ਬਾਰਾਮੂਲਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਐਲਾਨਿਆ ਕਿ ਜੰਮੂ-ਕਸ਼ਮੀਰ ’ਚ ਵੋਟਰ ਸੂਚੀਆਂ ਤਿਆਰ ਹੋਣ ਤੋਂ ਬਾਅਦ ਚੋਣਾਂ ਪੂਰੀ ਪਾਰਦਰਸ਼ਤਾ ਨਾਲ ਕਰਵਾਈਆਂ ਜਾਣਗੀਆਂ। ਸ਼ਾਹ ਨੇ ਕਿਹਾ ਕਿ ਖੇਤਰ ’ਚ ਜਿਸ ਤਰ੍ਹਾਂ ਦੀ ਹਲਕਾਬੰਦੀ ਕੀਤੀ ਗਈ ਹੈ, ਉਸ ’ਚ ਲੋਕਾਂ ਦੀ ਪਸੰਦ ਦੇ ਨੁਮਾਇੰਦੇ ਚੁਣੇ ਜਾਣਗੇ। ਜਿਵੇਂ ਹੀ ਵੋਟਰ ਸੂਚੀਆਂ ਤਿਆਰ ਕਰਨ ਦਾ ਕੰਮ ਪੂਰਾ ਹੋ ਜਾਵੇਗਾ, ਚੋਣਾਂ ਪੂਰੀ ਪਾਰਦਰਸ਼ਤਾ ਨਾਲ ਹੋਣਗੀਆਂ। ਉਨ੍ਹਾ ਕਿਹਾ ਕਿ ਪਹਿਲਾਂ ਹਲਕਾਬੰਦੀ ਇਸ ਤਰ੍ਹਾਂ ਕੀਤੀ ਜਾਂਦੀ ਸੀ ਕਿ ਸਿਰਫ ਤਿੰਨ ਪਰਵਾਰਾਂ ਦੇ ਨੁਮਾਇੰਦੇ ਹੀ ਚੁਣੇ ਜਾਂਦੇ ਸਨ, ਪਰ ਚੋਣ ਕਮਿਸ਼ਨ ਨੇ ਜੋ ਹਲਕਾਬੰਦੀ ਹੁਣ ਕੀਤੀ ਹੈ, ਉਸ ਨਾਲ ਲੋਕਾਂ ਦੇ ਆਪਣੇ ਨੁਮਾਇੰਦੇ ਜਿੱਤਣਗੇ। ਸ਼ਾਹ ਨੇ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਬਾਰਾਮੂਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ।




