70 ਫੀਸਦੀ ਨਸ਼ੀਲੇ ਪਦਾਰਥ ਗੁਜਰਾਤ ਤੋਂ ਆਉਂਦੇ ਹਨ : ਕੇਜਰੀਵਾਲ

0
9

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੇ 70 ਫੀਸਦੀ ਨਸ਼ੀਲੇ ਪਦਾਰਥ ਗੁਜਰਾਤ ਤੋਂ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਈ ਡੀ ਪਾਰਟੀ’ (ਭਾਜਪਾ) ਦੇ ਰਾਜ ਵਿੱਚ ਗੁਜਰਾਤ ਨਸ਼ਿਆਂ ਦਾ ਗੇਟਵੇਅ ਬਣ ਗਿਆ ਹੈ। ਕੇਜਰੀਵਾਲ ਨੇ ਇਹ ਟਿੱਪਣੀਆਂ ਜਲੰਧਰ ਦੇ ਐਪੀਜੇ ਸਕੂਲ ਸਥਿਤ ਰਾਜੇਸ਼ਵਰੀ ਸਤਿਆ ਆਡੀਟੋਰੀਅਮ ਵਿਖੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ‘ਸਰਕਾਰ ਵਪਾਰ ਮਿਲਣੀ’ ਦੌਰਾਨ ਕੀਤੀਆਂ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲੀਆਂ ਪਾਰਟੀਆਂ ਦੇ ਕਾਰਨਾਮੇ ਸਭ ਦੇ ਸਾਹਮਣੇ ਹਨ, ਉੱਥੇ ਹੀ ਸਿਰਫ਼ ‘ਆਪ’ ਹੀ ਲੋਕਾਂ ਅਤੇ ਸੂਬੇ ਦੇ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਕੇਜਰੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਸੂਬੇ ਵਿੱਚ ਨਸ਼ਿਆਂ ਅਤੇ ਗੈਂਗਸਟਰਾਂ ਦਾ ਤਾਣਾ-ਬਾਣਾ ਪਿਛਲੀਆਂ ਲਗਾਤਾਰ ਰਹੀਆਂ ਪਾਰਟੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਭਾਜਪਾ ‘ਤੇ ਸੂਬੇ ਵਿੱਚ ਈਡੀ ਰਾਹੀਂ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੁਹਰਾਇਆ ਕਿ ‘ਆਪ’ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਤੱਕ ਪਹੁੰਚ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ 70 ਫੀਸਦੀ ਨਸ਼ਾ ਅਤੇ ਚਿੱਟਾ ਗੁਜਰਾਤ ਤੋਂ ਆ ਰਿਹਾ ਹੈ। ਜਦੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਸੀ, ਤਾਂ 70 ਫੀਸਦੀ ਨਸ਼ਾ ਪਾਕਿਸਤਾਨ ਤੋਂ ਅਤੇ 30 ਫੀਸਦੀ ਗੁਜਰਾਤ ਤੋਂ ਆ ਰਿਹਾ ਸੀ। ਪਰ ਅਸੀਂ ਸਖ਼ਤ ਕਦਮ ਚੁੱਕੇ ਅਤੇ ਬਿਹਤਰ ਪੁਲੀਸ ਪ੍ਰਬੰਧਾਂ ਤੇ ਐਂਟੀ-ਡਰੋਨ ਕਾਰਵਾਈਆਂ ਸਦਕਾ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਨੂੰ ਕਾਫੀ ਹੱਦ ਤੱਕ ਨੱਥ ਪਾਈ ਹੈ। ਆਪਣੇ ਦਾਅਵਿਆਂ ਨੂੰ ਸਹੀ ਸਾਬਤ ਕਰਨ ਲਈ ਉਨ੍ਹਾਂ ਨੇ ਮੁੰਦਰਾ ਬੰਦਰਗਾਹ (ਪੋਰਟ) ‘ਤੇ 21,000 ਕਰੋੜ ਰੁਪਏ ਦੀ ਕੀਮਤ ਵਾਲੇ 3,000 ਕਿਲੋ ਨਸ਼ੀਲੇ ਪਦਾਰਥ ਫੜੇ ਜਾਣ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਗ ਦੀ ਉਸ ਰਿਪੋਰਟ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਗੁਜਰਾਤ ਅੰਦਰ 2,200 ਕਿਲੋ ਨਸ਼ਾ ਚੂਹੇ ਖਾ ਗਏ ਸਨ। ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਲਗਪਗ ਸਾਰੇ ਗੈਂਗਸਟਰ, ਪਿਛਲੀਆਂ ਪਾਰਟੀਆਂ ਦੇ ਆਗੂਆਂ ਦੇ ਗੁਰਗੇ, ਸਾਥੀ, ਕਰੀਬੀ ਜਾਂ ਰਿਸ਼ਤੇਦਾਰ ਹਨ। ਪਰ ‘ਆਪ’ ਗੈਂਗਸਟਰਾਂ ਦਾ ਸਫਾਇਆ ਕਰ ਰਹੀ ਹੈ। ਪਹਿਲੀ ਵਾਰ ‘ਆਪ’ ਨੇ ਸੱਤ ਦੇਸ਼ਾਂ ਤੋਂ 7 ਗੈਂਗਸਟਰਾਂ ਨੂੰ ਡਿਪੋਰਟ ਕਰਵਾਇਆ ਹੈ। ਸਿਰਫ਼ ਇੱਕ ਬਚਿਆ ਹੈ – ਲਾਰੈਂਸ ਬਿਸ਼ਨੋਈ। ਉਹ ਸਾਬਰਮਤੀ ਜੇਲ੍ਹ ਵਿੱਚ ਬੈਠਾ ਹੈ। ਉਹ ਈ ਡੀ ਪਾਰਟੀ ਦਾ ‘ਦਾਮਾਦ’ (ਜਵਾਈ) ਹੈ ਅਤੇ ਉਨ੍ਹਾਂ ਵੱਲੋਂ ਉਸ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ।