਉਹ ਉਥੇ ਪੁੱਜੇ, ਮੇਘਨਾਥ ਦੇ ਪੁਤਲੇ ਨੂੰ ਅੱਗ ਨੇ ਪੂਰੀ ਤਰ੍ਹਾਂ ਲਪੇਟ ਵਿਚ ਲੈ ਲਿਆ ਸੀ।
ਕਮੇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਫਾਰਚੂਨਰ ਸਵਾਰ ਬੰਦਿਆਂ ਨੇ ਆਤਿਸ਼ਬਾਜ਼ੀ ਚਲਾ ਕੇ ਅੱਗ ਲਾਈ। ਗਾਰਡ ਨੂੰ ਦੇਖ ਕੇ ਉਹ ਭੱਜ ਗਏ ਅਤੇ ਇਕ ਘੰਟੇ ਬਾਅਦ ਆ ਕੇ ਇਕ ਹੋਰ ਆਤਿਸ਼ਬਾਜ਼ੀ ਚਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਗਾਰਡ ਉਨ੍ਹਾਂ ਨੂੰ ਫੜਨ ਲਈ ਭੱਜਾ ਤਾਂ ਉਹ ਗੱਡੀ ਭਜਾ ਕੇ ਲੈ ਗਏ। ਪ੍ਰਬੰਧਕਾਂ ਨੇ ਪੁਲਸ ਕੋਲ ਲਿਖਾਈ ਸ਼ਿਕਾਇਤ ਵਿਚ ਗੱਡੀ ਦਾ ਨੰਬਰ ਵੀ ਲਿਖਾਇਆ ਹੈ।
ਇਥੇ ਇਲਾਕੇ ਦਾ ਸਭ ਤੋਂ ਉੱਚਾ 92 ਫੁੱਟ ਦਾ ਰਾਵਣ ਸਾੜਿਆ ਜਾਂਦਾ ਹੈ। ਕੁੰਭਕਰਨ 85 ਫੁੱਟ ਤੇ ਮੇਘਨਾਥ 82 ਫੁੱਟ ਦਾ ਹੁੰਦਾ ਹੈ। ਉਧਰ, ਡੇਰਾਬੱਸੀ ਵਿਚ ਵੀ ਮੰਗਲਵਾਰ ਰਾਤ ਇਕ ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਾ ਦਿੱਤੀ, ਜਿਸ ਨਾਲ ਪੁਤਲੇ ਨੂੰ ਨੁਕਸਾਨ ਪਹੁੰਚਿਆ। ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਲਸ਼ਨ ਸਚਦੇਵਾ ਨੇ ਦਿੱਤੀ।





